ਨਸ਼ਾ ਤਸਕਰ ਪੁਲਿਸ ਹਿਰਾਸਤ ’ਚੋਂ ਫ਼ਰਾਰ
ਨਸ਼ਾ ਤਸਕਰ ਪੁਲਿਸ ਹਿਰਾਸਤ ਵਿੱਚੋਂ ਫਰਾਰ
Publish Date: Sun, 30 Nov 2025 06:16 PM (IST)
Updated Date: Mon, 01 Dec 2025 04:06 AM (IST)
* ਪੀਐੱਚਜੀ ਨੂੰ ਧੱਕਾ ਮਾਰ ਕੇ ਹੱਥਕੜੀਆਂ ਸਮੇਤ ਮੁਲਜ਼ਮ ਫ਼ਰਾਰ ਆਰ ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਐੱਨਡੀਪੀਐੱਸ ਐਕਟ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਇਕ ਨਸ਼ਾ ਤਸਕਰ ਡਾਕਟਰੀ ਜਾਂਚ ਮਗਰੋਂ ਸਦਰ ਪੁਲਿਸ ਸਟੇਸ਼ਨ ਵਾਪਸ ਲਿਜਾਂਦੇ ਸਮੇਂ ਪੁਲਿਸ ਹਿਰਾਸਤ ’ਚੋਂ ਫ਼ਰਾਰ ਹੋ ਗਿਆ। ਮੁਲਜ਼ਮ ਦੇ ਭੱਜਣ ਮਗਰੋਂ ਡਵੀਜ਼ਨ ਨੰਬਰ ਦੋ ਵੱਲੋਂ ਦਰਜ ਕੀਤੀ ਗਈ ਐੱਫਆਈਆਰ ਅਨੁਸਾਰ ਮੁਲਜ਼ਮ ਨਵੀਨ ਕੁਮਾਰ ਉਰਫ਼ ਕਾਲੀ ਵਾਸੀ ਸੁੰਦਰ ਨਗਰ ਪਠਾਨਕੋਟ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਅਤੇ 14 ਦਿਨ ਦਾ ਨਿਆਇਕ ਰਿਮਾਂਡ ਦਿੱਤਾ ਗਿਆ। ਡਾਕਟਰੀ ਜਾਂਚ ਮਗਰੋਂ ਪੁਲਿਸ ਉਸ ਨੂੰ ਪਠਾਨਕੋਟ ਸਬ-ਜੇਲ੍ਹ ਲੈ ਗਈ, ਪਰ ਕੈਦੀਆਂ ਦੀ ਗਿਣਤੀ ਪੂਰੀ ਹੋਣ ਕਾਰਨ ਜੇਲ੍ਹ ਸਟਾਫ ਨੇ ਇਕ ਨਵੇਂ ਕੈਦੀ ਨੂੰ ਦਾਖ਼ਲ ਕਰਨ ਤੋਂ ਇਨਕਾਰ ਕਰ ਦਿੱਤਾ। ਪੁਲਿਸ ਉਦੋਂ ਮੁਲਜ਼ਮ ਨੂੰ ਲੈ ਕੇ ਥਾਣੇ ਵਾਪਸ ਆ ਰਹੀ ਸੀ। ਸ਼ਾਮ ਦੇ ਕਰੀਬ ਚੱਕੀ ਪੁਲ਼ ਨੇੜੇ ਟ੍ਰੈਫਿਕ ਜਾਮ ਕਾਰਨ ਗੱਡੀ ਰੁਕ ਗਈ। ਜਿਸ ’ਤੇ ਮੁਲਜ਼ਮ ਨੇ ਮੌਕਾ ਦੇਖਦੇ ਹੋਏ ਡਿਊਟੀ ਤੇ ਮੌਜੂਦ ਪੀਐੱਚਜੀ ਲੁਭਾਇਆ ਰਾਮ ਨੂੰ ਧੱਕਾ ਦਿੱਤਾ ਤੇ ਗੱਡੀ ਦਾ ਦਰਵਾਜ਼ਾ ਖੋਲ੍ਹ ਕੇ ਹੱਥਕੜੀਆਂ ਸਮੇਤ ਫ਼ਰਾਰ ਹੋ ਗਿਆ। ਪੁਲਿਸ ਨੇ ਮੁਲਜ਼ਮ ਦੀ ਭਾਲ ਲਈ ਆਲੇ-ਦੁਆਲੇ ਦੇ ਇਲਾਕਿਆਂ ’ਚ ਨਾਕਾਬੰਦੀ ਕਰ ਦਿੱਤੀ ਹੈ, ਉਸ ਵਿਰੁੱਧ ਨਵੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ ਤੇ ਉਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।