ਪੰਜਾਬ ’ਚ ਹੜ੍ਹਾਂ ਨਾਲ ਹੋਈ ਭਾਰੀ ਤਬਾਹੀ ਪਿੱਛੇ ਹੈ ਅੰਨ੍ਹੇਵਾਹ ਨਾਜਾਇਜ਼ ਮਾਈਨਿੰਗ, ਚੱਕੀ ਦਰਿਆ ’ਤੇ ਬਣਿਆ ਰੇਲਵੇ ਦਾ ਇਕ ਪੁਲ ਦਰਿਆ ’ਚ ਸਮਾਇਆ, ਦੂਜੇ ’ਤੇ ਆਵਾਜਾਈ ਬੰਦ
ਸਰਹੱਦੀ ਜ਼ਿਲ੍ਹਿਆਂ ’ਚ ਵੀ ਨਾਜਾਇਜ਼ ਮਾਈਨਿੰਗ ਜ਼ੋਰਾਂ ’ਤੇ ਹੋਣ ਨਾਲ ਇੱਥੇ ਉਨ੍ਹਾਂ ਇਲਾਕਿਆਂ ’ਚ ਵੀ ਹੜ੍ਹ ਆ ਗਿਆ ਹੈ ਜਿੱਥੇ ਕਦੇ ਪਾਣੀ ਨਹੀਂ ਪਹੁੰਚਦਾ ਸੀ।
Publish Date: Sun, 31 Aug 2025 08:27 AM (IST)
Updated Date: Sun, 31 Aug 2025 08:32 AM (IST)
ਜਤਿੰਦਰ ਸ਼ਰਮਾ, ਜਾਗਰਣ, ਪਠਾਨਕੋਟ: ਪੰਜਾਬ ’ਚ ਰਾਵੀ, ਬਿਆਸ ਤੇ ਸਤਲੁਜ ਦਰਿਆ ’ਚ ਉਫਾਨ ਦੇ ਕਾਰਨ ਅੱਠ ਜ਼ਿਲ੍ਹਿਆਂ ’ਚ ਆਏ ਹੜ੍ਹ ਨਾਲ ਹੋ ਰਹੀ ਤਬਾਹੀ ਦਾ ਇਕ ਵੱਡਾ ਕਾਰਨ ਇਨ੍ਹਾਂ ਇਲਾਕਿਆਂ ’ਚ ਹੋਣ ਵਾਲੀ ਨਾਜਾਇਜ਼ ਮਾਈਨਿੰਗ ਵੀ ਹੈ। ਨਾਜਾਇਜ਼ ਮਾਈਨਿੰਗ ਦੇ ਕਾਰਨ ਹੀ ਦਰਿਆਵਾਂ ਦੇਪਾਣੀ ਨੇ ਆਪਣਾ ਰੁਖ ਬਦਲਿਆ ਤੇ ਇਸ ਨਾਲ ਜਿੱਥੇ ਇਕ ਪਾਸੇ ਸਰਹੱਦੀ ਇਲਾਕੇ ’ਚ ਹੜ੍ਹ ਦੇ ਕਾਰਨ ਕਈ ਪਿੰਡਾਂ ’ਚ ਪਾਣੀ ਭਰ ਗਿਆ ਤੇ ਲੋਕਾਂ ਨੂੰ ਭਾਰੀ ਨੁਕਸਾਨ ਹੋਇਆ, ਉੱਥੇ ਪਠਾਨਕੋਟ ਦੇ ਚੱਕੀ ਪੁਲ ਦੇ ਨਾਲ ਲੱਗਦੇ ਮੁਹੱਲੇ ਵੀ ਇਸਦੀ ਲਪੇਟ ’ਚ ਆ ਗਏ ਤੇ ਖਾਰ ਲੱਗਣ ਦੇ ਕਾਰਨ ਕਈ ਘਰ ਤਬਾਹ ਹੋ ਗਏ। ਸਰਹੱਦੀ ਜ਼ਿਲ੍ਹਿਆਂ ’ਚ ਵੀ ਨਾਜਾਇਜ਼ ਮਾਈਨਿੰਗ ਜ਼ੋਰਾਂ ’ਤੇ ਹੋਣ ਨਾਲ ਇੱਥੇ ਉਨ੍ਹਾਂ ਇਲਾਕਿਆਂ ’ਚ ਵੀ ਹੜ੍ਹ ਆ ਗਿਆ ਹੈ ਜਿੱਥੇ ਕਦੇ ਪਾਣੀ ਨਹੀਂ ਪਹੁੰਚਦਾ ਸੀ।
ਖਾਸ ਗੱਲ ਇਹ ਹੈ ਕਿ ਸਰਹੱਦ ’ਤੇ ਹੋ ਰਹੀ ਨਾਜਾਇਜ਼ ਮਾਈਨਿੰਗ ਨਾਲ ਦੇਸ਼ ਦੀ ਸੁਰੱਖਿਆ ਵੀ ਖਤਰੇ ’ਚ ਪੈ ਗੀ ਹੈ। ਇਸੇ ਕਾਰਨ ਇਹ ਮਾਮਲਾ ਹਾਈ ਕੋਰਟ ਵੀ ਪਹੁੰਚ ਚੁੱਕਾ ਹੈ। ਕੋਰਟ ’ਚ ਮਾਮਲਾ ਚੱਲਣ ਦੇ ਬਾਵਜੂਦ ਕੁਝ ਸਿਆਸਤਦਾਨਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਅੱਜ ਵੀ ਨਾਜਾਇਜ਼ ਮਾਈਨਿੰਗ ਲਗਾਤਾਰ ਜਾਰੀ ਹੈ। ਨਾਜਾਇਜ਼ ਮਾਈਨਿੰਗ ਦੇ ਕਾਰਨ ਹੀ ਪਠਾਨਕੋਟ ਦੇ ਚੱਕੀ ਦਰਿਆ ’ਤੇ ਬਣਿਆ ਰੇਲਵੇ ਦਾ ਇਕ ਪੁਲ ਦਰਿਆ ’ਚ ਸਮਾ ਗਿਆ ਤੇ ਦੂਜੇ ਪੁਲ +’ਤੇ ਸੱਤ ਦਿਨਾਂ ਤੋਂ ਵਾਹਨਾਂ ਦੀ ਆਵਾਜਾਈ ਬੰਦ ਹੈ। ਹਿਮਾਚਲ ਪ੍ਰਦੇਸ਼ ਨੂੰ ਪੰਜਾਬ ਨਾਲ ਜੋੜਨ ਵਾਲਾ ਚੱਕੀ ਪੜਾਅ ਪੁਲ ਵੀ ਤਿੰਨ ਸਾਲ ਪਹਿਲਾਂ ਨਾਜਾਇਜ਼ ਮਾਈਨਿੰਗ ਦੀ ਭੇਟ ਚੜ੍ਹ ਗਿਆ ਸੀ ਜਦੋਂ ਉਸਦੇ ਪਿਲਰ ਪਾਣੀ ਦੇ ਵਹਾਅ ’ਚ ਰੁੜ੍ਹ ਗਏ ਸਨ। ਬਾਅਦ ’ਚ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਇਸ ’ਤੇ ਰੇਲਵੇ ਆਵਾਜਾਈ ਬੰਦ ਕਰ ਦਿੱਤੀ ਗਈ ਜਿਹੜੀ ਅੱਜ ਤੱਕ ਦੁਬਾਰਾ ਸ਼ੁਰੂ ਨਹੀਂ ਹੋ ਸਕੀ।