Batala News : ਚੋਣਾਂ ਤੋਂ ਪਹਿਲਾਂ ਬਟਾਲਾ 'ਚ ਕਾਰ 'ਚੋਂ ਨਾਜਾਇਜ਼ ਸ਼ਰਾਬ ਤੇ ਹਥਿਆਰ ਬਰਾਮਦ, ਵਿਧਾਇਕ ਸ਼ੈਰੀ ਕਲਸੀ ਨੇ ਸੋਸ਼ਲ ਮੀਡੀਆ 'ਤੇ ਵੋਟਰਾਂ ਨੂੰ ਕੀਤੀ ਇਹ ਅਪੀਲ
ਵਿਧਾਇਕ ਸ਼ੈਰੀ ਕਲਸੀ ਨੇ ਲਾਈਵ ਹੋ ਕੇ ਦੱਸਿਆ ਕਿ ਕਾਰ ਦੇ ਵਿੱਚੋਂ ਸ਼ਰਾਬ ਤੋਂ ਇਲਾਵਾ ਲੇਡੀਜ ਸੂਟ ਅਤੇ ਇੱਕ ਰਾਈਫਲ ਅਤੇ ਕਾਰਤੂਸ ਬਰਾਮਦ ਹੋਏ ਹਨ। ਉਹਨਾਂ ਥਾਣਾ ਸੇਖਵਾਂ ਦੀ ਪੁਲਿਸ ਨੂੰ ਕਾਰ ਚਾਲਕ ਵਿਰੁੱਧ ਕਾਰਵਾਈ ਕਰਨ ਲਈ ਸਿਫਾਰਸ਼ ਕੀਤੀ ਹੈ।
Publish Date: Sat, 13 Dec 2025 09:26 PM (IST)
Updated Date: Sat, 13 Dec 2025 09:31 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ, ਬਟਾਲਾ : ਬਟਾਲਾ ਦੇ ਨਜ਼ਦੀਕੀ ਪਿੰਡ ਰਸੂਲਪੁਰ 'ਚ ਉਸ ਵੇਲੇ ਮਾਹੌਲ ਗਰਮਾ ਗਿਆ ਜਦ ਇੱਕ ਕਾਰ ਵਿੱਚੋਂ ਨਜਾਇਜ਼ ਸ਼ਰਾਬ ਬਰਾਮਦ ਹੋਈ ਜਦਕਿ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਕਾਰ ਦੇ ਵਿੱਚੋਂ ਇੱਕ ਰਾਈਫਲ ਅਤੇ ਕਾਰਤੂਸ ਵੀ ਬਰਾਮਦ ਹੋਏ ਹਨ। ਪਿੰਡ ਰਸੂਲਪੁਰ ਵਾਸੀਆਂ ਵੱਲੋਂ ਇਕ ਸ਼ੱਕੀ ਕਾਰ ਨੂੰ ਘੇਰਿਆ ਗਿਆ ਅਤੇ ਇਸ ਦੀ ਸੂਚਨਾ ਹਲਕਾ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਦਿੱਤੀ।
ਮੌਕੇ 'ਤੇ ਪੁੱਜੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਇਸ ਦੀ ਜਾਣਕਾਰੀ ਦਿੱਤੀ ਹੈ ਅਤੇ ਨਾਲ ਹੀ ਉਹਨਾਂ ਨੇ ਸਬੰਧਤ ਥਾਣਾ ਦੀ ਪੁਲਿਸ ਨੂੰ ਇਤਲਾਹ ਦਿੱਤੀ। ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਰਾਤ ਨੂੰ ਕਾਰ 'ਚੋਂ ਨਾਜਾਇਸ਼ ਸ਼ਰਾਬ ਬਰਾਮਦ ਹੋਈ ਹੈ ਜਿਸ ਤੋਂ ਸਪੱਸ਼ਟ ਹੈ ਕਿ ਇਹ ਸ਼ਰਾਬ ਨਾਜਾਇਜ਼ ਹੈ ਅਤੇ ਵੋਟਰਾਂ ਨੂੰ ਭਰਮਾਉਣ ਲਈ ਵੰਡੀ ਜਾਣੀ ਹੈ।
ਵਿਧਾਇਕ ਸ਼ੈਰੀ ਕਲਸੀ ਨੇ ਲਾਈਵ ਹੋ ਕੇ ਦੱਸਿਆ ਕਿ ਕਾਰ ਦੇ ਵਿੱਚੋਂ ਸ਼ਰਾਬ ਤੋਂ ਇਲਾਵਾ ਲੇਡੀਜ ਸੂਟ ਅਤੇ ਇੱਕ ਰਾਈਫਲ ਅਤੇ ਕਾਰਤੂਸ ਬਰਾਮਦ ਹੋਏ ਹਨ। ਉਹਨਾਂ ਥਾਣਾ ਸੇਖਵਾਂ ਦੀ ਪੁਲਿਸ ਨੂੰ ਕਾਰ ਚਾਲਕ ਵਿਰੁੱਧ ਕਾਰਵਾਈ ਕਰਨ ਲਈ ਸਿਫਾਰਸ਼ ਕੀਤੀ ਹੈ। ਕਲਸੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਿਨਾਂ ਡਰ ਅਤੇ ਲਾਲਚ ਦੇ ਆਪਣੇ ਸਹੀ ਉਮੀਦਵਾਰਾਂ ਨੂੰ ਵੋਟ ਪਾਓ ਅਤੇ ਲੋਕਤੰਤਰ ਮਜ਼ਬੂਤ ਕਰੋ। ਉਕਤ ਮਾਮਲੇ ਦੇ ਸਬੰਧ ਥਾਣਾ ਸੇਖਵਾਂ ਦੇ ਐੱਸਐੱਚਓ ਮੈਡਮ ਰਜਵੰਤ ਕੌਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇੱਕ ਕਾਰ 'ਚੋਂ ਸ਼ਰਾਬ ਬਰਾਮਦ ਹੋਈ ਹੈ ਅਤੇ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।