ਬਟਾਲਾ ਪੁਲਿਸ ਦੀ ਵੱਡੀ ਕਾਮਯਾਬੀ: ਘਰ 'ਤੇ ਫਾਇਰਿੰਗ ਕਰਨ ਵਾਲੇ 2 ਮੁਲਜ਼ਮ ਅਸਲੇ ਸਮੇਤ ਗ੍ਰਿਫ਼ਤਾਰ; ਵਿਦੇਸ਼ੀ ਹੈਂਡਲਰਾਂ ਦੇ ਇਸ਼ਾਰੇ 'ਤੇ ਦਿੱਤਾ ਸੀ ਵਾਰਦਾਤ ਨੂੰ ਅੰਜਾਮ
ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸਐੱਸਪੀ ਬਟਾਲਾ ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਅਤੇ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਸੰਦੀਪ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੁਲਿਸ ਵਲੋਂ ਗੈਂਗਸਟਰਾਂ ਵਿਰੁੱਧ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
Publish Date: Fri, 03 Apr 2026 03:50 PM (IST)
Updated Date: Fri, 03 Apr 2026 03:52 PM (IST)
ਸੁਖਦੇਵ ਸਿੰਘ/ਸ਼ਾਮ ਤਿਵਾੜੀ ,ਪੰਜਾਬੀ ਜਾਗਰਣ ਬਟਾਲਾ। ਬੀਤੇ ਦਿਨੀਂ ਬਟਾਲਾ ਦੇ ਪਿੰਡ ਮੜੀਆਂਵਾਲ ਚ ਇੱਕ ਵਿਅਕਤੀ ਦੇ ਘਰ ਦੇ ਗੇਟ ਤੇ ਅਣਪਛਾਤਿਆਂ ਨੇ ਗੋਲੀਆਂ ਚਲਾਈਆਂ ਸਨ। ਬਟਾਲਾ ਪੁਲਿਸ ਨੇ ਉਕਤ ਮਾਮਲੇ ਦੇ ਸਬੰਧ 'ਚ ਦੋ ਮੁਲਜ਼ਮਾਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 2 ਪਿਸਟਲ, 8 ਜਿੰਦਾ ਰੌਂਦ ਅਤੇ ਇਕ ਮੋਟਰ ਸਾਈਕਲ ਬਰਾਮਦ ਕੀਤਾ ਹੈ। ਮੁਲਜ਼ਮਾਂ ਨੇ ਵਿਦੇਸ਼ ਚ ਬੈਠੇ ਹੈਡਲਰਾਂ ਦੇ ਕਹਿਣ ਤੇ ਪੈਸਿਆਂ ਦੇ ਲਾਲਚ 'ਚ ਆ ਕੇ ਮੜੀਆਂਵਾਲ ਦੇ ਇੱਕ ਵਿਅਕਤੀ ਦੇ ਘਰ ਦੇ ਅੱਗੇ ਦੇਰ ਰਾਤ ਗੋਲੀਆਂ ਚਲਾਈਆਂ ਸਨ।
ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸਐੱਸਪੀ ਬਟਾਲਾ ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਅਤੇ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਸੰਦੀਪ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੁਲਿਸ ਵਲੋਂ ਗੈਂਗਸਟਰਾਂ ਵਿਰੁੱਧ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਪੈਸਿਆਂ ਦੇ ਲਾਲਚ 'ਚ ਕੀਤੀ ਵਾਰਦਾਤ
ਐੱਸ.ਐੱਸ.ਪੀ. ਬਟਾਲਾ ਡਾ. ਮਹਿਤਾਬ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 30 ਮਾਰਚ ਦੀ ਰਾਤ ਨੂੰ ਪਿੰਡ ਮੜੀਆਂਵਾਲ ਵਿੱਚ ਇੱਕ ਘਰ 'ਤੇ ਫਾਇਰਿੰਗ ਹੋਈ ਸੀ। ਜਾਂਚ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਵੰਸ਼ ਅਤੇ ਸੁਖਚੈਨ ਉਰਫ਼ ਜਸ਼ਨ (ਦੋਵੇਂ ਵਾਸੀ ਬਟਾਲਾ) ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਬੂਲਿਆ ਕਿ ਉਨ੍ਹਾਂ ਨੇ ਇਹ ਵਾਰਦਾਤ ਵਿਦੇਸ਼ ਬੈਠੇ ਹੈਂਡਲਰਾਂ ਦੇ ਕਹਿਣ 'ਤੇ ਕੀਤੀ ਸੀ। ਉਨ੍ਹਾਂ ਨੂੰ ਇਸ ਕੰਮ ਬਦਲੇ 1 ਲੱਖ ਰੁਪਏ ਮਿਲਣੇ ਸਨ, ਹਾਲਾਂਕਿ ਉਨ੍ਹਾਂ ਨੂੰ ਅਜੇ ਕੋਈ ਪੈਸਾ ਨਹੀਂ ਮਿਲਿਆ ਸੀ।
ਪੁਲਿਸ ਦੀ ਸਖ਼ਤ ਕਾਰਵਾਈ
ਐੱਸ.ਐੱਸ.ਪੀ. ਨੇ ਦੱਸਿਆ ਕਿ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਗੈਂਗਸਟਰਾਂ ਵਿਰੁੱਧ 'ਜ਼ੀਰੋ ਟੋਲਰੈਂਸ ਪਾਲਿਸੀ' ਅਪਣਾਈ ਜਾ ਰਹੀ ਹੈ। ਇਸ ਮਾਮਲੇ ਨੂੰ ਸੁਲਝਾਉਣ ਲਈ ਐੱਸ.ਪੀ. ਡੀ ਸੰਦੀਪ ਵਡੇਰਾ, ਡੀ.ਐੱਸ.ਪੀ. ਸੰਜੀਵ ਕੁਮਾਰ ਅਤੇ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਸੁਖਰਾਜ ਸਿੰਘ ਦੀਆਂ ਟੀਮਾਂ ਨੇ ਟੈਕਨੀਕਲ ਜਾਂਚ ਰਾਹੀਂ ਮੁਲਜ਼ਮਾਂ ਨੂੰ ਟਰੇਸ ਕੀਤਾ। ਫੜੇ ਗਏ ਮੁਲਜ਼ਮਾਂ 'ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।