Big News : ਬਟਾਲਾ 'ਚ ਇਨਕਾਊਂਟਰ ਦੌਰਾਨ ਜ਼ਖ਼ਮੀ ਹੋਇਆ ਬਦਮਾਸ਼ ਸਿਵਲ ਹਸਪਤਾਲ ਵਿੱਚੋਂ ਫ਼ਰਾਰ
ਸ਼ਨਿਚਰਵਾਰ ਦੀ ਸਵੇਰ ਬਟਾਲਾ ਪੁਲਿਸ ਨੂੰ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ ਜਦ 27 ਨਵੰਬਰ ਨੂੰ ਪੁਲਿਸ ਮੁਕਾਬਲੇ 'ਚ ਜ਼ਖ਼ਮੀ ਹੋਇਆ ਬੀਕੇਆਈ ਦਾ ਗੁਰਗਾ ਬਦਮਾਸ਼ ਸਿਵਲ ਹਸਪਤਾਲ ਬਟਾਲਾ 'ਚੋਂ ਫ਼ਰਾਰ ਹੋ ਗਿਆ।
Publish Date: Sat, 06 Dec 2025 05:33 PM (IST)
Updated Date: Sat, 06 Dec 2025 05:39 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ, ਬਟਾਲਾ : ਸ਼ਨਿਚਰਵਾਰ ਦੀ ਸਵੇਰ ਬਟਾਲਾ ਪੁਲਿਸ ਨੂੰ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ ਜਦ 27 ਨਵੰਬਰ ਨੂੰ ਪੁਲਿਸ ਮੁਕਾਬਲੇ 'ਚ ਜ਼ਖ਼ਮੀ ਹੋਇਆ ਬੀਕੇਆਈ ਦਾ ਗੁਰਗਾ ਬਦਮਾਸ਼ ਸਿਵਲ ਹਸਪਤਾਲ ਬਟਾਲਾ 'ਚੋਂ ਫ਼ਰਾਰ ਹੋ ਗਿਆ।
ਦੱਸਣਯੋਗ ਹੈ ਕਿ ਕੰਵਲਜੀਤ ਸਿੰਘ ਉਰਫ ਲਵਜੀਤ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ, ਜਿੱਥੋਂ ਪੁਲਿਸ ਕਰਮਚਾਰੀਆਂ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਜ਼ਿਲਾ ਬਟਾਲਾ ਨੂੰ ਭਾਜੜਾਂ ਪਈਆਂ ਹੋਈਆਂ ਹਨ । ਮੁਲਜ਼ਮ ਦੀ ਹੱਥਕੜੀ ਬੈਡ ਨਾਲ ਹੀ ਲੱਗੀ ਹੋਈ ਹੈ ਜਦਕਿ ਮੁਲਜ਼ਮ ਕਮਰੇ ਦੀ ਖਿੜਕੀ ਰਾਹੀਂ ਫ਼ਰਾਰ ਹੋ ਗਿਆ।
ਹੈਰਾਨੀ ਦੀ ਗੱਲ ਇਹ ਹੈ ਕਿ ਮੁਕਾਬਲੇ ਦੌਰਾਨ ਬਦਮਾਸ਼ ਕੰਵਲਜੀਤ ਸਿੰਘ ਦੇ ਗੋਡੇ 'ਤੇ ਗੋਲ਼ੀ ਲੱਗੀ ਹੋਈ ਸੀ ਜਿਸ ਕਾਰਨ ਉਸਦਾ ਚੱਲਣਾ ਫਿਰਨਾ ਵੀ ਔਖਾ ਸੀ ਪਰ ਫਿਰ ਵੀ ਉਹ ਕਮਰੇ ਦੇ ਬਾਹਰ ਬੈਠੇ ਪੁਲਿਸ ਕਰਮਚਾਰੀਆਂ ਨੂੰ ਝਾਂਸਾ ਦੇ ਕੇ ਕਮਰੇ ਦੀ ਖਿੜਕੀ ਰਾਹੀਂ ਫ਼ਰਾਰ ਹੋ ਗਿਆ।
ਮੁਲਜ਼ਮ ਦੇ ਫਰਾਰ ਹੋਣ ਦੀ ਖਬਰ ਤੋਂ ਬਾਅਦ ਬਟਾਲਾ ਪੁਲਿਸ ਦੇ ਉੱਚ ਅਧਿਕਾਰੀ ਸਿਵਲ ਹਸਪਤਾਲ ਪਹੁੰਚੇ ਹਨ ਅਤੇ ਆਸ ਪਾਸ ਦੇ ਸੀਸੀਟੀਵੀ ਫੁਟੇਜ ਖੰਗਾਲ ਰਹੇ ਹਨ। ਮੁਲਜ਼ਮ ਦੇ ਫ਼ਰਾਰ ਹੋਣ ਦੀ ਪੁਸ਼ਟੀ ਐੱਸਐੱਚਓ ਸਿਟੀ ਸੁਖਜਿੰਦਰ ਸਿੰਘ ਨੇ ਕੀਤੀ ਹੈ ਹਾਲਾਂਕਿ ਉਨ੍ਹਾਂ ਬਹੁਤਾ ਵੇਰਵਾ ਨਹੀਂ ਦਿੱਤਾ ਹੈ।
ਮੁਲਜ਼ਮ ਕਾਂਗਰਸੀ ਆਗੂ ਦੇ ਮੋਬਾਈਲ ਸ਼ੋਰੂਮ 'ਤੇ ਗੋਲ਼ੀਆਂ ਚਲਾਉਣ ਦੇ ਮਾਮਲੇ 'ਚ ਨਾਮਜ਼ਦ ਸੀ ਅਤੇ ਇਸ ਦੇ ਸਬੰਧ ਵਿਦੇਸ਼ 'ਚ ਬੈਠੇ ਨਿਸ਼ਾਨ ਜੌੜੀਆਂ ਅੱਤਵਾਦੀ ਨਾਲ ਸਨ।