ਬਰਗਰ ਏਰਾ ਰੈਸਟੋਰੈਂਟ ਵਿੱਚ ਹੋਈ ਗੁੰਡਾਗਰਦੀ , ਤਿੰਨ ਜ਼ਖਮੀ
ਬਰਗਰ ਏਰਾ ਰੈਸਟੋਰੈਂਟ ਵਿੱਚ ਹੋਈ ਗੁੰਡਾਗਰਦੀ , ਤਿੰਨ ਜ਼ਖਮੀ
Publish Date: Thu, 27 Nov 2025 05:48 PM (IST)
Updated Date: Thu, 27 Nov 2025 05:50 PM (IST)

ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਬੁੱਧਵਾਰ ਦੇਰ ਰਾਤ ਧਰਮਪੁਰਾ ਕਲੋਨੀ ਸਥਿਤ ਬਰਗਰ ਏਰਾ ਰੈਸਟੋਰੈਂਟ ਵਿੱਚ ਤੇਜਧਾਰ ਹਥਿਆਰਾਂ ਨਾਲ ਕੁਝ ਨੌਜਵਾਨਾਂ ਨੇ ਰੈਸਟੋਰੈਂਟ ਦੇ ਮਾਲਕ ਅਤੇ ਸਟਾਫ ਉੱਤੇ ਹਮਲਾ ਕਰ ਦਿੱਤਾ, ਜਿਸ ਕਾਰਨ ਰੈਸਟੋਰੈਂਟ ਦੇ ਤਿੰਨ ਸਟਾਫ਼ ਮੈਂਬਰ ਜ਼ਖਮੀ ਹੋ ਗਏ। ਵੇਰਵੇ ਦਿੰਦੇ ਹੋਏ ਦਿਲਸ਼ੇਰ ਸਿੰਘ ਪ੍ਰਿੰਸ ਚੱਠਾ ਨੇ ਕਿਹਾ ਕਿ ਉਹ ਆਪਣੇ ਸਟਾਫ਼ ਨਾਲ ਇੱਕ ਗਾਹਕ ਦੇ ਫ਼ੋਨ ਤੇ ਗੱਲ ਕਰ ਰਿਹਾ ਸੀ, ਜਦੋਂ ਅੰਦਰ ਬੈਠੇ ਨੌਜਵਾਨ ਨੇ ਸੋਚਿਆ ਕਿ ਉਹ ਉਸ ਨਾਲ ਗੱਲ ਕਰ ਰਹੇ ਹਨ ਅਤੇ ਪੁੱਛਿਆ, ਤੁਸੀਂ ਸਾਡੇ ਬਾਰੇ ਇਸ ਤਰ੍ਹਾਂ ਕਿਉਂ ਗੱਲ ਕਰ ਰਹੇ ਹੋ? ਤਾਂ ਉਸਨੇ ਜਵਾਬ ਦਿੱਤਾ, ਮੈਂ ਤੁਹਾਡੇ ਬਾਰੇ ਗੱਲ ਨਹੀਂ ਕੀਤੀ। ਅਸੀਂ ਆਪਣੇ ਸਟਾਫ਼ ਨਾਲ ਗੱਲ ਕਰ ਰਹੇ ਹਾਂ। ਪ੍ਰਿੰਸ ਚੱਠਾ ਨੇ ਦੱਸਿਆ ਕਿ ਬਰਗਰ ਇਰਾ ਅੰਦਰ ਗਾਹਕ ਬੈਠੇ ਹੋਏ ਸਨ, ਪਰ ਸਟਾਫ ਫੋਨ ’ਚ ਲੱਗਾ ਹੋਇਆ ਸੀ ਜਿਸ ਨੂੰ ਲੈ ਕੇ ਉਹ ਆਪਣੇ ਸਟਾਫ ਨਾਲ ਗੱਲ ਕਰ ਰਹੇ ਸੀ, ਪਰ ਦੂਸਰੇ ਪਾਸੇ ਰੈਸਟੋਰੈਂਟ ’ਚ ਬੈਠੇ ਨੌਜਵਾਨ ਨੇ ਸਮਝਿਆ ਕਿ ਸ਼ਾਇਦ ਉਸ ਨਾਲ ਗੱਲ ਹੋ ਰਹੀ। ਉਸ ਨੇ ਦੱਸਿਆ ਕਿ ਉਹ ਨੌਜਵਾਨ ਉਸ ਸਮੇਂ ਚਲੇ ਗਏ ਸਨ, ਪਰ ਬਾਅਦ ਵਿੱਚ, ਅੱਠ ਤੋਂ ਦਸ ਹੋਰ ਨੌਜਵਾਨਾਂ ਦੇ ਨਾਲ ਤਲਵਾਰਾਂ ਅਤੇ ਕੁਹਾੜੀਆਂ ਨਾਲ ਲੈਸ ਹੋ ਕੇ ਵਾਪਸ ਆਏ ਅਤੇ ਹਮਲਾ ਕਰ ਦਿੱਤਾ ਅਤੇ ਰੈਸਟੋਰੈਂਟ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਪ੍ਰਿੰਸ ਚੱਠਾ ਨੇ ਦੱਸਿਆ ਕਿ ਉਸਦੀ ਬਾਹਾਂ ਉੱਤੇ ਸੱਟ ਲੱਗੀ ਹੈ, ਜਦਕਿ ਉਸਦੇ ਸੈਫ ਗੁਰਪ੍ਰੀਤ ਸਿੰਘ ਪੁੱਤਰ ਪ੍ਰਗਟ ਸਿੰਘ ਅਤੇ ਜੈਦੀਪ ਸਿੰਘ ਪੁੱਤਰ ਹਰਜੋਤ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਪਤਾ ਲੱਗਾ ਹੈ ਕਿ ਦੂਜੇ ਪਾਸੇ ਤੋਂ ਵੀ ਦੋ ਲੋਕ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਪਹੁੰਚੇ ਅਤੇ ਮੁੱਢਲੀ ਸਹਾਇਤਾ ਤੋਂ ਬਾਅਦ ਉਹ ਉਥੋਂ ਚਲੇ ਗਏ। ਬਰਗਰ ਏਰਾ ਰੈਸਟੋਰੈਂਟ ਦੇ ਮਾਲਕ ਦੇ ਅਨੁਸਾਰ, ਹਮਲਾਵਰ ਅਲੀਵਾਲ ਰੋਡ ਤੋਂ ਆਏ ਸਨ। ਉਕਤ ਮਾਮਲੇ ਦੀ ਥਾਣਾ ਸਿਟੀ ਦੀ ਪੁਲਿਸ ਜਾਂਚ ਕਰ ਰਹੀ ਹੈ।