ਕਲਾਨੌਰ ਦੇ ਨੌਜਵਾਨ ਰੰਮੀ ਦੀ ਇਟਲੀ 'ਚ ਗੁਰਦੁਆਰੇ ਬਾਹਰ ਗੋਲ਼ੀ ਲੱਗਣ ਨਾਲ ਮੌਤ, ਇਲਾਕੇ 'ਚ ਸੋਗ ਦੀ ਲਹਿਰ
ਇੱਥੇ ਦੱਸਣਯੋਗ ਹੈ ਕਿ ਰਜਿੰਦਰ ਸਿੰਘ ਰੰਮੀ ਪਿੰਡ ਦਰਗਾਬਾਦ ਦੇ ਸਾਬਕਾ ਸਰਪੰਚ ਅਮਰੀਕ ਸਿੰਘ ਦੇ ਪੁੱਤਰ ਸਨ ਜੋ ਪਿਛਲੇ ਲੰਮੇ ਸਮੇਂ ਤੋਂ ਇਟਲੀ ਵਿੱਚ ਪੱਕੇ ਤੌਰ 'ਤੇ ਰਹਿ ਰਹੇ ਸਨ ਅਤੇ ਜੋ ਬਿਜ਼ਨਸਮੈਨ ਅਤੇ ਧਾਰਮਿਕ ਸ਼ਖਸੀਅਤ ਵਜੋਂ ਪ੍ਰਸਿੱਧ ਸਨ।
Publish Date: Sun, 19 Apr 2026 12:38 PM (IST)
Updated Date: Sun, 19 Apr 2026 12:41 PM (IST)

ਸੁਖਦੇਵ ਸਿੰਘ/ਅਰਲੀਭੰਨ, ਪੰਜਾਬੀ ਜਾਗਰਣ, ਬਟਾਲਾ/ਕਲਾਨੌਰ: ਇਟਲੀ ਦੇ ਗੁਰਦੁਆਰਾ ਮਾਤਾ ਸਾਹਿਬ ਕੌਰ ਵਿੱਚ ਨਿਕਲ ਰਹੇ ਨਗਰ ਕੀਰਤਨ ਤੋਂ ਪਹਿਲਾਂ ਕੁਝ ਅਣਪਛਾਤਿਆਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਕਰਕੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਦਰਗਾਬਾਦ ਦੇ ਜੰਮਪਲ ਰਜਿੰਦਰ ਸਿੰਘ ਰੰਮੀ ਪ੍ਰਬੰਧਕ ਗੁਰਦੁਆਰਾ ਮਾਤਾ ਸਾਹਿਬ ਕੌਰ ਅਤੇ ਮੋਰਿੰਡਾ ਦੇ ਪਿੰਡ ਕਲਹੇੜੀ ਨਾਲ ਸੰਬੰਧਿਤ ਗੁਰਮੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇੱਥੇ ਦੱਸਣਯੋਗ ਹੈ ਕਿ ਰਜਿੰਦਰ ਸਿੰਘ ਰੰਮੀ ਪਿੰਡ ਦਰਗਾਬਾਦ ਦੇ ਸਾਬਕਾ ਸਰਪੰਚ ਅਮਰੀਕ ਸਿੰਘ ਦੇ ਪੁੱਤਰ ਸਨ ਜੋ ਪਿਛਲੇ ਲੰਮੇ ਸਮੇਂ ਤੋਂ ਇਟਲੀ ਵਿੱਚ ਪੱਕੇ ਤੌਰ 'ਤੇ ਰਹਿ ਰਹੇ ਸਨ ਅਤੇ ਜੋ ਬਿਜ਼ਨਸਮੈਨ ਅਤੇ ਧਾਰਮਿਕ ਸ਼ਖਸੀਅਤ ਵਜੋਂ ਪ੍ਰਸਿੱਧ ਸਨ। ਇਸ ਇਲਾਕੇ ਦੇ ਹੋਣਹਾਰ ਨੌਜਵਾਨ ਰਜਿੰਦਰ ਸਿੰਘ ਰੰਮੀ ਦੀ ਮੌਤ ਦੀ ਖ਼ਬਰ ਪਿੰਡ ਪੁੱਜਣ ਤੇ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ । ਇਟਲੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਸ਼ੁੱਕਰਵਾਰ ਰਾਤ 12 ਵਜੇ ਕਰੀਬ ਦੀਆਂ ਨਗਰ ਕੀਰਤਨ ਦੀਆਂ ਤਿਆਰੀਆਂ ਕਰਕੇ ਗੁਰਦੁਆਰੇ ਦੇ ਬਾਹਰ ਆਪਣੀ ਦੁਕਾਨ ਅੱਗੇ ਖੜ੍ਹੇ ਸਨ ਅਤੇ ਅਚਾਨਕ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਨਾਲ ਹਫੜਾ-ਦਫੜੀ ਮਚ ਗਈ ਅਤੇ ਗੋਲੀਆਂ ਲੱਗਣ ਕਾਰਨ ਰਜਿੰਦਰ ਸਿੰਘ ਰਮੀ ਦਰਗਾਬਾਦ ਅਤੇ ਗੁਰਮੀਤ ਸਿੰਘ ਕਲਹੇੜੀ ਦੀ ਮੌਕੇ 'ਤੇ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਨਗਰ ਕੀਰਤਨ ਰੱਦ ਕਰ ਦਿੱਤਾ ਗਿਆ ਹੈ ਪੁਲਿਸ ਵੱਲੋਂ ਪੁੱਛਗਿੱਛ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ । ਇੱਥੇ ਦੱਸਣ ਯੋਗ ਹੈ ਕਿ ਰਜਿੰਦਰ ਸਿੰਘ ਰੰਮੀ ਦੇ ਤਿੰਨ ਪੁੱਤਰ ਹਨ । ਰਜਿੰਦਰ ਸਿੰਘ ਦੀ ਮੌਤ ਤੇ ਉਨ੍ਹਾਂ ਦੇ ਪਿਤਾ ਸਾਬਕਾ ਸਰਪੰਚ ਅਮਰੀਕ ਸਿੰਘ ਨਾਲ ਇਲਾਕੇ ਦੀਆਂ ਸ਼ਖਸੀਅਤਾਂ ਵੱਲੋਂ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।