ਇਸ ਦੀ ਮਿਸਾਲ ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੇ ਸਰਹੱਦੀ ਪਿੰਡ ਸਲਾਚ ਤੋਂ ਮਿਲਦੀ ਹੈ ਜਿੱਥੇ ਕੰਡਿਆਲੀ ਤਾਰ ਤੋਂ ਪਾਰ ਪਿਛਲੇ ਦਿਨੀਂ ਰਾਵੀ ਦਰਿਆ ਦੇ ਪਾਣੀ ਨਾਲ ਕਿਸਾਨਾਂ ਦੀ ਉਪਜਾਊ ਜ਼ਮੀਨ ਵਿੱਚ ਪਏ ਡੂੰਘੇ ਡੁੰਮਾਂ (ਪਾੜਾਂ) ਨੂੰ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਕਾਹਲੋਂ, ਸੇਵਾਮੁਕਤ ਸੈਨਿਕ ਜਸਬੀਰ ਸਿੰਘ ਕਾਹਲੋਂ ਵਡਾਲਾ ਬਾਂਗਰ ਅਤੇ ਸਰਹੱਦੀ ਪਿੰਡਾਂ ਦੇ ਕਿਸਾਨਾਂ ਵੱਲੋਂ ਟਰੈਕਟਰਾਂ ਨਾਲ ਡੂੰਘੇ ਪਾੜਾਂ ਵਿੱਚ ਮਿੱਟੀ ਪਾ ਕੇ ਬੰਜਰ ਜ਼ਮੀਨ ਨੂੰ ਆਬਾਦ ਕੀਤਾ ਜਾ ਰਿਹਾ ਹੈ।
ਮਹਿੰਦਰ ਸਿੰਘ ਅਰਲੀਭੰਨ,ਪੰਜਾਬੀ ਜਾਗਰਣ, ਕਲਾਨੌਰ : ਪਿਛਲੇ ਦਿਨੀਂ ਰਾਵੀ ਦਰਿਆ ਦੇ ਤੇਜ਼ ਪਾਣੀ ਕਾਰਨ ਜਿੱਥੇ ਸਰਹੱਦ ਨਾਲ ਲੱਗਦੀ ਡਿਫੈਂਸ ਧੁੱਸੀ ਕਈ ਥਾਵਾਂ ਤੋਂ ਟੁੱਟ ਗਈ ਸੀ, ਉੱਥੇ ਰਾਵੀ ਦੇ ਪਾਣੀ ਕਾਰਨ ਕੰਡਿਆਲੀ ਤਾਰ ਤੋਂ ਪਾਰ ਕਿਸਾਨਾਂ ਦੀਆਂ ਪੈਂਦੀਆਂ ਜ਼ਮੀਨਾਂ ਵਿੱਚ ਪਏ ਡੂੰਘੇ ਟੋਇਆਂ ਨੂੰ ਭਰਨ ਲਈ ਦੇਸ਼ ਦਾ ਅੰਨਦਾਤਾ ਕਿਸਾਨ ਅਤੇ ਸਰਹੱਦਾਂ ਦਾ ਰਾਖਾ ਜਵਾਨ ਦੋਵੇਂ ਇੱਕ ਹੋ ਕੇ ਰਾਵੀ ਦਰਿਆ ਦੇ ਪਾਣੀ ਨਾਲ ਬੰਜਰ ਹੋਈ ਜ਼ਮੀਨ ਨੂੰ ਆਬਾਦ ਕਰ ਰਹੇ ਹਨ। ਇਸ ਦੀ ਮਿਸਾਲ ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੇ ਸਰਹੱਦੀ ਪਿੰਡ ਸਲਾਚ ਤੋਂ ਮਿਲਦੀ ਹੈ ਜਿੱਥੇ ਕੰਡਿਆਲੀ ਤਾਰ ਤੋਂ ਪਾਰ ਪਿਛਲੇ ਦਿਨੀਂ ਰਾਵੀ ਦਰਿਆ ਦੇ ਪਾਣੀ ਨਾਲ ਕਿਸਾਨਾਂ ਦੀ ਉਪਜਾਊ ਜ਼ਮੀਨ ਵਿੱਚ ਪਏ ਡੂੰਘੇ ਡੁੰਮਾਂ (ਪਾੜਾਂ) ਨੂੰ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਕਾਹਲੋਂ, ਸੇਵਾਮੁਕਤ ਸੈਨਿਕ ਜਸਬੀਰ ਸਿੰਘ ਕਾਹਲੋਂ ਵਡਾਲਾ ਬਾਂਗਰ ਅਤੇ ਸਰਹੱਦੀ ਪਿੰਡਾਂ ਦੇ ਕਿਸਾਨਾਂ ਵੱਲੋਂ ਟਰੈਕਟਰਾਂ ਨਾਲ ਡੂੰਘੇ ਪਾੜਾਂ ਵਿੱਚ ਮਿੱਟੀ ਪਾ ਕੇ ਬੰਜਰ ਜ਼ਮੀਨ ਨੂੰ ਆਬਾਦ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਹਰਜੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਪਿਛਲੇ ਦਿਨੀਂ ਆਏ ਹੜ੍ਹਾਂ ਨੇ ਵੱਡੀ ਤਬਾਹੀ ਮਚਾਉਂਦਿਆਂ ਹੋਇਆਂ ਸਰਹੱਦ ’ਤੇ ਬਣੀ ਡਿਫੈਂਸ ਧੁੱਸੀ ਰਾਵੀ ਦੇ ਤੇਜ਼ ਵਹਾਅ ਪਾਣੀ ਨਾਲ ਕਈ ਥਾਵਾਂ ਤੋਂ ਟੁੱਟਣ ਕਰ ਕੇ ਕਿਸਾਨਾਂ ਦੀਆਂ ਫਸਲਾਂ, ਘਰ ਅਤੇ ਬੀਐੱਸਐੱਫ ਦੀਆਂ ਪੋਸਟਾਂ, ਕੰਡਿਆਲੀ ਤਾਰ ਪ੍ਰਭਾਵਿਤ ਹੋਈ ਸੀ। ਇਸ ਦੌਰਾਨ ਕਈ ਥਾਵਾਂ ’ਤੇ ਧੁੱਸੀ ਬੰਨ੍ਹ ਦੇ ਪਏ ਪਾੜਾਂ ਨੂੰ ਧਾਰਮਿਕ, ਸਮਾਜਿਕ ਜਥੇਬੰਦੀਆਂ, ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਬਣਾਇਆ ਗਿਆ ਸੀ, ਉੱਥੇ ਸਰਹੱਦੀ ਪਿੰਡ ਸਲਾਚ ਦੇ ਕਿਸਾਨਾਂ ਦੀ ਕੰਡਿਆਲੀ ਤਾਰ ਤੋਂ ਪਾਰ ਪੈਂਦੀ ਉਪਜਾਊ ਜ਼ਮੀਨ ਵਿੱਚ ਰਾਵੀ ਦਰਿਆ ਦੇ ਪਾਣੀ ਨਾਲ ਡੂੰਘੇ ਡੁੰਮ ਪੈ ਗਏ ਸਨ। ਉਨ੍ਹਾਂ ਕਿਹਾ ਕਿ ਜਮਹੂਰੀ ਕਿਸਾਨ ਸਭਾ ਅਤੇ ਪੀੜਤ ਕਿਸਾਨਾਂ ਵੱਲੋਂ ਬੀਐੱਸਐੱਫ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਸਹਾਇਤਾ ਨਾਲ ਕੰਡਿਆਲੀ ਤਾਰ ਤੋਂ ਪਾਰ ਪੈਂਦੀ ਜ਼ਮੀਨਾਂ ਨੂੰ 12 ਦੇ ਕਰੀਬ ਟਰੈਕਟਰ ਲਗਾ ਕੇ ਮਿੱਟੀ ਅਤੇ ਰੇਤ ਨਾਲ ਭਰਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਹੱਦ ਦੇ ਰਾਖੇ ਬੀਐੱਸਐੱਫ ਦੇ ਜਵਾਨਾਂ ਵੱਲੋਂ ਦੇਸ਼ ਦੀ ਸੁਰੱਖਿਆ ਦੇ ਮੱਦੇਨਜ਼ਰ ਕੰਡਿਆਲੀ ਤਾਰ ਤੋਂ ਪਾਰ ਜ਼ਮੀਨਾਂ ਨੂੰ ਆਬਾਦ ਕਰਵਾਉਣ ਵਿੱਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ।
ਬੀਐੱਸਐੱਫ ਤੇ ਕਿਸਾਨਾਂ ਦਾ ਨਹੁੰ-ਮਾਸ ਦਾ ਰਿਸ਼ਤਾ : ਡੀਆਈਜੀ
ਇਸ ਮੌਕੇ ਬੀਐੱਸਐੱਫ ਦੇ ਡੀਆਈਜੀ ਜੇਕੇ ਬਿਰਦੀ ਨੇ ਦੱਸਿਆ ਕਿ ਬੀਐੱਸਐੱਫ ਅਤੇ ਸਰਹੱਦੀ ਕਿਸਾਨਾਂ ਦਾ ਆਪਸ ਵਿੱਚ ਨਹੁੰ-ਮਾਸ ਦਾ ਰਿਸ਼ਤਾ ਹੈ। ਉਨ੍ਹਾਂ ਕਿਹਾ ਕਿ ਬੀਐੱਸਐੱਫ ਦੇ ਜਵਾਨਾਂ ਨੇ ਹਮੇਸ਼ਾ ਕੰਡਿਆਲੀ ਤਾਰ ਤੋਂ ਪਾਰ ਜਾਣ ਵਾਲੀ ਕਿਸਾਨਾਂ ਦੀ ਜਾਨ-ਮਾਲ ਦੀ ਰਾਖੀ ਨੂੰ ਯਕੀਨੀ ਬਣਾਉਂਦਿਆਂ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਨ੍ਹਾਂ ਦਾ ਜੀਵਨ ਪੱਧਰ ਉੱਪਰ ਚੁੱਕਣ ਦੇ ਯਤਨ ਕੀਤੇ ਹਨ।