ਹੜ੍ਹ ਤੋਂ ਇਲਾਵਾ ਮੈਦਾਨੀ ਇਲਾਕਿਆਂ ’ਚ ਭਾਰੀ ਬਰਸਾਤ ਨਾਲ ਵੀ ਫਸਲਾਂ ਦੇ ਝਾੜ ’ਤੇ ਅਸਰ ਪੈਣ ਦਾ ਕਿਸਾਨਾਂ ਨੂੰ ਡਰ ਸਤਾ ਰਿਹਾ ਹੈ। ਹੜ੍ਹ ਤੇ ਭਾਰੀ ਬਰਸਾਤ ਕਾਰਨ ਅੱਜ ਤੱਕ ਖੇਤਾਂ ’ਚ ਭਾਰੀ ਗਿੱਲ ਹੈ, ਜਿਸ ਕਾਰਨ ਜਿੱਥੇ ਫ਼ਸਲ ਪੱਕੀ ਹੋਈ ਹੈ, ਉੱਥੇ ਕਟਾਈ ਲਈ ਕਿਸਾਨਾਂ ਨੂੰ ਮੁਸ਼ਕਿਲਾਂ ਨਾਲ ਜੂਝਣਾ ਪੈ ਰਿਹਾ ਹੈ। ਕਿਸਾਨਾਂ ਨੂੰ ਹੜ੍ਹ ਨਾਲ ਖਰਾਬ ਹੋ ਚੁੱਕੀ ਫਸਲ ਦੀ ਕਟਾਈ ਲਈ ਦੁੱਗਣੇ ਖਰਚੇ ਕਰਨੇ ਪੈ ਰਹੇ ਹਨ।
ਸੁਖਦੇਵ ਸਿੰਘ, ਪੰਜਾਬੀ ਜਾਗਰਣ, ਬਟਾਲਾ : ਕਿਸਾਨ ਦੀ ਭਾਈਵਾਲੀ ਰੱਬ ਨਾਲ ਹੁੰਦੀ ਹੈ। ਇਹ ਅਖਾਣ ਉਸ ਵੇਲੇ ਸੱਚ ਸਾਬਤ ਹੋਇਆ ਜਦ ਹੜ੍ਹ ਤੇ ਭਾਰੀ ਬਰਸਾਤ ਦੀ ਮਾਰ ਹੇਠ ਆਏ ਕਿਸਾਨ ਭਵਿੱਖ ਨੂੰ ਲੈ ਕੇ ਚਿੰਤਾ ’ਚ ਡੁੱਬੇ ਹੋਏ ਹਨ। ਪਿਛਲੇ ਦਿਨੀਂ ਪੰਜਾਬ ਦੇ ਸਰਹੱਦੀ ਇਲਾਕਿਆਂ ’ਚ ਹੜ੍ਹਾਂ ਨੇ ਮਚਾਈ ਤਬਾਹੀ ਦੇ ਨਾਲ ਜਿੱਥੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਆਰਥਿਕ ਤੌਰ ’ਤੇ ਵੱਡੀ ਸੱਟ ਵੱਜੀ ਹੈ, ਉੱਥੇ ਨਾਲ ਹੀ ਕਿਸਾਨੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਹੜ੍ਹ ਤੋਂ ਇਲਾਵਾ ਮੈਦਾਨੀ ਇਲਾਕਿਆਂ ’ਚ ਭਾਰੀ ਬਰਸਾਤ ਨਾਲ ਵੀ ਫਸਲਾਂ ਦੇ ਝਾੜ ’ਤੇ ਅਸਰ ਪੈਣ ਦਾ ਕਿਸਾਨਾਂ ਨੂੰ ਡਰ ਸਤਾ ਰਿਹਾ ਹੈ। ਹੜ੍ਹ ਤੇ ਭਾਰੀ ਬਰਸਾਤ ਕਾਰਨ ਅੱਜ ਤੱਕ ਖੇਤਾਂ ’ਚ ਭਾਰੀ ਗਿੱਲ ਹੈ, ਜਿਸ ਕਾਰਨ ਜਿੱਥੇ ਫ਼ਸਲ ਪੱਕੀ ਹੋਈ ਹੈ, ਉੱਥੇ ਕਟਾਈ ਲਈ ਕਿਸਾਨਾਂ ਨੂੰ ਮੁਸ਼ਕਿਲਾਂ ਨਾਲ ਜੂਝਣਾ ਪੈ ਰਿਹਾ ਹੈ। ਕਿਸਾਨਾਂ ਨੂੰ ਹੜ੍ਹ ਨਾਲ ਖਰਾਬ ਹੋ ਚੁੱਕੀ ਫਸਲ ਦੀ ਕਟਾਈ ਲਈ ਦੁੱਗਣੇ ਖਰਚੇ ਕਰਨੇ ਪੈ ਰਹੇ ਹਨ। ਉਧਰ ਜਿੱਥੇ ਪੰਜਾਬ ਦੇ ਸਰਹੱਦੀ ਖੇਤਰ ’ਚ ਹੜ੍ਹ ਦੀ ਮਾਰ ਨਾਲ ਕਰੀਬ ਡੇਢ ਲੱਖ ਹੈਕਟੇਅਰ ਤੋਂ ਵਧੇਰੇ ਫਸਲ ਖਰਾਬ ਹੋਈ ਹੈ, ਉੱਥੇ ਭਾਰੀ ਬਰਸਾਤ ਨਾਲ ਵੀ ਪਰਮਲ ਬਾਸਮਤੀ ਤੇ ਹੋਰ ਫਸਲਾਂ ਉੱਤੇ ਭਾਰੀ ਅਸਰ ਹੋਇਆ ਹੈ। ਕਿਸਾਨ ਪੱਕੀ ਫ਼ਸਲ ਦੀ ਟੇਕ ਤੇ ਆਪਣੇ ਪਰਿਵਾਰ ਦੇ ਖਰਚੇ ਮਿੱਥ ਦਾ ਹੈ ਤੇ ਫ਼ਸਲ ਖ਼ਰੀਦ ਵੇਚ ਤੋਂ ਬਾਅਦ ਉਹ ਘਰੇਲੂ ਖਰਚਿਆਂ ਨੂੰ ਪੂਰਾ ਕਰਦਾ ਹੈ, ਪਰ ਹੜ੍ਹ ਨਾਲ ਕਿਸਾਨਾਂ ਦਾ ਲੱਕ ਟੁੱਟ ਗਿਆ ਹੈ। ਉੱਥੇ ਕਿਸਾਨਾਂ ਦੇ ਨਾਲ-ਨਾਲ ਵਪਾਰੀ ਵਰਗ ਵੀ ਇਸ ਵਾਰ ਆਰਥਿਕ ਤੌਰ ’ਤੇ ਘਾਟਾ ਖਾਏਗਾ। ਸਰਕਾਰ ਵੱਲੋਂ 16 ਸਤੰਬਰ ਤੋਂ ਪਰਮਲ ਦੀ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ, ਪਰ ਮੰਗਲਵਾਰ ਨੂੰ ਪੰਜਾਬ ਦੀਆਂ ਮੰਡੀਆਂ ’ਚ ਨਾ ਮਾਤਰ ਹੀ ਸਰਕਾਰੀ ਖਰੀਦ ਦਾ ਅੰਕੜਾ ਸਾਹਮਣੇ ਆਇਆ ਹੈ। ਖੇਤਾਂ ’ਚ ਖੜੋਤੇ ਪਾਣੀ ’ਚੋਂ ਪੱਕੀਆਂ ਫਸਲਾਂ ਨੂੰ ਵਢਾਉਣ ਲਈ ਕਿਸਾਨ ਵੱਖਰੇ ਸਾਧਨਾਂ ਰਾਹੀਂ ਹੱਥ ਪੈਰ ਮਾਰ ਰਿਹਾ ਹੈ।
ਨਮੀ ਵਾਲੇ ਖੇਤਾਂ ’ਚੋਂ ਫਸਲ ਵਢਾਉਣ ਲਈ ਕਿਸਾਨ ਚੇਨ ਤੇ ਫੋਰ ਬਾਏ ਫੋਰ ਕੰਬਾਈਨ ਮਸ਼ੀਨਾਂ ਦਾ ਲੈ ਰਹੇ ਹਨ ਸਹਾਰਾ.....
