ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਚਰਚਾ ਨੇ ਫੜਿਆ ਜ਼ੋਰ: ਵਿਰੋਧ 'ਚ ਗੁਰਦਾਸਪੁਰ ਦੇ ਵਕੀਲ ਦੋ ਦਿਨਾਂ ਹੜਤਾਲ 'ਤੇ, ਅਦਾਲਤੀ ਕੰਮ-ਕਾਜ ਠੱਪ
ਸਮੂਹ ਵਕੀਲਾਂ ਨੇ ਅਜਿਹੇ ਕਿਸੇ ਵੀ ਸੰਭਾਵੀ ਕਦਮ ਖਿਲਾਫ਼ ਅੱਜ ਤੇ ਕੱਲ ਦੋ ਦਿਨ ਅਦਾਲਤੀ ਕੰਮ ਕਾਜ ਠੱਪ ਰੱਖਣ ਦਾ ਫੈਸਲਾ ਕੀਤਾ ਹੈ। ਉਪ ਪ੍ਰਧਾਨ ਐਡਵੋਕੇਟ ਹਰਪਾਲ ਸਿੰਘ ਗਿੱਲ ਅਤੇ ਸਕੱਤਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਲੋੜ ਪੈਣ ਤੇ ਵੱਡਾ ਅੰਦੋਲਨ ਵੀ ਸ਼ੁਰੂ ਕੀਤਾ ਜਾਵੇਗਾ।
Publish Date: Wed, 15 Apr 2026 11:46 AM (IST)
Updated Date: Wed, 15 Apr 2026 11:47 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਗੁਰਦਾਸਪੁਰ - ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਸੰਭਾਵਨਾ ਦੇ ਵਿਰੋਧ ਵਿਚ ਗੁਰਦਾਸਪੁਰ ਦੇ ਵਕੀਲ ਦੋ ਦਿਨਾਂ ਹੜਤਾਲ' ਤੇ ਚਲੇ ਗਏ ਹਨ। ਇਸ ਸਬੰਧੀ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਗੁਰਦਾਸਪੁਰ ਦੀ ਜ਼ਿਲ੍ਹਾ ਕੋਰਟ ਕੰਪਲੈਕਸ ਵਿਖ਼ੇ ਵਿਸ਼ੇਸ਼ ਮੀਟਿੰਗ ਪ੍ਰਧਾਨ ਐਡਵੋਕੇਟ ਰਾਜਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਪ੍ਰਧਾਨ ਨੇ ਦੱਸਿਆ ਕਿ ਵੀਰਵਾਰ 16 ਅਪ੍ਰੈਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਦੇ ਰਾਜਪਾਲ ਬਟਾਲਾ ਵਿਖ਼ੇ ਪਹੁੰਚ ਰਹੇ ਹਨ।
ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਇਸ ਮੌਕੇ ਮੁੱਖ ਮੰਤਰੀ ਕੋਈ ਵੱਡਾ ਐਲਾਨ ਕਰ ਸਕਦੇ ਹਨ ਅਤੇ ਇਹ ਐਲਾਨ ਬਟਾਲਾ ਨੂੰ ਵੱਖਰਾ ਜ਼ਿਲ੍ਹਾ ਬਣਾਉਣ ਬਾਰੇ ਵੀ ਹੋ ਸਕਦਾ ਹੈ। ਕੁੱਝ ਮਹੀਨੇ ਪਹਿਲਾਂ ਵੀ ਮੁੱਖ ਮੰਤਰੀ ਨੇ ਬਟਾਲਾ ਵਿਖ਼ੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਅਜਿਹੇ ਸੰਕੇਤ ਦਿੱਤੇ ਸਨ। ਗੁਰਦਾਸਪੁਰ ਬਾਰ ਜ਼ਿਲ੍ਹੇ ਦੇ ਹੋਰ ਟੁਕੜੇ ਕਰਨ ਨੂੰ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕਰੇਗੀ। ਪਹਿਲਾਂ ਵੀ ਇਸ ਜ਼ਿਲ੍ਹੇ ਤੋਂ ਪਠਾਨਕੋਟ ਨੂੰ ਵੱਖ ਕੀਤਾ ਜਾ ਚੁੱਕਾ ਹੈ।