Batala News : ਸਾਬਕਾ MLA ਸਵਰਗੀ ਹਰਬੰਸ ਸਿੰਘ ਘੁੰਮਣ ਦੇ ਪੋਤਰੇ 'ਤੇ ਜਾਨਲੇਵਾ ਹਮਲਾ, ਅਣਪਛਾਤਿਆਂ ਨੇ ਗੋਲ਼ੀਆਂ ਨਾਲ ਕੀਤਾ ਗੰਭੀਰ ਜ਼ਖ਼ਮੀ; ਅੰਮ੍ਰਿਤਸਰ ਰੈਫਰ
ਮੰਗਲਵਾਰ ਦੀ ਸ਼ਾਮ ਨੂੰ ਥਾਣਾ ਘੁੰਮਣ ਕਲਾਂ ਦੇ ਅਧੀਨ ਆਉਂਦੇ ਪਿੰਡ ਘੁੰਮਣ ਕਲਾਂ ਵਿਖੇ ਸਾਬਕਾ ਐਮਐਲਏ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸਵਰਗੀ ਹਰਬੰਸ ਸਿੰਘ ਘੁੰਮਣ ਦੇ ਪੋਤਰੇ ਉੱਤੇ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਨੇ ਗੋਲ਼ੀਆਂ ਚਲਾਈਆਂ ਹਨ।
Publish Date: Tue, 18 Nov 2025 08:08 PM (IST)
Updated Date: Tue, 18 Nov 2025 08:10 PM (IST)
ਸੁਖਦੇਵ ਸਿੰਘ* ਪੰਜਾਬੀ ਜਾਗਰਣ, ਬਟਾਲਾ : ਮੰਗਲਵਾਰ ਦੀ ਸ਼ਾਮ ਨੂੰ ਥਾਣਾ ਘੁੰਮਣ ਕਲਾਂ ਦੇ ਅਧੀਨ ਆਉਂਦੇ ਪਿੰਡ ਘੁੰਮਣ ਕਲਾਂ ਵਿਖੇ ਸਾਬਕਾ ਐਮਐਲਏ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸਵਰਗੀ ਹਰਬੰਸ ਸਿੰਘ ਘੁੰਮਣ ਦੇ ਪੋਤਰੇ ਉੱਤੇ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਨੇ ਗੋਲ਼ੀਆਂ ਚਲਾਈਆਂ ਹਨ।
ਗੋਲ਼ੀਆਂ ਲੱਗਣ ਨਾਲ ਗੰਭੀਰ ਜ਼ਖਮੀ ਹੋਏ ਨੌਜਵਾਨ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਚ ਇਲਾਜ ਲਈ ਲਿਜਾਇਆ ਗਿਆ ਹੈ। ਜਾਣਕਾਰੀ ਅਨੁਸਾਰ ਅਕਾਲੀ ਦਲ ਦੀ ਸਰਕਾਰ ਵੇਲੇ ਵਿਧਾਇਕ ਰਹੇ ਮਰਹੂਮ ਹਰਬੰਸ ਸਿੰਘ ਘੁੰਮਣ ਦਾ ਪੋਤਰਾ ਅਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਜਸਬੀਰ ਸਿੰਘ ਘੁੰਮਣ ਦਾ ਭਤੀਜਾ ਪਹਿਲਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਘੁੰਮਣ ਮੰਗਲਵਾਰ ਦੀ ਸ਼ਾਮ ਨੂੰ ਆਪਣੇ ਖੇਤਾਂ ਚੋਂ ਸਕੂਟਰੀ ਤੇ ਸਵਾਰ ਹੋ ਕੇ ਵਾਪਸ ਘਰ ਆ ਰਿਹਾ ਸੀ ਕਿ ਜਦ ਉਹ ਪਿੰਡ ਦੇ ਨਜ਼ਦੀਕ ਪੁੱਜਾ ਤਾਂ ਪਿੱਛੋਂ ਆਏ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਪਹਿਲਜੀਤ ਸਿੰਘ ਦੀ ਗਰਦਨ ਦੇ ਪਿਛਲੇ ਹਿੱਸੇ ਲੱਗੀ ਹੈ ਜਿਸ ਨਾਲ ਉਹ ਗੰਭੀਰ ਰੂਪ ਜਖਮੀ ਹੋ ਗਿਆ। ਜਾਣਕਾਰੀ ਦਿੰਦਿਆਂ ਜਸਬੀਰ ਸਿੰਘ ਘੁੰਮਣ ਕੌਮੀ ਜਨਰਲ ਸਕੱਤਰ ਅਕਾਲੀ ਦਲ ਪੁਨਰ ਸੁਰਜੀਤ ਅਤੇ ਕਿਸਾਨ ਆਗੂ ਰਣਧੀਰ ਸਿੰਘ ਘੁੰਮਣ ਨੇ ਦੱਸਿਆ ਕਿ ਉਹਨਾਂ ਦਾ ਭਤੀਜਾ ਪਹਿਲਜੀਤ ਸਿੰਘ ਅੱਜ ਸ਼ਾਮ ਨੂੰ ਖੇਤਾਂ ਚੋਂ ਗੇੜਾ ਮਾਰ ਕੇ ਘਰ ਪਰਤ ਰਿਹਾ ਸੀ ਕਿ ਮੋਟਰਸਾਈਕਲ ਸਵਾਰਾਂ ਨੇ ਉਸ ਉੱਤੇ ਗੋਲੀ ਚਲਾ ਦਿੱਤੀ। ਉਹਨਾਂ ਦੱਸਿਆ ਕਿ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਚ ਇਲਾਜ ਲਈ ਦਾਖਲ ਕਰਾਇਆ ਗਿਆ। ਥਾਣਾ ਘੁੰਮਣ ਕਲਾਂ ਦੇ ਐਸਐਚਓ ਜਗਦੀਸ਼ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲ ਗਈ ਹੈ ਅਤੇ ਉਹ ਜਖਮੀ ਨੌਜਵਾਨ ਦੇ ਬਿਆਨ ਲੈਣ ਲਈ ਅੰਮ੍ਰਿਤਸਰ ਜਾ ਰਹੇ ਹਨ। ਉਸ ਤੋਂ ਬਾਅਦ ਅਗਲੇਰੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ।