ਪੰਜਾਬ-ਹਿਮਾਚਲ ਸਰਹੱਦ ਦੇ ਨਾਲ ਲੱਗਦੇ ਇਲਾਕਿਆਂ ਵਿਚ ਦੇਵਤਿਆਂ ਦੇ ਕਈ ਧਾਰਮਿਕ ਸਥਾਨ ਮੌਜੂਦ ਹਨ, ਕਾਠਗੜ੍ਹ ਮੰਦਰ ਵੀ ਇਨ੍ਹਾਂ ਵਿੱਚੋਂ ਇਕ ਹੈ। ਇੱਥੇ ਸਥਾਪਤ ਸ਼ਿਵਲਿੰਗ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਹੈ। ਇਹ ਸੰਸਾਰ ਦਾ ਇੱਕੋ ਇੱਕ ਸ਼ਿਵਲਿੰਗ ਹੈ, ਜੋ ਦੋ ਹਿੱਸਿਆਂ ਵਿਚ ਤਕਸੀਮ ਹੋਇਆ ਹੈ।

ਜਾ.ਸ, ਘਰੋਟਾ : ਪੰਜਾਬ-ਹਿਮਾਚਲ ਸਰਹੱਦ ਦੇ ਨਾਲ ਲੱਗਦੇ ਇਲਾਕਿਆਂ ਵਿਚ ਦੇਵਤਿਆਂ ਦੇ ਕਈ ਧਾਰਮਿਕ ਸਥਾਨ ਮੌਜੂਦ ਹਨ, ਕਾਠਗੜ੍ਹ ਮੰਦਰ ਵੀ ਇਨ੍ਹਾਂ ਵਿੱਚੋਂ ਇਕ ਹੈ। ਇੱਥੇ ਸਥਾਪਤ ਸ਼ਿਵਲਿੰਗ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਹੈ। ਇਹ ਸੰਸਾਰ ਦਾ ਇੱਕੋ ਇੱਕ ਸ਼ਿਵਲਿੰਗ ਹੈ, ਜੋ ਦੋ ਹਿੱਸਿਆਂ ਵਿਚ ਤਕਸੀਮ ਹੋਇਆ ਹੈ। ਇਸ ਵਿਚ ਇਕ ਹਿੱਸੇ ਵਿਚ ਭਗਵਾਨ ਸ਼ਿਵ ਤੇ ਦੂਜੇ ਹਿੱਸੇ ਵਿਚ ਮਾਤਾ ਪਾਰਵਤੀ ਦੀ ਪੂਜਾ ਕੀਤੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਗ੍ਰਹਿਆਂ ਤੇ ਨਛੱਤਰਾਂ ਦੇ ਬਦਲਣ ਨਾਲ ਇਨ੍ਹਾਂ ਦੇ 2 ਹਿੱਸਿਆਂ ਵਿਚਲਾ ਫ਼ਾਸਲਾ ਵਧਦਾ ਤੇ ਘੱਟਦਾ ਰਹਿੰਦਾ ਹੈ। ਇੱਥੇ ਹਰ ਸਾਲ ਹਜ਼ਾਰਾਂ ਲੋਕ ਮੱਥਾ ਟੇਕਣ ਆਉਂਦੇ ਹਨ। ਇਹ ਮੰਦਰ ਮੀਰਥਲ ਬੱਸ ਸਟੈਂਡ ਤੋਂ ਕਰੀਬ 4 ਕਿਲੋਮੀਟਰ ਦੀ ਦੂਰੀ ’ਤੇ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਪੈਂਦਾ ਹੈ। ਦਰਿਆ ਬਿਆਸ ਦੇ ਨਾਲ ਲੱਗਦੇ ਇਸ ਮੰਦਰ ਦੇ ਮਨਮੋਹਕ ਨਜ਼ਾਰੇ ਦੂਰ-ਦੂਰ ਤੋਂ ਸ਼ਰਧਾਲੂਆਂ ਨੂੰ ਆਕਰਸ਼ਤ ਕਰਦੇ ਹਨ। ਹਰ ਸਾਲ ਸ਼ਿਵਰਾਤਰੀ ਮੌਕੇ ’ਤੇ 3 ਰੋਜ਼ਾ ਮੇਲਾ ਲਾਇਆ ਜਾਂਦਾ ਹੈ, ਜਿਸ ਵਿਚ ਪੰਜਾਬ ਤੋਂ ਇਲਾਵਾ ਗੁਆਂਢੀ ਸੂਬਿਆਂ ਤੋਂ ਸ਼ਰਧਾਲੂ ਹਾਜ਼ਰੀ ਭਰਨ ਲਈ ਆਉਂਦੇ ਹਨ। ਇਸ ਤੋਂ ਇਲਾਵਾ ਸਾਉਣ ਮਹੀਨੇ, ਰਾਮਨੌਮੀ, ਨਰਾਤੇ, ਜਨਮ ਅਸ਼ਟਮੀ ਤੇ ਹੋਰ ਤਿਓਹਾਰਾਂ ਮੌਕੇ ਵੀ ਇਸ ਮੰਦਰ ਵਿਚ ਪ੍ਰੋਗਰਾਮ ਕਰਵਾਏ ਜਾਂਦੇ ਹਨ।
ਲੋਕਾਂ ਦੀ ਪੁਰਾਤਨ ਮਾਨਤਾ
ਕਾਠਗੜ੍ਹ ਮੰਦਰ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਪਦਮ ਕਲਪ (ਯੁੱਗਾਂ ਦਾ ਜੋੜ) ਦੇ ਅਰੰਭ ਵਿਚ ਇਕ ਵਾਰ ਬ੍ਰਹਮਾ ਤੇ ਭਗਵਾਨ ਵਿਸ਼ਨੂੰ ਦਰਮਿਆਨ ਸਰਬੋਤਮ ਹੋਣ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਕਾਰਨ ਭਿਆਨਕ ਲੜਾਈ ਸ਼ੁਰੂ ਹੋ ਗਈ। ਦੋਵੇਂ ਦੈਵੀ ਹਥਿਆਰਾਂ ਨਾਲ ਲੜਨ ਲੱਗੇ। ਇਹ ਦੇਖ ਕੇ ਭਗਵਾਨ ਸ਼ਿਵ ਉੱਥੇ ਆਦਿ ਅਨੰਤ ਜਯੋਤੀ ਥੰਮ੍ਹ ਦੇ ਰੂਪ ਵਿਚ ਪ੍ਰਗਟ ਹੋਏ। ਇਸ ਕਾਰਨ ਦੋਵਾਂ ਦੇਵਤਿਆਂ ਦੇ ਅਲੌਕਿਕ ਸ਼ਸਤਰ ਸ਼ਾਂਤ ਹੋ ਗਏ। ਇਸ ਤੋਂ ਬਾਅਦ ਦੋਵੇਂ ਦੇਵਤਾ ਥੰਮ੍ਹ ਦੇ ਮੂਲ ਰੂਪ ਨੂੰ ਜਾਣਨ ਵਿਚ ਰੁੱਝ ਗਏ ਸਨ। ਭਗਵਾਨ ਵਿਸ਼ਨੂੰ ਸ਼ੁੱਕਰ ਦਾ ਰੂਪ ਲੈ ਕੇ ਪਾਤਾਲ ਨੂੰ ਗਏ ਪਰ ਉਨ੍ਹਾਂ ਨੂੰ ਥੰਮ੍ਹ ਦਾ ਆਖ਼ਰੀ ਸਿਰਾ ਨਹੀਂ ਮਿਲਿਆ। ਉੱਥੇ ਭਗਵਾਨ ਬ੍ਰਹਮਾ ਅੰਬਰਾਂ ਤੋਂ ਇਕ ਫੁੱਲ ਲਿਆਏ ਤੇ ਭਗਵਾਨ ਵਿਸ਼ਨੂੰ ਨੂੰ ਕਿਹਾ ਕਿ ਮੈਂ ਥੰਮ੍ਹ ਦਾ ਸਿਰਾ ਲੱਭ ਲਿਆ ਹੈ ਤੇ ਇਹਦੇ ਉੱਪਰ ਕੇਤਕੀ ਦਾ ਫੁੱਲ ਹੈ। ਇਹ ਦੇਖ ਕੇ ਭਗਵਾਨ ਸ਼ਿਵ ਉੱਥੇ ਪ੍ਰਗਟ ਹੋਏ ਤੇ ਭਗਵਾਨ ਵਿਸ਼ਨੂੰ ਨੇ ਉਨ੍ਹਾਂ ਦੇ ਚਰਨ ਫੜ ਲਏ। ਤਦ ਭਗਵਾਨ ਸ਼ੰਕਰ ਨੇ ਕਿਹਾ, ‘‘ਤੁਸੀਂ ਦੋਵੇਂ ਬਰਾਬਰ ਹੋ’’। ਉਦੋਂ ਤੋਂ ਅਗਨੀ ਵਰਗਾ ਥੰਮ੍ਹ ਨੂੰ ਕਾਠਗੜ੍ਹ ਵਜੋਂ ਜਾਣਿਆ ਜਾਣ ਲੱਗਾ। ਇਕ ਹੋਰ ਮਾਨਤਾ ਅਨੁਸਾਰ, ਭਗਵਾਨ ਰਾਮ ਦਾ ਭਰਾ ਭਰਤ, ਜਦੋਂ ਵੀ ਆਪਣੇ ਨਾਨਕੇ ਨੂੰ ਮਿਲਣ ਜਾਂਦਾ ਸੀ ਤਾਂ ਕਾਠਗੜ੍ਹ ਵਿਚ ਸ਼ਿਵਲਿੰਗ ਦੀ ਪੂਜਾ ਕਰਦਾ ਸੀ।
ਕਾਠਗੜ੍ਹ ਮੰਦਰ ਬਾਰੇ ਕਿਹਾ ਜਾਂਦਾ ਹੈ ਕਿ ਆਲਮੀ ਜੇਤੂ ਸਿੰਕਦਰ ਵੀ ਇਸ ਸਥਾਨ ਤੋਂ ਬਹੁਤ ਪ੍ਰਭਾਵਤ ਸੀ। ਉਸ ਨੇ ਇੱਥੇ ਜ਼ਮੀਨ ਪੱਧਰੀ ਕਰਵਾ ਕੇ ਚਾਰਦੀਵਾਰੀ ਬਣਵਾਈ। ਇਸ ਚਾਰਦੀਵਾਰੀ ਦੇ ਬਿਆਸ ਦਰਿਆ ਵਾਲੇ ਪਾਸੇ ਅੱਠ-ਕੋਣੇ ਚਬੂਤਰੇ ਬਣਾਵਾਏ, ਜੋ ਇੱਥੇ ਮੌਜੂਦ ਹਨ। ਫਿਰ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਗੱਦੀ ਸੰਭਾਲੀ ਤਾਂ ਉਨ੍ਹਾਂ ਨੇ ਇੱਥੇ ਮੰਦਰ ਬਣਵਾਇਆ। ਸ਼ਰਧਾਲੂਆਂ ਮੁਤਾਬਕ ਇੱਥੇ ਸਥਿਤ ਦਿਵਯ ਸ਼ਿਵਲਿੰਗ ਸ਼ਿਵਰਾਤਰੀ ਮੌਕੇ ਪ੍ਰਗਟ ਹੋਇਆ ਸੀ। ਇਸ ਲਈ ਸ਼ਿਵਲਿੰਗ ਦੇ ਦੋਵੇਂ ਹਿੱਸੇ ਚੰਦਰਮਾ ਦੀ ਗਤੀ ਨਾਲ ਨੇੜੇ ਆਉਂਦੇ ਹਨ ਤੇ ਦੂਰ ਚਲੇ ਜਾਂਦੇ ਹਨ। ਉਨ੍ਹਾਂ ਦੇ ਮਿਲਣ ਨੂੰ ਸ਼ਿਵਰਾਤਰੀ ਦਾ ਦਿਨ ਮੰਨਿਆ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਇੱਥੇ ਹਰ ਸਾਲ ਸ਼ਿਵਰਾਤਰੀ ਦੇ ਮੌਕੇ ’ਤੇ ਤਿੰਨ ਦਿਨ ਵਾਹਵਾ ਵੱਡਾ ਮੇਲਾ ਲਾਇਆ ਜਾਂਦਾ ਹੈ। ਦੂਜੇ ਪਾਸੇ ਮੰਦਰ ਕਮੇਟੀ ਦੇ ਪ੍ਰਧਾਨ ਓਮ ਪ੍ਰਕਾਸ਼ ਕਟੋਚ, ਕ੍ਰਿਸ਼ਨ ਗੋਪਾਲ ਸ਼ਰਮਾ, ਸੁਰਿੰਦਰ ਕੁਮਾਰ ਤੇ ਜਨਕ ਰਾਜ ਤੇ ਹੋਰ ਅਧਿਕਾਰੀਆਂ ਨੇ ਦੱਸਿਆ ਕਿ ਮੰਦਰ ਕਮੇਟੀ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਹਰ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਹਨ।