ਸੁਣਨ ਤੇ ਬੋਲਣ ਵਿੱਚ ਅਸਮਰਥ ਬੱਚਿਆਂ ਵੱਲੋਂ ਸ਼ਾਨਦਾਰ ਵਿਗਿਆਨ ਪ੍ਰਦਰਸ਼ਨੀ
ਸੁਣਨ ਤੇ ਬੋਲਣ ਵਿੱਚ ਅਸਮਰਥ ਬੱਚਿਆਂ ਵੱਲੋਂ ਸ਼ਾਨਦਾਰ ਵਿਗਿਆਨ ਪ੍ਰਦਰਸ਼ਨੀ
Publish Date: Thu, 27 Nov 2025 04:04 PM (IST)
Updated Date: Thu, 27 Nov 2025 04:05 PM (IST)

ਰਮਨਦੀਪ ਘਿਆਲਾ, ਪੰਜਾਬੀ ਜਾਗਰਣ, ਪਠਾਨਕੋਟ- ਸੇਂਟ ਫਰਾਂਸਿਸ ਹੋਮ ਸਕੂਲ ਜੰਡਵਾਲ ਵਿਖੇ ਅੱਜ ਇੱਕ ਵਿਸ਼ੇਸ਼ ਅਤੇ ਪ੍ਰੇਰਣਾਦਾਇਕ ਵਿਗਿਆਨ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿੱਚ ਸੁਣਨ ਅਤੇ ਬੋਲਣ ਵਿੱਚ ਅਸਮਰਥ 50 ਤੋਂ ਵੱਧ ਵਿਦਿਆਰਥੀਆਂ ਨੇ ਆਪਣੀ ਕਾਬਲੀਅਤ ਅਤੇ ਰਚਨਾਤਮਕ ਸੋਚ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਮਾਡਲਾਂ ਨੇ ਨਾ ਸਿਰਫ ਮੌਜੂਦ ਲੋਕਾਂ ਨੂੰ ਹੈਰਾਨ ਕੀਤਾ, ਬਲਕਿ ਇਹ ਸਾਬਤ ਕੀਤਾ ਕਿ ਇਹ ਬੱਚੇ ਕਿਸੇ ਵੀ ਤਰ੍ਹਾਂ ਪਿੱਛੇ ਨਹੀਂ ਹਨ। ਜਾਣਕਾਰੀ ਦਿੰਦਿਆਂ ਸਕੂਲ ਦੇ ਫਾਦਰ ਜੋਸਫ ਪੁਥੇਨੇਪੁਰਾ, ਪ੍ਰਿੰਸੀਪਲ ਸਿਸਟਰ ਸੁਮਾ ਅਤੇ ਅਧਿਆਪਕ ਕਪਿਲ ਸ਼ਰਮਾ ਨੇ ਦੱਸਿਆ ਕਿ ਭਾਵੇਂ ਇਹ ਬੱਚੇ ਸੁਣਨ ਅਤੇ ਬੋਲਣ ਵਿੱਚ ਅਸਮਰਥ ਹਨ, ਪਰ ਇਹਨਾਂ ਦੀ ਸੋਚ ਅਤੇ ਸਿੱਖਣ ਦੀ ਯੋਗਤਾ ਆਮ ਬੱਚਿਆਂ ਤੋਂ ਘੱਟ ਨਹੀਂ, ਸਗੋਂ ਕਈ ਵਾਰ ਉਸ ਤੋਂ ਵੀ ਵੱਧ ਹੁੰਦੀ ਹੈ।ਉਹਨਾਂ ਦੱਸਿਆ ਕਿ ਵਿਦਿਆਰਥੀਆਂ ਨੇ ਵਿਗਿਆਨ, ਗਣਿਤ ਅਤੇ ਭਾਸ਼ਾ ਨਾਲ ਜੁੜੀਆਂ ਵੱਖ-ਵੱਖ ਪ੍ਰਦਰਸ਼ਨੀਆਂ ਲਗਾਈਆਂ, ਜਿਨ੍ਹਾਂ ਦੀ ਪੇਸ਼ਕਾਰੀ ਉਹਨਾਂ ਨੇ ਸੰਕੇਤਿਕ ਭਾਸ਼ਾ ਦੇ ਰਾਹੀਂ ਕੀਤੀ। ਹਰੇਕ ਮਾਡਲ ਦੇ ਪਿੱਛੇ ਬੱਚਿਆਂ ਦੀ ਮਿਹਨਤ, ਲਗਨ ਅਤੇ ਰਚਨਾਸ਼ੀਲ ਸੋਚ ਸਾਫ਼ ਨਜ਼ਰ ਆ ਰਹੀ ਸੀ। ਸਕੂਲ ਪ੍ਰਬੰਧਕਾਂ ਮੁਤਾਬਕ ਇਸ ਪ੍ਰਦਰਸ਼ਨੀ ਨੇ ਬੱਚਿਆਂ ਦੇ ਆਤਮ-ਵਿਸ਼ਵਾਸ ਵਿੱਚ ਵਾਧਾ ਕੀਤਾ ਹੈ ਅਤੇ ਉਹਨਾਂ ਦੀ ਸੋਚਣ-ਸ਼ਕਤੀ ਅਤੇ ਸਿੱਖਣ ਦੀ ਸਮਰਥਾ ਹੋਰ ਮਜ਼ਬੂਤ ਹੋਈ ਹੈ। ਪ੍ਰਦਰਸ਼ਨੀ ਦੌਰਾਨ ਵਿਦਿਆਰਥੀਆਂ ਦੇ ਪਰਿਵਾਰਿਕ ਮੈਂਬਰ ਵੀ ਵੱਡੀ ਗਿਣਤੀ ਵਿੱਚ ਪਹੁੰਚੇ ਅਤੇ ਆਪਣੇ ਬੱਚਿਆਂ ਦੀਆਂ ਪ੍ਰਤਿਭਾਵਾਂ ਦੇਖ ਕੇ ਪ੍ਰਫੁੱਲਿਤ ਹੋਏ।ਉਹਨਾਂ ਨੇ ਸਕੂਲ ਪ੍ਰਬੰਧਨ ਅਤੇ ਅਧਿਆਪਕਾਂ ਦੀ ਵੀ ਖੂਬ ਸਰਾਹਨਾ ਕੀਤੀ ਜੋ ਇਹਨਾਂ ਵਿਸ਼ੇਸ਼ ਬੱਚਿਆਂ ਨੂੰ ਨਾ ਸਿਰਫ ਸਿੱਖਿਆ ਦੇ ਰਹੇ ਹਨ, ਬਲਕਿ ਉਹਨਾਂ ਦਾ ਹੌਸਲਾ ਵਧਾ ਕੇ ਸਮਾਜ ਵਿੱਚ ਇੱਕ ਮਜ਼ਬੂਤ ਸਥਾਨ ਦੇ ਰਹੇ ਹਨ।ਇਹ ਪ੍ਰਦਰਸ਼ਨੀ ਸਾਬਤ ਕਰਦੀ ਹੈ ਕਿ ਯੋਗਤਾ ਕਿਸੇ ਵੀ ਸਰੀਰਕ ਸੀਮਿਤਤਾ ਦੀ ਮੁਹਤਾਜ ਨਹੀਂ ਹੌਸਲਾ, ਮਿਹਨਤ ਅਤੇ ਸਹਿਯੋਗ ਨਾਲ ਹਰ ਬੱਚਾ ਆਪਣੀ ਮੰਜਿਲ ਹਾਸਲ ਕਰ ਸਕਦਾ ਹੈ।