ਅਮਰੀਕਾ-ਈਰਾਨ ਜੰਗ ਕਾਰਨ ਤੇਲ, ਗੈਸ ਤੇ ਕੋਲੇ ਦੀਆਂ ਕੀਮਤਾਂ ਵਧਣ ਮਗਰੋਂ ਇੱਟਾਂ ਦੇ ਭਾਅ ਵੀ ਅਸਮਾਨੀਂ ਚੜ੍ਹੇ, ਘਰਾਂ ਦੀਆਂ ਉਸਾਰੀਆਂ ਦੇ ਕੰਮ ਪ੍ਰਭਾਵਿਤ
ਇਸ ਮੌਕੇ ਠੇਕੇਦਾਰ ਬਲਜੀਤ ਸਿੰਘ, ਕੁਲਵੰਤ ