ਪੰਜਾਬ ਦੇ ਇਸ ਜ਼ਿਲ੍ਹੇ 'ਚ ਦੇਰ ਰਾਤ ਚੱਲੀਆਂ ਤਾੜ-ਤਾੜ ਗੋਲੀਆਂ, ਗੱਡੀ ਲੰਘਾਉਣ ਲਈ ਮੰਗਿਆ ਸੀ ਰਸਤਾ; ਦੋ ਜ਼ਖਮੀ
ਸ਼ੁੱਕਰਵਾਰ ਦੀ ਦੇਰ ਰਾਤ ਬਟਾਲਾ ਦੇ ਸਟਾਫ ਰੋਡ 'ਤੇ ਗੱਡੀ ਲੰਘਾਉਣ ਲਈ ਰਸਤਾ ਮੰਗਣ ਉੱਤੇ ਦੋ ਧਿਰਾਂ ਵਿੱਚ ਤਕਰਾਰ ਹੋ ਗਿਆ। ਇਸ ਦੌਰਾਨ ਇੱਕ ਧਿਰ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ। ਗੋਲੀ ਕਾਂਡ 'ਚ ਦੋ ਨੌਜਵਾਨ ਜ਼ਖਮੀ ਹੋ ਗਏ ਹਨ, ਜਿਨਾਂ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ।
Publish Date: Sat, 06 Dec 2025 09:31 AM (IST)
Updated Date: Sat, 06 Dec 2025 09:33 AM (IST)

ਸੁਖਦੇਵ ਸਿੰਘ/ਰਾਜਨ ਤ੍ਰੇਹਨ, ਪੰਜਾਬੀ ਜਾਗਰਣ, ਬਟਾਲਾ - ਸ਼ੁੱਕਰਵਾਰ ਦੀ ਦੇਰ ਰਾਤ ਬਟਾਲਾ ਦੇ ਸਟਾਫ ਰੋਡ 'ਤੇ ਗੱਡੀ ਲੰਘਾਉਣ ਲਈ ਰਸਤਾ ਮੰਗਣ ਉੱਤੇ ਦੋ ਧਿਰਾਂ ਵਿੱਚ ਤਕਰਾਰ ਹੋ ਗਿਆ। ਇਸ ਦੌਰਾਨ ਇੱਕ ਧਿਰ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ। ਗੋਲੀ ਕਾਂਡ 'ਚ ਦੋ ਨੌਜਵਾਨ ਜ਼ਖਮੀ ਹੋ ਗਏ ਹਨ, ਜਿਨਾਂ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ।
ਜ਼ਖਮੀ ਨੌਜਵਾਨਾਂ ਦੀ ਪਛਾਣ ਚੰਦਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਮੁਰਗੀ ਮੁਹੱਲਾ ਬਟਾਲਾ ਅਤੇ ਸੌਰਵ ਭਗਤ ਪੁੱਤਰ ਰਾਜਿੰਦਰ ਕੁਮਾਰ ਵਾਸੀ ਭੁੱਲਰ ਰੋਡ ਬਟਾਲਾ ਵਜੋਂ ਹੋਈ ਹੈ। ਗੋਲੀ ਲੱਗਣ ਨਾਲ ਜ਼ਖਮੀ ਹੋਏ ਨੌਜਵਾਨ ਚੰਦਨ ਕੁਮਾਰ ਦੇ ਪਿਤਾ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਉਸਦੇ ਪੁੱਤਰ ਦਾ ਫੋਨ ਆਇਆ ਸੀ ਕਿ ਉਸਨੂੰ ਗੋਲੀ ਲੱਗ ਗਈ ਹੈ। ਉਸ ਨੇ ਦੱਸਿਆ ਕਿ ਸਿਵਲ ਹਸਪਤਾਲ ਬਟਾਲਾ ਚ ਆਣ ਕੇ ਪਤਾ ਲੱਗਾ ਕਿ ਉਸਦਾ ਪੁੱਤਰ ਚੰਦਨ ਅਤੇ ਸੌਰਵ ਆਪਣੇ ਕੰਮ ਤੋਂ ਵਾਪਸ ਘਰ ਨੂੰ ਆ ਰਹੇ ਸਨ ਕਿ ਸਟਾਫ ਰੋਡ 'ਤੇ ਰਾਹ 'ਚ ਗੱਡੀ ਖੜੋਤੀ ਸੀ ਜਦੋਂ ਉਨ੍ਹਾਂ ਕੋਲੋਂ ਰਸਤਾ ਮੰਗਿਆ ਤਾਂ ਗੱਡੀ ਸਵਾਰ ਨੌਜਵਾਨਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਦੱਸਿਆ ਕਿ ਚੰਦਨ ਅਤੇ ਸੌਰਵ ਦੇ ਪੱਟਾਂ ਅਤੇ ਲੱਤਾਂ 'ਚ ਗੋਲੀਆਂ ਲੱਗੀਆਂ ਹਨ। ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ ਅਤੇ ਉਨ੍ਹਾਂ ਨੂੰ ਗੋਲੀਆਂ ਚਲਾਉਣ ਵਾਲਿਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।
ਸਿਵਲ ਹਸਪਤਾਲ ਬਟਾਲਾ ਦੇ ਐਮਰਜੈਂਸੀ ਵਾਰਡ ਦੇ ਡਾਕਟਰ ਨੇ ਕਿਹਾ ਕਿ ਗੋਲੀ ਲੱਗਣ ਨਾਲ ਜ਼ਖਮੀ ਦੋ ਨੌਜਵਾਨ ਇਲਾਜ ਲਈ ਹਸਪਤਾਲ ਆਏ ਸੀ, ਜਿਨ੍ਹਾਂ ਨੂੰ ਫਸਟ ਏਡ ਦੇ ਕੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਉਧਰ ਉਕਤ ਮਾਮਲੇ ਦੀ ਜਾਂਚ ਸਿਵਲ ਲਾਈਨ ਥਾਣੇ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।