2017 ਵਿੱਚ ਇਸ ਪੁਰਾਣੀ ਇਮਾਰਤ ਦੇ ਨਾਲ ਹੀ ਨਵੇਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਉਦਘਾਟਨ ਕੀਤਾ ਗਿਆ ਜਿਸ ਵਿੱਚ ਡੀਸੀ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਲਗਭਗ ਸਾਰੇ ਹੀ ਪ੍ਰਮੁੱਖ ਦਫਤਰ ਇਸ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸ਼ਿਫਟ ਹੋ ਗਏ। ਇਸਦੇ ਨਾਲ ਹੀ ਪੁਰਾਣੀ ਵਿਰਾਸਤੀ ਇਮਾਰਤ ਦੇ ਮਾੜੇ ਦਿਨ ਸ਼ੁਰੂ ਹੋ ਗਏ। ਇਸਦੀ ਸਾਂਭ ਸੰਭਾਲ ਤੋਂ ਪਾਸਾ ਵੱਟ ਲਿਆ ਗਿਆ।

ਆਕਾਸ਼, ਪੰਜਾਬੀ ਜਾਗਰਣ ਰਿਪੋਰਟਰ ਗੁਰਦਾਸਪੁਰ: ਪੰਜਾਬ ਦੀ ਧਰਤੀ ਤੇ ਮੁਗਲ ਕਾਲ ਅਤੇ ਅੰਗਰੇਜ਼ੀ ਸਾਸ਼ਨ ਕਾਲ ਨਾਲ ਸਬੰਧਿਤ ਅਨੇਕਾਂ ਵਿਰਾਸਤੀ ਅਤੇ ਇਤਿਹਾਸਕ ਇਮਾਰਤਾਂ ਮੌਜੂਦ ਹਨ ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਇੰਨਾਂ ਦੀ ਲੋੜੀਂਦੀ ਸਾਂਭ ਸੰਭਾਲ ਨਾ ਹੋਣ ਕਾਰਨ ਜ਼ਿਆਦਾਤਰ ਵਿਰਾਸਤੀ ਇਮਾਰਤਾਂ ਜਾਂ ਤਾਂ ਢਹਿ ਢੇਰੀ ਹੋ ਗਈਆਂ ਜਾਂ ਫਿਰ ਖੰਡਰ ਦਾ ਰੂਪ ਧਾਰਨ ਕਰ ਚੁੱਕੀਆਂ ਹਨ।
ਅਜਿਹੀ ਹੀ ਇੱਕ ਵਿਰਾਸਤੀ ਪੁਰਾਤਨ ਇਮਾਰਤ ਜ਼ਿਲ੍ਹਾ ਗੁਰਦਾਸਪੁਰ ਹੈਡਕੁਆਟਰ ਵਿਖੇ ਪੁਰਾਣੇ ਡੀਸੀ ਦਫਤਰ ਦੀ ਇਮਾਰਤ ਹੈ। ਵਿਰਾਸਤੀ ਦਿੱਖ ਵਾਲੀ ਇਹ ਇਮਾਰਤ ਅੰਗਰੇਜ਼ੀ ਸਾਸ਼ਨ ਕਾਲ ਦੀ ਨਿਸ਼ਾਨੀ ਹੈ ਅਤੇ ਪੌਣੇ ਦੋ ਸੌ ਸਾਲ ਪੁਰਾਣੀ ਹੈ। ਇਹ ਇਮਾਰਤ ਆਪਣੇ ਆਪ ਵਿੱਚ ਹੀ ਲੰਬਾ ਇਤਿਹਾਸ ਸਮੋਈ ਬੈਠੀ ਹੈ। ਜਿਸ ਵਿੱਚ 1947 ਦੀ ਭਾਰਤ ਪਾਕ ਦੀ ਖੂਨੀ ਵੰਡ ਦੀ ਦਾਸਤਾਂ ਵੀ ਸ਼ਾਮਲ ਹੈ। ਕਰੀਬ 2 ਕਨਾਲ ਰਕਬੇ ਵਿੱਚ ਫੈਲੀ ਇਹ ਇਮਾਰਤ ਆਪਣੇ ਸਮੇਂ ਆਲੀਸ਼ਾਨ ਇਮਾਰਤ ਹੋਇਆ ਕਰਦੀ ਸੀ ਜੋ ਹੁਣ ਖੰਡਰ ਬਣ ਚੁੱਕੀ ਹੈ।
ਇਸ ਪੁਰਾਣੇ ਡੀਸੀ ਦਫਤਰ ਦਾ ਇਤਿਹਾਸਕ ਪਿਛੋਕੜ ਕਾਫੀ ਦਿਲਚਸਪ ਹੈ। ਵਿਰਾਸਤੀ ਕਲਾਂ ਮੰਚ ਬਟਾਲਾ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਹਰਪੁਰਾ ਦੇ ਦੱਸਣ ਅਨੁਸਾਰ 1 ਅਪ੍ਰੈਲ 1849 ਨੂੰ ਅੰਗਰੇਜ਼ਾਂ ਵੱਲੋਂ ਪੰਜਾਬ ਦੀ ਧਰਤੀ ਤੇ ਆਪਣਾ ਕਬਜ਼ਾ ਕੀਤਾ ਗਿਆ। ਉਸ ਸਮੇਂ ਜ਼ਿਲ੍ਹਾ ਗੁਰਦਾਸਪੁਰ ਦਾ ਭੂਗੋਲਿਕ ਆਕਾਰ ਬਹੁਤ ਵਿਸ਼ਾਲ ਹੋਇਆ ਕਰਦਾ ਸੀ ਜਿਸ ਵਿੱਚ ਪਾਕਿਸਤਾਨ ਦੀ ਮੌਜੂਦਾ ਸ਼ਕਰਗੜ੍ਹ ਤਹਿਸੀਲ, ਪਠਾਨਕੋਟ, ਡਲਹੌਜ਼ੀ ਤੱਕ ਦਾ ਹਿੱਸਾ ਸ਼ਾਮਲ ਸੀ।
ਅੰਗਰੇਜ਼ਾਂ ਨੇ ਡੀਸੀ ਆਫਿਸ ਬਣਾਉਣ ਲਈ ਅਦੀਨਾਨਗਰ ਜੋ ਹੁਣ ਦੀਨਾਨਗਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਵਿਖੇ ਸਥਿਤ ਮਹਾਰਾਜਾ ਰਣਜੀਤ ਸਿੰਘ ਦੀ ਬਾਂਰਾਦਰੀ ਨੂੰ ਚੁਣਿਆ ਸੀ। ਕੁਝ ਸਮਾਂ ਇੱਥੇ ਡੀਸੀ ਦਫਤਰ ਚੱਲਦਾ ਰਿਹਾ ਪਰ ਜੁਲਾਈ ਅਗਸਤ ਦੌਰਾਨ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਹਨ ਜਿਸ ਕਾਰਨ ਇਹ ਇਲਾਕਾ ਪਾਣੀ ਨਾਲ ਭਰ ਜਾਂਦਾ ਸੀ।
ਇਸ ਕਾਰ ਅੰਗਰੇਜ਼ਾਂ ਵੱਲੋਂ ਡੀਸੀ ਦਫਤਰ ਤਬਦੀਲ ਕਰਨ ਦਾ ਫੈਸਲਾ ਲਿਆ ਗਿਆ। ਇਸ ਉਪਰੰਚ ਬਟਾਲਾ ਵਿਖੇ ਮਹਾਰਾਜਾ ਸ਼ੇਰ ਸਿੰਘ ਦੇ ਮਹਿਲ ਵਿਖੇ ਡੀਸੀ ਦਫਤਰ ਨੂੰ ਸ਼ਿਫਟ ਕਰ ਦਿੱਤਾ ਗਿਆ। ਇੱਥੇ ਵੀ ਹੰਸਲੀ ਨਾਲੇ ਕਰਕੇ ਪਾਣੀ ਅਤੇ ਨਿਕਾਸੀ ਦੀ ਸਮੱਸਿਆ ਪੈਦਾ ਹੋਈ ਜਿਸ ਕਾਰਨ ਫਿਰ ਤੋਂ ਡੀਸੀ ਦਫਤਰ ਤਬਦੀਲ ਕਰਨ ਲਈ ਢੁਕਵੀਂ ਜਗ੍ਹਾ ਦੀ ਭਾਲ ਕੀਤੀ ਗਈ। ਉਸ ਸਮੇਂ ਇੱਕ ਸਰਵੇ ਕੀਤਾ ਗਿਆ ਅਤੇ 1850 ਵਿੱਚ ਗੁਰਦਾਸਪੁਰ ਵਿਖੇ ਢੁਕਵੀਂ ਥਾਂ ਦੀ ਪਛਾਣ ਕਰਕੇ ਡੀਸੀ ਦਫਤਰ ਦਾ ਨਿਰਮਾਣ ਸ਼ੁਰੂ ਕੀਤਾ ਗਿਆ।
ਇਸ ਨਿਰਮਾਣ ਕਾਰਜ ਨੂੰ 2 ਸਾਲ ਲੱਗੇ ਅਤੇ ਮਈ 1852 ਨੂੰ ਇਹ ਵਿਰਾਸਤੀ ਦਿੱਖ ਵਾਲੀ ਨਵੀਂ ਇਮਾਰਤ ਤਿਆਰ ਹੋ ਗਈ। ਬਟਾਲਾ ਤੋਂ ਡੀਸੀ ਦਫਤਰ ਨੂੰ ਗੁਰਦਾਸਪੁਰ ਵਿਖੇ ਬਣੀ ਨਵੀਂ ਇਮਾਰਤ ਵਿੱਚ ਸ਼ਿਫਟ ਕਰ ਦਿੱਤਾ ਗਿਆ। ਇਸ ਇਮਾਰਤ ਦੀਆਂ ਕੰਧਾਂ ਕਈ ਫੁੱਟ ਚੌੜੀਆਂ ਹਨ, ਛੱਤਾਂ ਉੱਚੀਆਂ ਅਤੇ ਵੱਡੇ-ਵੱਡੇ ਬਾਲੇ ਅਤੇ ਸ਼ਤੀਰੀਆਂ ਵਾਲੀਆਂ ਛੱਤਾਂ ਸਨ। ਇਹ ਬੇਹੱਦ ਮਜ਼ਬੂਤ, ਹਵਾਦਾਰ ਅਤੇ ਠੰਡੀ ਇਮਾਰਤ ਸੀ। ਇਸ ਤੋਂ ਇਲਾਵਾ ਖੁੱਲਾ ਹਰਿਆ ਭਰਿਆ ਲਾਅਨ ਵੀ ਤਿਆਰ ਕੀਤਾ ਗਿਆ। ਇਸ ਇਮਾਰਤ ਵਿੱਚ ਡੀਸੀ, ਏਡੀਸੀ ਤੋਂ ਇਲਾਵਾ ਨਾਜਰ ਅਤੇ ਹੋਰ ਅਮਲਾ ਬੈਠਦਾ ਰਿਹਾ। ਇੱਥੇ ਜ਼ਿਕਰਯੋਗ ਹੈ ਕਿ 1947 ਵਿੱਚ ਜਦੋਂ ਦੇਸ਼ ਦੀ ਵੰਡ ਹੋਈ ਤਾਂ ਗੁਰਦਾਸਪੁਰ ਪਾਕਿਸਤਾਨ ਵਿੱਚ ਆ ਗਿਆ ਸੀ ਜਿਸ ਕਾਰਨ ਇਸ ਇਮਾਰਤ ਉੱਤੇ 2 ਦਿਨ ਤੱਕ ਪਾਕਿਸਤਾਨੀ ਝੰਡਾ ਝੂਲਦਾ ਰਿਹਾ।
2017 ਵਿੱਚ ਇਸ ਪੁਰਾਣੀ ਇਮਾਰਤ ਦੇ ਨਾਲ ਹੀ ਨਵੇਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਉਦਘਾਟਨ ਕੀਤਾ ਗਿਆ ਜਿਸ ਵਿੱਚ ਡੀਸੀ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਲਗਭਗ ਸਾਰੇ ਹੀ ਪ੍ਰਮੁੱਖ ਦਫਤਰ ਇਸ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸ਼ਿਫਟ ਹੋ ਗਏ। ਇਸਦੇ ਨਾਲ ਹੀ ਪੁਰਾਣੀ ਵਿਰਾਸਤੀ ਇਮਾਰਤ ਦੇ ਮਾੜੇ ਦਿਨ ਸ਼ੁਰੂ ਹੋ ਗਏ। ਇਸਦੀ ਸਾਂਭ ਸੰਭਾਲ ਤੋਂ ਪਾਸਾ ਵੱਟ ਲਿਆ ਗਿਆ। ਕੁਝ ਹੀ ਸਮੇਂ ਬਾਅਦ ਇਸਦੀਆਂ ਛੱਤਾਂ ਅਤੇ ਦੀਵਾਰਾਂ ਵਿੱਚ ਜੜੀਆਂ ਬੂਟੀਆਂ ਅਤੇ ਛੋਟੇ-ਛੋਟੇ ਪੌਦੇ ਉੱਗ ਆਏ ਹਨ। ਇੰਨਾਂ ਦੀਆਂ ਕਈ-ਕਈ ਫੁੱਟ ਲੰਬੀਆਂ ਜੜਾਂ ਹੇਠਾਂ ਲਟਕਦੀਆਂ ਦੇਖੀਆਂ ਜਾ ਸਕਦੀਆਂ ਹਨ। ਇਕ ਤਰ੍ਹਾਂ ਨਾਲ ਇਹ ਇਤਿਹਾਸਕ ਇਮਾਰਤ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ। ਵਿਰਾਸਤੀ ਕਲਾਂ ਮੰਚ ਬਟਾਲਾ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਨੇ ਇਸ ਇਮਾਰਤ ਨੂੰ ਬੇਹੱਦ ਅਹਿਮ ਅਤੇ ਵਿਰਾਸਤੀ ਦੱਸਦਿਆਂ ਕਿਹਾ ਕਿ ਅਜਿਹੀਆਂ ਇਮਾਰਤਾਂ ਨੂੰ ਤੁਰੰਤ ਸੰਭਾਲਣ ਦੀ ਲੋੜ ਹੈ।
ਹੈਰੀਟੇਜ ਸੁਸਾਇਟੀ ਨੇ ਲਿਖੇ ਮਿਊਜ਼ਿਅਮ ਬਣਾਉਣ ਲਈ ਪੱਤਰ
ਇਕੱਤਰ ਜਾਣਕਾਰੀ ਅਨੁਸਾਰ ਇਤਿਹਾਸਕਾਰ ਪ੍ਰੋਫੈਸਰ ਰਾਜ ਕੁਮਾਰ ਸ਼ਰਮਾ ਵਾਲੀ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਵੱਲੋਂ ਇਸ ਵਿਰਾਸਤੀ ਇਮਾਰਤ ਨੂੰ ਬਚਾਉਣ ਲਈ ਕਈ ਵਾਰ ਯਤਨ ਕੀਤੇ ਗਏ ਪਰ ਅਜੇ ਤੱਕ ਇੰਨਾਂ ਯਤਨਾਂ ਨੂੰ ਬੂਰ ਨਹੀਂ ਪਿਆ। ਅਜਿਹਾ ਹੀ ਉਪਰਾਲਾ ਉਨ੍ਹਾਂ ਨੇ 2021 ਵਿੱਚ ਕੀਤਾ ਜਦੋਂ ਉਨ੍ਹਾਂ ਨੇ ਪ੍ਰਸਿੱਧ ਇਮਾਰਤਸਾਜਾਂ, ਸੱਭਿਆਚਾਰਕ ਅਤੇ ਕਲਾਂ ਪ੍ਰੇਮੀਆਂ ਨੂੰ ਇਸਦੀ ਸਾਂਭ ਸੰਭਾਲ ਅਤੇ ਨਵੀਂਨੀਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਜਾਣਕਾਰੀ ਅਨੁਸਾਰ ਕਰੀਬ ਇੱਕ ਸਾਲ ਪਹਿਲਾਂ ਵੀ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਵੱਲੋਂ ਸੱਭਿਆਚਾਰਕ ਅਤੇ ਪੁਰਾਤੱਤਵ ਮਾਮਲਿਆਂ ਦੇ ਵਿਭਾਗ ਅਤੇ ਪੰਜਾਬ ਟੂਰਿਜ਼ਮ ਐਂਡ ਹੈਰੀਟੇਜ ਬੋਰਡ ਨੂੰ ਪੱਤਰ ਲਿਖ ਕੇ ਪੁਰਾਣੇ ਡੀਸੀ ਦਫਤਰ ਦੇ ਨਵੀਨੀਕਰਨ ਦਾ ਪ੍ਰੋਜੈਕਟ ਭੇਜਿਆ। ਇਸ ਵਿੱਚ ਮਿਊਜ਼ਿਅਮ, ਲਾਈਬਰੇਰੀ ਅਤੇ ਸੱਭਿਆਚਾਰਕ ਤੇ ਕਲਾਂਕ੍ਰਿਤੀਆਂ ਨਾਲ ਸਬੰਧਿਤ ਕੈਫੇ ਬਣਾਉਣ ਦੀ ਤਜਵੀਜ਼ ਭੇਜੀ ਪਰ ਇੱਕ ਸਾਲ ਬੀਤ ਜਾਣ ਉਪਰੰਤ ਵੀ ਇਸ ਬਜ਼ਟ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ ਜਿਸ ਕਾਰਨ ਡੀਸੀ ਦਫਤਰ ਦੀ ਇਹ ਇਮਾਰਤ ਦਮ ਤੋੜਦੀ ਨਜ਼ਰ ਆ ਰਹੀ ਹੈ।