ਹੜ੍ਹ ਤੇ ਭਾਰੀ ਬਰਸਾਤ ਕਾਰਨ ਖੇਤਾਂ ’ਚ ਬਹੁਤ ਨਮੀ ਪਾਈ ਜਾ ਰਹੀ ਹੈ। ਜ਼ਮੀਨਾਂ ਗਿੱਲੀਆਂ ਹੋਣ ਕਾਰਨ ਪੱਕੀ ਫਸਲ ਨੂੰ ਵਢਾਉਣ ਲਈ ਕਿਸਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਿੱਲੀਆਂ ਜ਼ਮੀਨਾਂ ’ਚ ਫਸਲਾਂ ਵੱਢਣ ਲਈ ਕਿਸਾਨ ਚੇਨ ਵਾਲੀਆਂ ਕੰਬਾਈਨਾਂ ਤੋਂ ਇਲਾਵਾ 4× 4 ਛੋਟੀਆਂ ਮਸ਼ੀਨਾਂ ਦਾ ਸਹਾਰਾ ਲੈ ਰਹੇ ਹਨ। ਕੰਬਾਈਨਾਂ ਰਾਹੀਂ ਪਹਿਲਾਂ ਕਿਸਾਨ ਰੂਟੀਨ ’ਚ 2500 ਰੁਪਏ ਤੋਂ ਲੈ ਕੇ 3000 ਪ੍ਰਤੀ ਏਕੜ ਕਟਾਈ ਦਾ ਖਰਚ ਦਿੰਦਾ ਸੀ, ਪਰ ਇਸ ਵਾਰ ਜਮੀਨਾਂ ਬਹੁਤ ਜ਼ਿਆਦਾ ਗਿੱਲੀਆਂ ਹੋਣ ਕਾਰਨ ਕਿਸਾਨ ਚੇਨ ਵਾਲੀਆਂ ਕੰਬਾਈਨਾਂ ਦਾ ਪ੍ਰਤੀ ਏਕੜ 7000 ਖਰਚਾ ਦੇ ਰਹੇ ਹਨ। ਘਣੀਏ ਕੇ ਬੇਟ ਦੇ ਕਿਸਾਨ ਕੁਲਦੀਪ ਸਿੰਘ ਨੇ ਕਿਹਾ ਕਿ ਹੜ੍ਹ ਦੀ ਮਾਰ ਨਾਲ ਉਸ ਦੀ 20 ਏਕੜ ਤੋਂ ਜ਼ਿਆਦਾ ਫ਼ਸਲ ਖਰਾਬ ਹੋ ਚੁੱਕੀ ਹੈ। ਉਸ ਨੇ ਕਿਹਾ ਕਿ ਜਿਹੜੀ ਥੋੜੀ ਬਹੁਤੀ ਫ਼ਸਲ ਬਚੀ ਹੈ, ਉਸ ਨੂੰ ਕਟਾਉਣ ਲਈ ਦੁਗਣਾ ਖਰਚਾ ਕਰ ਕੇ ਚੇਨ ਵਾਲੀਆਂ ਮਸ਼ੀਨਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ।
ਹਾਈਬ੍ਰਿਡ ਬੀਜ ਵਾਲੀਆਂ ਫ਼ਸਲਾਂ ਦੀ ਖਰੀਦ ਤੋਂ ਸੈਲਰ ਮਾਲਕਾਂ ਨੇ ਪਿਛਾਂਹ ਖਿੱਚੇ ਹੱਥ.....
ਭਾਵੇਂ ਕਿ ਸਰਕਾਰੀ ਤੌਰ ’ਤੇ ਪਰਮਲ ਦੀ ਖਰੀਦ ਦੀ ਸ਼ੁਰੂਆਤ ਹੋ ਚੁੱਕੀ ਹੈ, ਪਰ ਮੰਗਲਵਾਰ ਤੱਕ ਪੰਜਾਬ ਅੰਦਰ ਸੈਲਰਾਂ ਦੀ ਅਲਾਟਮੈਂਟ ਨਹੀਂ ਹੋ ਸਕੀ। ਇੱਕ ਪਾਸੇ ਹੜ੍ਹ ਅਤੇ ਭਾਰੀ ਬਰਸਾਤ ਨਾਲ ਲੱਖਾਂ ਹੈਕਟੇਅਰ ਫਸਲ ਖਰਾਬ ਹੋਈ ਹੈ, ਪਰ ਫਿਰ ਵੀ ਪਰਮਲ ਦੀ ਹਾਈਬ੍ਰਿਡ ਫਸਲ ਤੋਂ ਸੈਲਰ ਮਾਲਕ ਖਰੀਦ ਤੋਂ ਹੱਥ ਪਿੱਛੇ ਖਿੱਚ ਰਹੇ ਹਨ। ਜ਼ਿਲ੍ਹਾ ਗੁਰਦਾਸਪੁਰ ਦੇ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਹਰੂਵਾਲ ਨੇ ਦੱਸਿਆ ਕਿ ਪੂਰੇ ਪੰਜਾਬ ਅੰਦਰ ਹੜ੍ਹ ਦੇ ਨਾਲ ਡੇਢ ਲੱਖ ਹੈਕਟੇਅਰ ਤੋਂ ਵਧੇਰੇ ਫਸਲ ਖਰਾਬ ਹੋ ਚੁੱਕੀ ਹੈ।
ਜ਼ਮੀਨਾਂ ਗਿੱਲੀਆਂ ਹੋਣ ਕਾਰਨ ਪੈਡੀ ਦੀ ਫਸਲ ’ਚ ਨਮੀ ਦੀ ਮਾਤਰਾ ਵਧੀ, ਪ੍ਰਤਾਪ ਬਾਜਵਾ ਨੇ ਛੋਟ ਦੀ ਕੀਤੀ ਮੰਗ...
