ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਭਰ ਵਿੱਚ ਹਾਈਬ੍ਰਿਡ ਬੀਜਾਂ ’ਤੇ ਸਰਕਾਰ ਅਤੇ ਖੇਤੀਬਾੜੀ ਵਿਭਾਗ ਦੀ ਸਖ਼ਤੀ ਤੋਂ ਬਾਅਦ ਮਾਝੇ ਦੇ ਜ਼ਿਲ੍ਹਿਆਂ ਨਾਲ ਸੰਬੰਧਿਤ ਬੀਜ ਵਿਕਰੇਤਾਵਾਂ ਵੱਲੋਂ ਗੁਆਂਢੀ ਸੂਬੇ ਹਿਮਾਚਲ ਜਿੱਥੇ ਝੋਨੇ ਦੀ ਬਿਜਾਈ ਪੰਜਾਬ ਨਾਲੋਂ ਘੱਟ ਹੁੰਦੀ ਹੈ, ਵਿੱਚ ਬੀਜ ਵੇਚਣ ਦੇ ਲਾਇਸੈਂਸ ਲੈ ਕੇ ਹਾਈਬ੍ਰਿਡ ਝੋਨੇ ਦੇ ਬੀਜ ਵੇਚੇ ਜਾ ਰਹੇ ਹਨ ਕਿਉਂਕਿ ਹਿਮਾਚਲ ਵਿੱਚ ਹਾਈਬ੍ਰਿਡ ਕਿਸਮਾਂ ਤੇ ਪਾਬੰਦੀ ਨਹੀਂ ਲਗਾਈ ਹੋਈ।

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਡੇਰਾ ਬਾਬਾ ਨਾਨਕ : ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਵੱਲੋਂ ਜਿੱਥੇ ਇਸ ਵਾਰ ਝੋਨੇ ਦੀ ਬਿਜਾਈ ਦੌਰਾਨ ਝੋਨੇ ਦੀਆਂ ਹਾਈਬ੍ਰਿਡ ਕਿਸਮਾਂ ਦੀ ਬਿਜਾਈ ’ਤੇ ਰੋਕ ਲਗਾਉਂਦਿਆਂ ਵੱਖ-ਵੱਖ ਜ਼ਿਲ੍ਹਿਆਂ ’ਚ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਵੱਲੋਂ ਬੀਜਾਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਉੱਥੇ ਹੀ ਇਸ ਸਖ਼ਤੀ ਦੌਰਾਨ ਨਾਲ ਲੱਗਦੇ ਸੂਬੇ ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਡਮਟਾਲ ਅਤੇ ਊਨਾ ਆਦਿ ਤੋਂ ਝੋਨੇ ਦੇ ਹਾਈਬ੍ਰਿਡ ਬੀਜਾਂ ਦੀ ਤਸਕਰੀ ਕੀਤੀ ਜਾ ਰਹੀ ਹੈ। ਇੱਥੋਂ ਤੱਕ ਕਿ ਕਈ ਕਿਸਾਨਾਂ ਵੱਲੋਂ ਖੁਦ ਹਿਮਾਚਲ ’ਚ ਜਾ ਕੇ ਪੰਜਾਬ ’ਚ ਪਾਬੰਦੀਸ਼ੁਦਾ ਹਾਈਬ੍ਰਿਡ ਬੀਜਾਂ ਨੂੰ ਮਹਿੰਗੇ ਭਾਅ ’ਤੇ ਖਰੀਦ ਕੇ ਬੀਜਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨਾਂ ਤੋਂ ਭਾਰਤ-ਪਾਕਿਸਤਾਨ ਦੀ ਸਰਹੱਦ ’ਤੇ ਤਣਾਅ ਤੋਂ ਬਾਅਦ ਮਾਹੌਲ ਸ਼ਾਂਤ ਹੁੰਦਿਆਂ ਹੀ ਕਿਸਾਨਾਂ ਵੱਲੋਂ ਝੋਨੇ ਦੀ ਪਨੀਰੀ ਦੀ ਬਿਜਾਈ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੇ ਚਲਦਿਆਂ ਮਾਝੇ ਨਾਲ ਸਬੰਧਤ ਜ਼ਿਲ੍ਹਾ ਗੁਰਦਾਸਪੁਰ ਅਤੇ ਅੰਮ੍ਰਿਤਸਰ ਤੋਂ ਇਲਾਵਾ ਹੋਰ ਜ਼ਿਲ੍ਹਿਆਂ ’ਚ ਜਿੱਥੇ ਕਿਸਾਨਾਂ ਵੱਲੋਂ ਅਗੇਤੇ ਝੋਨੇ ਦੀ ਬਿਜਾਈ ਕਰਕੇ ਖੇਤਾਂ ਵਿੱਚ ਮਟਰਾਂ ਦੀ ਬਿਜਾਈ ਕੀਤੀ ਜਾਂਦੀ ਹੈ ਉਹਨਾਂ ਵੱਲੋਂ ਸਾਵਾ ਝੋਨਾ (ਹਾਈਬ੍ਰਿਡ ਝੋਨੇ) ਦੀ ਬਿਜਾਈ ਨੂੰ ਪੰਜਾਬ ਵਿੱਚ ਪਾਬੰਦੀ ਦੇ ਬਾਵਜੂਦ ਕਾਸ਼ਤ ਕੀਤੀ ਜੀ ਰਹੀ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਭਰ ਵਿੱਚ ਹਾਈਬ੍ਰਿਡ ਬੀਜਾਂ ’ਤੇ ਸਰਕਾਰ ਅਤੇ ਖੇਤੀਬਾੜੀ ਵਿਭਾਗ ਦੀ ਸਖ਼ਤੀ ਤੋਂ ਬਾਅਦ ਮਾਝੇ ਦੇ ਜ਼ਿਲ੍ਹਿਆਂ ਨਾਲ ਸੰਬੰਧਿਤ ਬੀਜ ਵਿਕਰੇਤਾਵਾਂ ਵੱਲੋਂ ਗੁਆਂਢੀ ਸੂਬੇ ਹਿਮਾਚਲ ਜਿੱਥੇ ਝੋਨੇ ਦੀ ਬਿਜਾਈ ਪੰਜਾਬ ਨਾਲੋਂ ਘੱਟ ਹੁੰਦੀ ਹੈ, ਵਿੱਚ ਬੀਜ ਵੇਚਣ ਦੇ ਲਾਇਸੈਂਸ ਲੈ ਕੇ ਹਾਈਬ੍ਰਿਡ ਝੋਨੇ ਦੇ ਬੀਜ ਵੇਚੇ ਜਾ ਰਹੇ ਹਨ ਕਿਉਂਕਿ ਹਿਮਾਚਲ ਵਿੱਚ ਹਾਈਬ੍ਰਿਡ ਕਿਸਮਾਂ ਤੇ ਪਾਬੰਦੀ ਨਹੀਂ ਲਗਾਈ ਹੋਈ। ਜਾਣਕਾਰੀ ਅਨੁਸਾਰ ਖੇਤੀਬਾੜ੍ਹੀ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਹਾਈਬ੍ਰਿਡ ਕਿਸਮ 7501 ਅਤੇ 7301 ਸਮੇਤ ਹੋਰ ਹਾਈਬ੍ਰਿਡ ਕਿਸਮਾਂ ’ਤੇ ਪੂਰਨ ਪਾਬੰਦੀ ਲਗਾਈ ਹੋਈ ਹੈ ਜਦਕਿ ਕੁਝ ਕਿਸਾਨਾਂ ਵੱਲੋਂ ਹਿਮਾਚਲ ਨਾਲ ਸੰਬੰਧਿਤ ਵੱਖ-ਵੱਖ ਥਾਵਾਂ ਤੋਂ ਇਹ ਬੀਜ 1 ਕਿਲੋ ਪੈਕਿੰਗ ਤਰੀਕ 