30 ਕਿਲੋਮੀਟਰ ਪੁਲਿਸ ਨੂੰ ਭਜਾਇਆ, ਪੁਲਿਸ ’ਤੇ ਕੀਤੀ ਫਾਇਰਿੰਗ, ਆਇਆ ਕਾਬੂ
30 ਕਿਲੋਮੀਟਰ ਪੁਲਿਸ ਨੂੰ ਭਜਾਇਆ, ਪੁਲਿਸ ’ਤੇ ਕੀਤੀ ਫਾਇਰਿੰਗ, ਆਇਆ ਕਾਬੂ
Publish Date: Fri, 28 Nov 2025 06:10 PM (IST)
Updated Date: Fri, 28 Nov 2025 06:11 PM (IST)

ਧਰਮਿੰਦਰ ਸਿੰਘ ਬਾਠ, ਪੰਜਾਬੀ ਜਾਗਰਣ, ਫਤਹਿਗੜ੍ਹ ਚੂੜੀਆਂ : ਥਾਣਾ ਫਤਹਿਗੜ੍ਹ ਚੂੜੀਆਂ ਦੀ ਪੁਲਿਸ ਨੂੰ ਉਸ ਵੇਲੇ ਭਾਜੜ ਪੈ ਗਈ, ਜਦ ਇੱਕ ਕਾਰ ਨੂੰ ਸ਼ੱਕ ਦੇ ਆਧਾਰ ’ਤੇ ਰੁਕਣ ਦਾ ਇਸ਼ਾਰਾ ਕੀਤਾ। ਮੁਲਜ਼ਮ ਨੇ ਕਾਰ ਭਜਾ ਲਈ ਅਤੇ ਪੇਂਡੂ ਰਸਤਿਆਂ ਰਾਹੀਂ ਕਰੀਬ 30 ਕਿਲੋਮੀਟਰ ਪੁਲਿਸ ਨੂੰ ਭਜਾਇਆ। ਮੁਲਜ਼ਮ ਨੇ ਚਲਦੀ ਕਾਰ ’ਚੋਂ ਪੁਲਿਸ ਤੇ ਗੋਲੀਬਾਰੀ ਕਰ ਦਿੱਤੀ ਤਾਂ ਪੁਲਿਸ ਨੇ ਆਪਣਾ ਬਚਾਅ ਕਰਦਿਆਂ ਮੁਲਜ਼ਮ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ ਪਿਸਤੌਲ ਅਤੇ ਪੰਜ ਜਿੰਦਾ ਰੋਂਦ ਬਰਾਮਦ ਕੀਤੇ। ਫੜ੍ਹੇ ਗਏ ਮੁਲਜ਼ਮ ਦੀ ਪਛਾਣ ਕੁਲਵਿੰਦਰ ਮਸੀਹ ਉਰਫ ਰੋਸ਼ੀ ਪੁੱਤਰ ਵਿਲੀਅਮ ਮਸੀਹ ਵਾਸੀ ਬਦੋਵਾਲ ਖੁਰਦ ਵਜੋਂ ਹੋਈ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀਐੱਸਪੀ ਵਿਪਨ ਕੁਮਾਰ ਨੇ ਦੱਸਿਆ ਕਿ ਐੱਸਐੱਚਓ ਸੁਰਿੰਦਰਪਾਲ ਸਿੰਘ ਪੁਲਿਸ ਪਾਰਟੀ ਸਮੇਤ ਭਗਤ ਰਵੀਦਾਸ ਚੌਂਕ ਫਤਹਿਗੜ੍ਹ ਚੂੜੀਆਂ ਮੌਜੂਦ ਸੀ ਕਿ ਇੱਕ ਵਰਨਾ ਕਾਰ ਰੁਕਣ ਦਾ ਇਸਾਰਾ ਕਰਨ ’ਤੇ ਕਾਰ ਚਾਲਕ ਨੇ ਤੇਜ ਰਫਤਾਰ ਕਾਰ ਬਟਾਲਾ ਰੋਡ ਨੂੰ ਪਾ ਲਈ, ਜਿਸਦਾ ਪਿੱਛਾ ਕਰਨ ’ਤੇ ਉਹ ਪਿੰਡ ਵੀਲਾ ਤੋਂ ਅੱਖੋ ਉਹਲੇ ਹੋ ਗਿਆ। ਉਕਤ ਪੁਲਿਸ ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਜਦ ਪੁਲਿਸ ਪਾਰਟੀ ਉਕਤ ਮੁਲਜ਼ਮ ਦੀ ਭਾਲ ਕਰਦੇ ਹੋਏ ਪਿੰਡ ਵੀਲਾ ਤੋ ਮਾਲੇਵਾਲ ਸੂਏ ਦੇ ਨਾਲ ਜਾਂਦੀ ਸੜਕ ਰਸਤੇ ਭੋਲੇਕੇ ਨੂੰ ਜਾ ਰਹੇ ਸੀ ਤਾਂ ਸਾਹਮਣੇ ਤੋਂ ਉਹੀ ਕਾਰ ਆਉਂਦੀ ਦਿਖਾਈ ਦਿੱਤੀ, ਜਿਸਨੂੰ ਫਿਰ ਰੁਕਣ ਦਾ ਇਸ਼ਾਰਾ ਦਿੱਤਾ ਤਾਂ ਕਾਰ ਚਾਲਕ ਨੇ ਚਲਦੀ ਕਾਰ ਵਿੱਚ ਪੁਲਿਸ ਪਾਰਟੀ, ਪਰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤਾ ਅਤੇ ਆਪਣੀ ਕਾਰ ਭਜਾ ਕੇ ਲੈ ਗਿਆ। ਡੀਐੱਸਪੀ ਨੇ ਦੱਸਿਆ ਕਿ ਕਾਰ ਦਾ ਪਿੱਛਾ ਕਰਨ ’ਤੇ ਪਿੰਡ ਮੋਲਵੀ ਕੋਟ ਤੋਂ ਥੋੜਾ ਅੱਗੇ ਟਾਵਰ ਨਜ਼ਦੀਕ ਕਾਰ ਦਾ ਸੰਤੁਲਨ ਵਿਘੜਨ ਕਰਕੇ ਕਾਰ ਸੜਕ ਤੋਂ ਹੇਠਾਂ ਡੂੰਘੇ ਖੇਤਾਂ ਵਿੱਚ ਡਿੱਗ ਪਈ, ਜਿਸ ’ਤੇ ਪੁਲਿਸ ਮੁਲਾਜ਼ਮਾਂ ਨੇ ਮੁਸਤੈਦੀ ਨਾਲ ਕੰਮ ਲੈਂਦਿਆਂ ਉਕਤ ਮੁਲਜ਼ਮ ਕੁਲਵਿੰਦਰ ਮਸੀਹ ਉਰਫ ਰੋਸ਼ੀ ਨੂੰ ਭੱਜਣ ਸਮੇਂ ਕਾਬੂ ਕਰਕੇ ਇਸ ਕੋਲੋਂ ਇੱਕ ਪਿਸਟਲ 30 ਬੋਰ ਸਮੇਤ 5 ਰੋਂਦ ਜਿੰਦਾ ਬਰਾਮਦ ਕੀਤਾ ਹੈ। ਥਾਣਾ ਮੁਖੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ 30 ਕਿਲੋਮੀਟਰ ਪਿੱਛਾ ਕਰਨ ਦੇ ਮਗਰੋਂ ਉਕਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਅਫਸਰਾਂ ਮੁਤਾਬਕ ਇਸ ਸਬੰਧੀ ਥਾਣਾ ਫਤਹਿਗੜ੍ਹ ਚੂੜੀਆਂ ਵਿਖੇ ਮੁਕੱਦਮਾ ਨੰਬਰ 166 ਕੁਲਵਿੰਦਰ ਮਸੀਹ ਉਰਫ ਰੋਸ਼ੀ ਵਿਰੁੱਧ ਦਰਜ ਕਰ ਦਿੱਤਾ ਗਿਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਉਕਤ ਦੋਸ਼ੀ ਮੁਕੰਦਮਾ ਨੰਬਰ 133 ਮਿਤੀ 10.10.2025 ਜੁਰਮ 108 ਥਾਣਾ ਫਤਹਿਗੜ੍ਹ ਚੂੜੀਆਂ ਵਿਚ ਵੀ ਲੋੜੀਦਾ ਸੀ।