ਹੜ੍ਹ ਤੇ ਭਾਰੀ ਬਰਸਾਤ ਦੇ ਨਾਲ ਫਸਲਾਂ ’ਚ ਨਮੀ ਦੀ ਮਾਤਰਾ ਵੱਧ ਆਉਣ ਦੀ ਸੰਭਾਵਨਾ ਹੈ। ਰੋਜ਼ਾਨਾ ਬੱਦਲਵਾਈ ਕਾਰਨ ਫਸਲਾਂ ਪੂਰੀ ਤਰ੍ਹਾਂ ਪੱਕ ਨਹੀਂ ਰਹੀ, ਉੱਤੋਂ ਜ਼ਮੀਨਾਂ ਗਿੱਲੀਆਂ ਹੋਣ ਕਾਰਨ ਫਸਲਾਂ ’ਚ ਨਮੀਂ ਸਰਕਾਰ ਦੀਆਂ ਹਦਾਇਤਾਂ ਤੋਂ ਉੱਪਰ ਰਹੇਗੀ। ਦੱਸ ਦਈਏ ਕਿ ਪਰਮਲ ਦੀ ਖਰੀਦ ਲਈ ਫ਼ਸਲ ’ਚ 17 ਫੀਸਦੀ ਨਮੀਂ ਹੋਣੀ ਚਾਹੀਦੀ ਹੈ, ਪਰ ਅਜੋਕੇ ਸਮੇਂ ’ਚ ਬਣੇ ਹਾਲਾਤ ਅਨੁਸਾਰ ਨਵੀਂ ਦੀ ਮਾਤਰਾ ਵੀ ਫੀਸਦੀ ਤੋਂ ਉੱਪਰ ਰਹਿਣ ਦੀ ਸੰਭਾਵਨਾ ਹੈ। ਉਧਰ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਨਮੀਂ ਦੀ ਵੱਧ ਮਾਤਰਾ ਨੂੰ ਮੁੱਖ ਰੱਖਦਿਆਂ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਖਰੀਦ ਲਈ ਨਿਯਮਤ ਕੀਤੀ ਗਈ 17 ਫੀਸਦੀ ਸ਼ਰਤ ’ਚ ਛੋਟ ਦੇ ਕੇ 20 ਤੋਂ ਉੱਪਰ ਨਮੀਂ ਮਾਤਰਾ ਨਿਯਮਤ ਕਰਨੀ ਚਾਹੀਦੀ ਹੈ।
ਅਗੇਤੀ ਬਾਸਮਤੀ ਦੀ ਫਸਲ 1509 ਤੇ 1692 ਦੇ ਭਾਅ ’ਚ ਆਈ ਗਿਰਾਵਟ ਨਾਲ ਵੀ ਕਿਸਾਨ ਮਾਯੂਸ...
ਪੰਜਾਬ ਦਾ ਕਿਸਾਨ ਦੋਹਰੀ ਮਾਰ ਝੱਲਣ ਲਈ ਮਜ਼ਬੂਰ ਹੈ। ਪੰਜਾਬ ਦੀਆਂ ਮੰਡੀਆਂ ’ਚ ਆ ਰਹੀ ਅਗੇਤੀ ਬਾਸਮਤੀ ਦੀ ਫਸਲ 1509 ਅਤੇ 1692 ਦੇ ਭਾਅ ’ਚ ਆਈ ਗਿਰਾਵਟ ਨਾਲ ਵੀ ਕਿਸਾਨ ਮਾਯੂਸ ਹਨ। ਇੱਥੇ ਦੱਸ ਦਈਏ ਕਿ ਪਹਿਲਾਂ ਬਾਸਮਤੀ 1509 ਅਤੇ 1692 ਦਾ ਰੇਟ 3300 ਤੋਂ 3600 ਤੱਕ ਨਿਕਲਿਆ ਸੀ, ਪਰ ਕੁਝ ਦਿਨਾਂ ਤੋਂ ਇਹ ਰੇਟ ਘੱਟ ਕੇ 2800 ਤੋਂ ਲੈ ਕੇ 3100 ਤੱਕ ਰਹਿ ਗਿਆ ਹੈ, ਜਿਸ ਨਾਲ ਕਿਸਾਨ ਪਰੇਸ਼ਾਨ ਹਨ।