17.4.2025 ਅਤੇ ਮਿਆਦ 16.1 2026 ਹੈ ਅਤੇ ਪ੍ਰਤੀ ਕਿਲੋ ਰੇਟ 602 ਰੁਪਏ ਰੇਟ ਨਿਰਧਾਰਤ ਕੀਤਾ ਗਿਆ ਹੈ, ਜਦਕਿ ਤਿੰਨ ਪੈਕਟਾਂ ਦੀ ਪੈਕਿੰਗ 1806 ਰੁਪਏ ਪ੍ਰਿੰਟ ਰੇਟ ਹੈ ਪਰ ਇਸ ਨੂੰ 2200 ਲੈ ਕੇ 2500 ਤੱਕ ਵੇਚਿਆ ਜਾ ਰਿਹਾ ਹੈ। ਇਥੋਂ ਤੱਕ ਕਿ ਹਿਮਾਚਲ ਨਾਲ ਸੰਬੰਧਿਤ ਡੀਲਰਾਂ ਵੱਲੋਂ ਹਿਮਾਚਲ ਤੋਂ ਬੀਜ ਖਰੀਦਣ ਸਬੰਧੀ ਕਾਸ਼ਤਕਾਰਾਂ ਨਾਲ ਫੋਨ ਤੇ ਰਾਬਤਾ ਕਾਇਮ ਕਰ ਕੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਇਹ ਪਾਬੰਦੀਸ਼ੁਦਾ ਬੀਜ ਸਪਲਾਈ ਕੀਤੇ ਜਾ ਰਹੇ ਹਨ।
ਬਾਹਰੋਂ ਆਉਂਦੇ ਬੀਜਾਂ ’ਤੇ ਰੱਖੀ ਜਾ ਰਹੀ ਤਿੱਖੀ ਨਜ਼ਰ : ਡਾ. ਅਮਰੀਕ ਸਿੰਘ
ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਖੇਤੀਬਾੜੀ ਅਫਸਰ ਡਾਕਟਰ ਅਮਰੀਕ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਵੱਲੋਂ ਇਸ ਵਾਰ ਪਾਬੰਦੀਸ਼ੁਦਾ ਹਾਈਬ੍ਰਿਡ ਕਿਸਮਾਂ ਅਤੇ ਪੂਸਾ 44 ਦੀ ਕਾਸ਼ਤ ਨਾ ਕਰਨ ਸਬੰਧੀ ਆਦੇਸ਼ ਜਾਰੀ ਕੀਤੇ ਹੋਏ ਹਨ। ਪਿਛਲੇ ਝੋਨੇ ਦੇ ਸੀਜ਼ਨ ਦੌਰਾਨ ਝੋਨੇ ਦੀਆਂ ਹਾਈਬ੍ਰਿਡ ਕਿਸਮਾਂ ਦੀ ਵਿਕਰੀ ਦੌਰਾਨ ਆਈ ਮੁਸ਼ਕਲ ਨੂੰ ਮੁੱਖ ਰੱਖਦਿਆਂ ਇਸ ਵਾਰ ਪੰਜਾਬ ਭਰ ਵਿੱਚ ਹਾਈਬ੍ਰਿਡ ਕਿਸਮਾਂ ਦੀ ਬਿਜਾਈ ’ਤੇ ਰੋਕ ਲਗਾਈ ਹੋਈ ਹੈ। ਜ਼ਿਲ੍ਹੇ ’ਚ ਹਾਈਬ੍ਰਿਡ ਬੀਜਾਂ ਦੀ ਵਿਕਰੀ ਨੂੰ ਰੋਕਣ ਲਈ ਜ਼ਿਲ੍ਹੇ ਦੇ 10 ਬਲਾਕਾਂ ਅਤੇ ਇੱਕ ਜ਼ਿਲ੍ਹਾ ਪੱਧਰ ’ਤੇ ਚੈਕਿੰਗ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਖੇਤੀਬਾੜੀ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਰਾਹੀਂ ਮੰਗ ਕੀਤੀ ਗਈ ਹੈ ਕਿ ਜ਼ਿਲ੍ਹੇ ਦੀ ਪੁਲਿਸ ਵੱਲੋਂ ਬਾਹਰੀ ਰਾਜਾਂ ਤੋਂ ਆਉਣ ਵਾਲੇ ਬੀਜਾਂ ਦੀ ਰੋਕਥਾਮ ਲਈ ਵਾਹਨਾਂ ਦੀ ਚੈਕਿੰਗ ਕੀਤੀ ਜਾਵੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੀਆਂ ਝੋਨੇ ਦੀਆਂ ਕਿਸਮਾਂ ਜਿਵੇਂ 122, 123, 124, 126, 127, 128, 129, 130, 131 147, ਐੱਚਕੇਆਰ 127 ਅਤੇ 132 ਦੀ ਕਾਸ਼ਤ ਕੀਤੀ ਜਾਵੇ ਤਾਂ ਜੋ ਉਹਨਾਂ ਦੀ ਜਿਣਸ ਦੀ ਆਉਣ ਵਾਲੇ ਸਮੇਂ ਵਿੱਚ ਆਸਾਨੀ ਨਾਲ ਵਿਕਰੀ ਹੋ ਸਕੇ।
-ਸੂਝਵਾਨ ਕਿਸਾਨ ਵਿਭਾਗ ਦੀ ਸਲਾਹ ’ਤੇ ਕਰ ਰਹੇ ਬਿਜਾਈ : ਭੰਗੂ
ਸਰਹੱਦੀ ਬਲਾਕ ਕਲਾਨੌਰ ਦੇ ਪਿੰਡ ਮਸਤਕੋਟ ਦੇ ਭੰਗੂ ਫਾਰਮ ਦੇ ਮਾਲਕ ਮਨਦੀਪ ਸਿੰਘ ਭੰਗੂ ਨੇ ਦੱਸਿਆ ਕਿ ਸੂਝਵਾਨ ਕਿਸਾਨ ਖੇਤੀਬਾੜੀ ਵਿਭਾਗ ਦੀ ਸਲਾਹ ਅਨੁਸਾਰ ਹੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਮਨਜ਼ੂਰਸ਼ੁਦਾ ਝੋਨੇ ਦੀ ਪਨੀਰੀ ਦੀ ਬਿਜਾਈ ਕਰ ਰਹੇ ਹਨ। ਪਿਛਲੇ ਸਾਲ ਜ਼ਿਲ੍ਹਾ ਗੁਰਦਾਸਪੁਰ ਵਿੱਚ 15 ਜੂਨ ਤੋਂ ਝੋਨੇ ਦੀ ਬਿਜਾਈ ਕਰਨ ਦੇ ਆਦੇਸ਼ ਹਨ ਜਦ ਕਿ ਇਸ ਵਾਰ 5 ਜੂਨ ਤੋਂ ਹੀ ਝੋਨੇ ਦੀ ਬਿਜਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ ਜਿਸ ਤਹਿਤ ਉਹਨਾਂ ਵੱਲੋਂ ਪਰਮਲ ਦੀ ਪਨੀਰੀ ਦੀ ਬਿਜਾਈ ਕੀਤੀ ਜਾ ਰਹੀ। ਪਿਛਲੇ ਦਿਨਾਂ ਤੋਂ ਮਾਹੌਲ ਤਣਾਅ ਵਾਲਾ ਹੋਣ ਕਾਰਨ ਅਤੇ ਬਿਹਾਰ ਵਿੱਚ ਹੋ ਰਹੀਆਂ ਵੋਟਾਂ ਦੇ ਮੱਦੇਨਜ਼ਰ ਲੇਬਰਾਂ ਦੇਰ ਨਾਲ ਆਉਣ ਨੂੰ ਲੈ ਕੇ ਉਹਨਾਂ ਵੱਲੋਂ ਵੀ ਝੋਨੇ ਦੀ ਪਨੀਰੀ ਦੀ ਬਿਜਾਈ ਮੰਗਲਵਾਰ ਤੋਂ ਸ਼ੁਰੂ ਕੀਤੀ ਹੈ।
-ਹਾਈਬ੍ਰਿਡ ਸਾਵਾ ਝੋਨੇ ਦੇ ਚੌਲ ਨਿਕਲਦੇ ਨੇ ਘੱਟ : ਹਰੂਵਾਲ
ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਹਰਵਾਲ ਨੇ ਦੱਸਿਆ ਕਿ ਹਾਈਬ੍ਰਿਡ ਸਾਵਾ 7301, 7305 ਸਾਵਾ ਜੋ 60 ਦਿਨਾ ਵਿੱਚ ਪੱਕ ਕੇ ਤਿਆਰ ਹੋ ਜਾਂਦਾ ਹੈ ਪਰ ਇਸ ਦੇ ਚੌਲ 67 ਕਿਲੋ ਦੀ ਬਜਾਏ 60 ਕਿਲੋ ਹੀ ਨਿਕਲਦੇ ਹਨ ਅਤੇ ਸ਼ੈਲਰ ਮਾਲਕਾ ਨੂੰ 7 ਕਿਲੋ ਦਾ ਘਾਟਾ ਪੈਂਦਾ ਹੈ। ਜਿਸ ਕਾਰਨ ਪਿਛਲੇ ਸਾਲ ਝੋਨੇ ਦੇ ਸੀਜ਼ਨ ਦੌਰਾਨ ਵੀ ਸ਼ੈਲਰ ਮਾਲਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਕਿਹਾ ਕਿ ਕਿਸਾਨ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੀਆਂ ਗਈਆਂ ਝੋਨੇ ਦੀਆਂ ਕਿਸਮਾਂ ਦੀ ਬਿਜਾਈ ਹੀ ਕਰਨ ਤਾਂ ਜੋ ਝੋਨੇ ਦੀ ਵਿਕਰੀ ਸਮੇਂ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
-ਮਜਬੂਰੀ ਕਾਰਨ ਹਿਮਾਚਲ 'ਚ ਲਏ ਬੀਜ ਵੇਚਣ ਦੇ ਲਾਇਸੈਂਸ
ਇਸ ਸਬੰਧੀ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਮਾਝੇ ਨਾਲ ਸਬੰਧਤ ਬੀਜ ਵੇਚਣ ਵਾਲੇ ਦੁਕਾਨਦਾਰਾਂ ਵੱਲੋਂ ਹਾਈਬ੍ਰਿਡ ਸਾਵਾ ਝੋਨੇ ਤੇ ਬੀਜ ਖਰੀਦਣ ਲਈ ਕੰਪਨੀ ਨੂੰ ਪਹਿਲਾਂ ਹੀ ਪੇਮੈਂਟਾਂ ਕਰ ਦਿੱਤੀਆਂ ਗਈਆਂ ਸਨ ਪਰ ਬਾਅਦ ’ਚ ਪੰਜਾਬ ’ਚ ਹਾਈਬ੍ਰਿਡ ਬੀਜ ਵੇਚਣ ਦੀ ਲੱਗੀ ਪਾਬੰਦੀ ਦੌਰਾਨ ਆਪਣੇ ਪੈਸਿਆਂ ਨੂੰ ਬਚਾਉਣ ਖਾਤਰ ਬੀਜ ਵੇਚਣ ਵਾਲੇ ਦੁਕਾਨਦਾਰਾਂ ਵੱਲੋਂ ਹਿਮਾਚਲ ਵਿੱਚ ਬੀਜ ਵੇਚਣ ਦੇ ਲਾਇਸੈਂਸ ਲਏ ਹੋਏ ਹਨ ਜਿਸ ਤਹਿਤ ਉਹ ਕੰਪਨੀ ਤੋਂ ਬੀਜ਼ ਲੈ ਕੇ ਵੇਚ ਕੇ ਆਪਣੇ ਪੈਸੇ ਇਕੱਠੇ ਕਰਨ ਵਿੱਚ ਲੱਗੇ ਹੋਏ ਹਨ।