ਡੀਆਈਜੀ ਦੀ ਅਗਵਾਈ ਹੇਠ ਮੁਹੱਲਾ ਇਸਲਾਮਾਬਾਦ ਵਿੱਚ ਚਲਾਇਆ ਕਾਸੋ ਅਭਿਆਨ
ਡੀਆਈਜੀ ਦੀ ਅਗਵਾਈ ਹੇਠ ਮੁਹੱਲਾ ਇਸਲਾਮਾਬਾਦ ਵਿੱਚ ਚਲਾਇਆ ਗਿਆ ਕਾਸੋ ਅਭਿਆਨ
Publish Date: Wed, 07 Jan 2026 05:54 PM (IST)
Updated Date: Wed, 07 Jan 2026 05:57 PM (IST)
ਗੁਰਦਾਸਪੁਰ: ਪੰਜਾਬ ਵਿੱਚ ਨਸ਼ੇ ਨੂੰ ਖਤਮ ਕਰਨ ਲਈ ਸੂਬਾ ਸਰਕਾਰ ਲਗਾਤਾਰ ਪੰਜਾਬ ਭਰ ਵਿੱਚ ਕਾਸੋ ਅਭਿਆਨ ਚਲਾ ਰਹੀ ਹੈ। ਇਸੇ ਕੜੀ ਤਹਿਤ ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਅਤੇ ਐੱਸਐੱਸਪੀ ਗੁਰਦਾਸਪੁਰ ਆਦਿੱਤਿਆ ਦੀ ਅਗਵਾਈ ਹੇਠ ਨਸ਼ੇ ਲਈ ਬਦਨਾਮ ਮੁਹੱਲਾ ਇਸਲਾਮਾਬਾਦ ਵਿੱਚ ਬੁੱਧਵਾਰ ਨੂੰ ਕਾਸੋ ਅਭਿਆਨ ਚਲਾਇਆ ਗਿਆ। ਇਸ ਅਭਿਆਨ ਦੌਰਾਨ ਇਲਾਕੇ ਦੇ ਘਰਾਂ ਦੀ ਜਾਂਚ ਕੀਤੀ ਗਈ ਅਤੇ ਸ਼ੱਕੀਆਂ ਤੋਂ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਇਲਾਕੇ ਦੇ ਵਸਨੀਕਾਂ ਨੇ ਮੁਹੱਲਾ ਇਸਲਾਮਾਬਾਦ ਵਿੱਚ ਵਾਰ-ਵਾਰ ਕਾਸੋ ਅਭਿਆਨ ਚਲਾਏ ਜਾਣ ਦਾ ਵਿਰੋਧ ਕੀਤਾ। ਉਨ੍ਹਾਂ ਦਾ ਦੋਸ਼ ਹੈ ਕਿ ਇਲਾਕੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਦੌਰਾਨ ਡੀਆਈਜੀ ਗੋਇਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ " ਮੁਹਿੰਮ ਦੇ ਹਿੱਸੇ ਵਜੋਂ ਬੁੱਧਵਾਰ ਨੂੰ ਇਸਲਾਮਾਬਾਦ ਇਲਾਕੇ ਵਿੱਚ ਇੱਕ ਕਾਸੋ ਆਪ੍ਰੇਸ਼ਨ ਚਲਾਇਆ ਗਿਆ। ਉਨ੍ਹਾਂ ਦੱਸਿਆ ਕਿ ਲਗਭਗ 2500 ਨਸ਼ਾ ਕਰਨ ਵਾਲਿਆਂ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ ਹੈ ਤਾਂ ਜੋ ਉਹ ਨਸ਼ਾ ਛੱਡ ਸਕਣ ਅਤੇ ਸਮਾਜ ਵਿੱਚ ਚੰਗੀ ਤਰ੍ਹਾਂ ਰਹਿ ਸਕਣ। ਉਨ੍ਹਾਂ ਨੇ ਐੱਸਐੱਸਪੀ ਗੁਰਦਾਸਪੁਰ ਆਦਿਤਿਆ ਦੀ ਵੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਜ਼ਿਲ੍ਹੇ ਵਿੱਚ ਨਸ਼ੇ ਨੂੰ ਰੋਕਣ ਵਿੱਚ ਇੱਕ ਸ਼ਾਨਦਾਰ ਕੰਮ ਕੀਤਾ ਹੈ। ਨਸ਼ਾ ਤਸਕਰਾਂ ਨਾਲ ਸਬੰਧਤ ਲਗਭਗ 3.50 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਉਨ੍ਹਾਂ ਨੇ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਵੀ ਦਿੱਤੀ ਕਿ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਵਿਰੁੱਧ ਅਭਿਆਨ ਜਾਰੀ ਰਹੇਗੀ। ਤਰਨਤਾਰਨ ਦੇ ਸਰਪੰਚ ਦੇ ਕਤਲ ਮਾਮਲੇ ਵਿੱਚ ਹੋਏ ਮੁਕਾਬਲੇ ਬਾਰੇ ਗੈਂਗਸਟਰ ਡੋਨੀ ਬਲ ਵੱਲੋਂ ਉਠਾਏ ਗਏ ਸਵਾਲਾਂ ਦੇ ਜਵਾਬ ਵਿੱਚ ਗੋਇਲ ਨੇ ਕਿਹਾ ਕਿ ਉਹ ਕਿਸੇ ਵੀ ਅਪਰਾਧੀ ਦੇ ਬਿਆਨਾਂ ਦਾ ਜਵਾਬ ਨਹੀਂ ਦੇਣਾ ਚਾਹੁੰਦੇ। ਪੁਲਿਸ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਢੁਕਵਾਂ ਜਵਾਬ ਦੇਵੇਗੀ।
ਉੱਥੇ ਹੀ ਇਲਾਕੇ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਉਹ ਪੁਲਿਸ ਨਾਲ ਸਹਿਯੋਗ ਕਰਦੇ ਹਨ। ਇਲਾਕੇ ਦੀ ਮਹਿਲਾ ਕੌਂਸਲਰ ਦੇ ਪਤੀ ਅਸ਼ੋਕ ਭੁੱਟੋ ਨੇ ਦੋਸ਼ ਲਗਾਇਆ ਕਿ ਪੁਲਿਸ ਨੂੰ "ਕਾਸੋ" ਮੁਹਿੰਮ ਚਲਾਉਣ ਦੀ ਬਜਾਏ ਪਤਵੰਤਿਆਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਉਹ ਡੀਆਈਜੀ ਨਾਲ ਗੱਲ ਕਰਨਾ ਚਾਹੁੰਦੇ ਸੀ ਪਰ ਅਧਿਕਾਰੀਆਂ ਨੇ ਉਸਨੂੰ ਰੋਕ ਦਿੱਤਾ। ਇਲਾਕੇ ਦੇ ਦੋ-ਚਾਰ ਘਰਾਂ ਵਿਰੁੱਧ ਕੇਸ ਦਰਜ ਕੀਤੇ ਗਏ ਹਨ। ਇਹ ਇੱਕ ਮਹੀਨੇ ਵਿੱਚ ਦੂਜੀ ਵਾਰ ਹੈ ਜਦੋਂ ਇਲਾਕੇ ਦੀ ਜਾਂਚ ਕੀਤੀ ਗਈ ਹੈ। ਇਲਾਕੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।