ਮੁਫ਼ਤ ’ਚ ਸਬਜ਼ੀਆਂ ਵੰਡਣ ਲਈ ਕਿਸਾਨ ਮਜ਼ਬੂਰ, ਕਿਸਾਨ ਪਰੇਸ਼ਾਨ
ਦਿਨੋਂ ਦਿਨ ਪਾਣੀ ਦੇ ਘੱਟ ਰਹੇ ਪੱਧਰ ਤੋਂ ਚਿੰਤਤ ਸਰਕਾਰਾਂ ਅਤੇ ਖੇਤੀਬਾੜੀ ਮਹਿਰਾਂ ਵੱਲੋਂ ਕਿਸਾਨਾਂ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ਤੋਂ ਬਾਹਰ ਨਿਕਲ ਕੇ ਸਬਜ਼ੀਆਂ ਅਤੇ ਹੋਰ ਫਸਲਾਂ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉੱਥੇ ਕਿਸਾਨਾਂ ਵੱਲੋਂ ਬਿਜਾਈ ਕੀਤੀ ਗਈ ਅਗੇਤੀ ਮੂਲੀ ਤੇ ਸ਼ਲਗਮ ਦੀ ਫ਼ਸਲ ਦੀ ਮੰਡੀਆਂ ’ਚ ਬੇਕਦਰੀ ਹੋਣ ਕਾਰਨ ਪਿੰਡ ਔਜਲਾ, ਭੰਡਵਾਂ ਦੇ ਕਿਸਾਨ ਧਰਮਿੰਦਰਜੀਤ ਸਿੰਘ ਕੰਗ ਵੱਲੋਂ ਦੋ ਏਕੜ ’ਚ ਬਿਜਾਈ ਕੀਤੇ ਸ਼ਲਗਮ ਅਤੇ ਮੂਲੀ ਆਪਣੇ ਖੇਤਾਂ ’ਚੋਂ ਮੁਫਤ ’ਚ ਹੀ ਪੁਟਵਾਈ ਜਾ ਰਹੀ ਹੈ।
Publish Date: Sun, 16 Nov 2025 11:20 AM (IST)
Updated Date: Sun, 16 Nov 2025 11:23 AM (IST)
ਮਹਿੰਦਰ ਸਿੰਘ ਅਰਲੀਭੰਨ,ਪੰਜਾਬੀ ਜਾਗਰਣ, ਕਲਾਨੌਰ। ਦਿਨੋਂ ਦਿਨ ਪਾਣੀ ਦੇ ਘੱਟ ਰਹੇ ਪੱਧਰ ਤੋਂ ਚਿੰਤਤ ਸਰਕਾਰਾਂ ਅਤੇ ਖੇਤੀਬਾੜੀ ਮਹਿਰਾਂ ਵੱਲੋਂ ਕਿਸਾਨਾਂ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ਤੋਂ ਬਾਹਰ ਨਿਕਲ ਕੇ ਸਬਜ਼ੀਆਂ ਅਤੇ ਹੋਰ ਫਸਲਾਂ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉੱਥੇ ਕਿਸਾਨਾਂ ਵੱਲੋਂ ਬਿਜਾਈ ਕੀਤੀ ਗਈ ਅਗੇਤੀ ਮੂਲੀ ਤੇ ਸ਼ਲਗਮ ਦੀ ਫ਼ਸਲ ਦੀ ਮੰਡੀਆਂ ’ਚ ਬੇਕਦਰੀ ਹੋਣ ਕਾਰਨ ਪਿੰਡ ਔਜਲਾ, ਭੰਡਵਾਂ ਦੇ ਕਿਸਾਨ ਧਰਮਿੰਦਰਜੀਤ ਸਿੰਘ ਕੰਗ ਵੱਲੋਂ ਦੋ ਏਕੜ ’ਚ ਬਿਜਾਈ ਕੀਤੇ ਸ਼ਲਗਮ ਅਤੇ ਮੂਲੀ ਆਪਣੇ ਖੇਤਾਂ ’ਚੋਂ ਮੁਫਤ ’ਚ ਹੀ ਪੁਟਵਾਈ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਕਿਸਾਨ ਧਰਮਿੰਦਰਜੀਤ ਸਿੰਘ ਕੰਗ ਨੇ ਦੱਸਿਆ ਕਿ ਉਸ ਨੇ ਬਾਸਮਤੀ ਦੀ ਖੇਤੀ ਫ਼ਸਲ ਦੀ ਕਟਾਈ ਕਰਨ ਤੋਂ ਬਾਅਦ ਅਗੇਤੀ ਸ਼ਲਗਮ ਅਤੇ ਮੂਲੀ ਦੋ ਏਕੜ ’ਚ ਬਿਜਾਈ ਕੀਤੀ ਸੀ। ਉਸ ਨੇ ਦੱਸਿਆ ਕਿ ਉਸ ਨੇ ਸ਼ਲਗਮ ਦੀ ਬਿਜਾਈ ਲਈ 3 ਹਜ਼ਾਰ ਦਾ ਬੀਜ ਅਤੇ ਮੂਲੀ ਦੀ ਬਿਜਾਈ ਲਈ 3 ਹਜ਼ਾਰ ਦਾ ਬੀਜ ਮੁੱਲ ਖਰੀਦਣ ਤੋਂ ਇਲਾਵਾ ਦੋ ਏਕੜ ’ਚ ਚਾਰ ਬੋਰੀਆਂ ਡਾਇਆ ਖਾਦ ਅਤੇ ਆਪਣੇ ਟਰੈਕਟਰ ’ਚ ਮਹਿੰਗੇ ਭਾਅ ਦਾ ਡੀਜ਼ਲ ਫੂਕਣ ਸਮੇਤ 15 ਹਜ਼ਾਰ ਤੋਂ ਵੱਧ ਖ਼ਰਚ ਕਰਕੇ ਮੂਲੀ ਅਤੇ ਸ਼ਲਗਮ ਤਿਆਰ ਕੀਤੇ ਸਨ।
ਉਸ ਨੇ ਦੱਸਿਆ ਕਿ ਮੂਲੀ ਅਤੇ ਸ਼ਲਗਮ ਦੀ ਪੁਟਾਈ, ਧੁਵਾਈ ਕਰਕੇ ਜਦੋਂ ਬਟਾਲਾ ਮੰਡੀ ’ਚ ਵੇਚਣ ਲਈ ਲਜਾਇਆ ਗਿਆ ਤਾਂ ਮੰਡੀ ’ਚ ਸ਼ਲਗਮ ਪੰਜ ਤੋਂ ਸੱਤ ਰੁਪਏ ਪ੍ਰਤੀ ਕਿੱਲੋ ਅਤੇ ਮੂਲੀ ਦੋ ਤੋਂ ਤਿੰਨ ਰੁਪਏ ਪ੍ਰਤੀ ਕਿੱਲੋ ਵਿੱਕ ਰਹੀ ਹੈ। ਉਸ ਨੇ ਦੱਸਿਆ ਕਿ ਉਸ ਨੇ 500 ਪ੍ਰਤੀ ਦਿਹਾੜੀ ਦੇ ਕੇ ਦੋ ਮਜ਼ਦੂਰਾਂ ਤੋਂ ਇੱਕ ਕੁਇੰਟਲ ਮੂਲੀ ਅਤੇ ਇੱਕ ਕੁਇੰਟਲ ਸ਼ਲਗਮ ਪੁੱਟ ਕੇ ਮੰਡੀ ’ਚ ਖੜ੍ਹੇ ਸਨ, ਜਿੱਥੇ ਮੂਲੀ ਅਤੇ ਸ਼ਲਗਮ ਦੇ 900 ਰੁਪਏ ਵੱਟੇ ਸਨ। ਉਸ ਨੇ ਦੱਸਿਆ ਕਿ ਜਿੱਥੇ ਮੰਡੀਆਂ ’ਚ ਕਿਸਾਨ ਦੀ ਮੂਲੀ ਅਤੇ ਸ਼ਲਗਮ ਸਸਤੇ ਰੇਟ ’ਚ ਖਰੀਦੇ ਜਾ ਰਹੇ ਹਨ, ਉੱਥੇ ਇਹੋ ਹੀ ਸ਼ਲਗਮ ਅਤੇ ਮੂਲੀਆਂ ਪਰਚੂਨ ’ਚ ਪਿੰਡਾਂ ’ਚ 15 ਤੋਂ 20 ਰੁਪਏ ਪ੍ਰਤੀ ਕਿੱਲੋ ਵੇਚੀਆਂ ਜਾ ਰਹੀਆਂ ਹਨ।