ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਡੀ ਰਾਹਤ, ਰੇਲਵੇ ਨੇ ਬਦਲਿਆ ਫੈਸਲਾ, ਦਿੱਲੀ-ਕਟੜਾ ਵਿਸ਼ੇਸ਼ ਟ੍ਰੇਨ ਮੁੜ ਪਟੜੀ 'ਤੇ
ਰੇਲਵੇ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਟ੍ਰੇਨ ਕੁਝ ਸਟੇਸ਼ਨਾਂ ਨੂੰ ਛੱਡਦੇ ਹੋਏ ਵਿਕਲਪਕ ਮਾਰਗ ਰਾਹੀਂ ਆਪਣਾ ਸਫਰ ਤੈਅ ਕਰੇਗੀ। ਯਾਤਰੀਆਂ ਨੂੰ ਯਾਤਰਾ ਤੋਂ ਪਹਿਲਾਂ ਟਾਈਮ-ਟੇਬਲ ਅਤੇ ਰੂਟ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨ ਦੀ ਸਲਾਹ ਦਿੱਤੀ ਗਈ ਹੈ।
Publish Date: Sat, 30 May 2026 05:02 PM (IST)
Updated Date: Sat, 30 May 2026 05:05 PM (IST)
ਆਰ. ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਉੱਤਰੀ ਭਾਰਤ ਦੇ ਹਜ਼ਾਰਾਂ ਸ਼ਰਧਾਲੂਆਂ ਲਈ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਰੇਲਵੇ ਵਿਭਾਗ ਵੱਲੋਂ ਪਹਿਲਾਂ ਅਸਥਾਈ ਤੌਰ 'ਤੇ ਬੰਦ ਕਰਨ ਲਈ ਸੋਚੀ ਗਈ ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵਿਸ਼ੇਸ਼ ਟ੍ਰੇਨ (04081/04082) ਹੁਣ ਮੁੜ ਚਲਾਉਣ ਦਾ ਫੈਸਲਾ ਲਿਆ ਗਿਆ ਹੈ। ਹਾਲਾਂਕਿ ਇਹ ਟ੍ਰੇਨ ਕੁਝ ਦਿਨਾਂ ਲਈ ਬਦਲੇ ਹੋਏ ਰੂਟ ਰਾਹੀਂ ਚੱਲੇਗੀ।
ਰੇਲਵੇ ਅਧਿਕਾਰੀਆਂ ਮੁਤਾਬਕ ਯਾਤਰੀਆਂ ਦੀ ਸਹੂਲਤ ਅਤੇ ਧਾਰਮਿਕ ਯਾਤਰਾ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਕੀਤਾ ਗਿਆ ਹੈ। ਗਰਮੀ ਦੀਆਂ ਛੁੱਟੀਆਂ ਅਤੇ ਆਉਣ ਵਾਲੇ ਧਾਰਮਿਕ ਸਮਾਗਮਾਂ ਕਾਰਨ ਕਟੜਾ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ, ਜਿਸ ਕਰਕੇ ਟ੍ਰੇਨ ਸੇਵਾ ਜਾਰੀ ਰੱਖਣ ਨੂੰ ਤਰਜੀਹ ਦਿੱਤੀ ਗਈ ਹੈ।
ਰੇਲਵੇ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਟ੍ਰੇਨ ਕੁਝ ਸਟੇਸ਼ਨਾਂ ਨੂੰ ਛੱਡਦੇ ਹੋਏ ਵਿਕਲਪਕ ਮਾਰਗ ਰਾਹੀਂ ਆਪਣਾ ਸਫਰ ਤੈਅ ਕਰੇਗੀ। ਯਾਤਰੀਆਂ ਨੂੰ ਯਾਤਰਾ ਤੋਂ ਪਹਿਲਾਂ ਟਾਈਮ-ਟੇਬਲ ਅਤੇ ਰੂਟ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨ ਦੀ ਸਲਾਹ ਦਿੱਤੀ ਗਈ ਹੈ।
ਰੇਲਵੇ ਨੇ ਕਿਹਾ ਕਿ ਯਾਤਰੀ ਆਪਣੇ ਟਿਕਟਾਂ ਦੀ ਸਥਿਤੀ, ਆਉਣ-ਜਾਣ ਦੇ ਸਮੇਂ ਅਤੇ ਰੂਟ ਦੀ ਜਾਣਕਾਰੀ ਆਈ ਆਰ ਸੀ ਟੀ ਸੀ ਦੀ ਅਧਿਕਾਰਿਕ ਵੈੱਬਸਾਈਟ ਜਾਂ ਹੈਲਪਲਾਈਨ ਰਾਹੀਂ ਲੈ ਸਕਦੇ ਹਨ। ਵਿਭਾਗ ਨੇ ਇਹ ਵੀ ਅਪੀਲ ਕੀਤੀ ਹੈ ਕਿ ਯਾਤਰੀ ਸਟੇਸ਼ਨਾਂ 'ਤੇ ਸਮੇਂ ਤੋਂ ਪਹਿਲਾਂ ਪਹੁੰਚਣ ਤਾਂ ਜੋ ਕਿਸੇ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।