ਮੌਸਮ ਵਿਭਾਗ ਅਨੁਸਾਰ ਧੁੰਦ ਕਾਰਨ ਵੱਧ ਤੋਂ ਵੱਧ ਤਾਪਮਾਨ ਪਿਛਲੇ ਦਿਨਾਂ ਦੇ ਮੁਕਾਬਲੇ ਦੋ ਡਿਗਰੀ ਸੈਲਸੀਅਸ ਹੇਠਾਂ ਡਿੱਗ ਗਿਆ ਜਿਸ ਨਾਲ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।

ਸੰਵਾਦ ਸਹਿਯੋਗੀ, ਜਾਗਰਣ, ਗੁਰਦਾਸਪੁਰ: ਪਿਛਲੇ ਕੁਝ ਦਿਨਾਂ ਤੋਂ ਸਾਫ਼ ਮੌਸਮ ਰਹਿਣ ਤੋਂ ਬਾਅਦ ਸ਼ਨੀਵਾਰ ਨੂੰ ਫਿਰ ਤੋਂ ਮੌਸਮ ਨੇ ਆਪਣਾ ਮਿਜ਼ਾਜ ਬਦਲ ਲਿਆ। ਸਵੇਰੇ ਜਦੋਂ ਲੋਕਾਂ ਦੀ ਅੱਖ ਖੁੱਲ੍ਹੀ ਤਾਂ ਚਾਰੇ ਪਾਸੇ ਧੁੰਦ ਦੇਖਣ ਨੂੰ ਮਿਲੀ। ਇਸ ਕਾਰਨ ਗੁਰਦਾਸਪੁਰ ਅਤੇ ਆਸ-ਪਾਸ ਦੇ ਇਲਾਕਿਆਂ 'ਚ ਸਵੇਰ ਤੋਂ ਹੀ ਸੰਘਣੀ ਧੁੰਦ ਦੀ ਚਾਦਰ ਛਾ ਗਈ ਜਿਸ ਨਾਲ ਆਮ ਜਨਜੀਵਨ ਪ੍ਰਭਾਵਿਤ ਹੋਇਆ। ਧੁੰਦ ਕਾਰਨ ਨਾ ਸਿਰਫ਼ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ, ਸਗੋਂ ਸੜਕਾਂ 'ਤੇ ਵਾਹਨਾਂ ਦੀ ਰਫ਼ਤਾਰ ਨੂੰ ਵੀ ਬ੍ਰੇਕਾਂ ਲੱਗ ਗਈਆਂ। ਮੌਸਮ ਵਿਭਾਗ ਅਨੁਸਾਰ ਧੁੰਦ ਕਾਰਨ ਵੱਧ ਤੋਂ ਵੱਧ ਤਾਪਮਾਨ ਪਿਛਲੇ ਦਿਨਾਂ ਦੇ ਮੁਕਾਬਲੇ ਦੋ ਡਿਗਰੀ ਸੈਲਸੀਅਸ ਹੇਠਾਂ ਡਿੱਗ ਗਿਆ ਜਿਸ ਨਾਲ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।
ਸਵੇਰ ਸਮੇਂ ਵਿਜ਼ੀਬਿਲਟੀ (ਦਿਸਣਹੱਦ) 'ਚ ਕਮੀ ਆਈ, ਜਿਸ ਕਾਰਨ ਕੌਮੀ ਮਾਰਗ ਅਤੇ ਸ਼ਹਿਰ ਦੀਆਂ ਸੜਕਾਂ 'ਤੇ ਵਾਹਨ ਹੈੱਡਲਾਈਟਾਂ ਜਗਾ ਕੇ ਰੇਂਗਦੇ ਹੋਏ ਨਜ਼ਰ ਆਏ। ਸਕੂਲੀ ਵਾਹਨਾਂ ਤੇ ਦਫ਼ਤਰ ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਦੁਪਹਿਰ ਹੁੰਦੇ-ਹੁੰਦੇ ਮੌਸਮ ਨੇ ਕਰਵਟ ਬਦਲੀ। ਧੁੰਦ ਦੀ ਪਰਤ ਹਟਣ ਤੋਂ ਬਾਅਦ ਤੇਜ਼ ਧੁੱਪ ਖਿੜ ਗਈ, ਜਿਸ ਨਾਲ ਲੋਕਾਂ ਨੂੰ ਕੁਝ ਰਾਹਤ ਮਹਿਸੂਸ ਹੋਈ। ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ 'ਚ ਮੌਸਮ ਪੂਰੀ ਤਰ੍ਹਾਂ ਸਾਫ਼ ਰਹੇਗਾ ਅਤੇ ਅਸਮਾਨ 'ਚ ਬੱਦਲ ਛਾਏ ਰਹਿਣ ਦੀ ਕੋਈ ਸੰਭਾਵਨਾ ਨਹੀਂ ਹੈ, ਹਾਲਾਂਕਿ ਸਵੇਰੇ ਅਤੇ ਰਾਤ ਦੇ ਸਮੇਂ ਠੰਢ ਬਣੀ ਰਹੇਗੀ।
ਡਾਕਟਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਵੇਰੇ ਅਤੇ ਸ਼ਾਮ ਦੇ ਸਮੇਂ ਹੋਣ ਵਾਲੇ ਤਾਪਮਾਨ ਦੇ ਉਤਾਰ-ਚੜ੍ਹਾਅ ਤੋਂ ਬਚਣ। ਮੌਸਮ ਦੇ ਬਦਲਾਅ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਰਦੀ-ਜ਼ੁਕਾਮ ਅਤੇ ਸਾਹ ਨਾਲ ਸਬੰਧਤ ਬਿਮਾਰੀਆਂ ਹੋ ਸਕਦੀਆਂ ਹਨ।
ਇਕ ਹਫ਼ਤੇ ਦਾ ਸੰਭਾਵੀ ਤਾਪਮਾਨ:
| ਦਿਨ | ਵੱਧ ਤੋਂ ਵੱਧ (°C) | ਘੱਟ ਤੋਂ ਘੱਟ (°C) |
| ਐਤਵਾਰ | 25 | 12 |
| ਸੋਮਵਾਰ | 26 | 12 |
| ਮੰਗਲਵਾਰ | 26 | 12 |
| ਬੁੱਧਵਾਰ | 26 | 12 |
| ਵੀਰਵਾਰ | 27 | 13 |
| ਸ਼ੁੱਕਰਵਾਰ | 27 | 13 |
| ਸ਼ਨੀਵਾਰ | 28 | 13 |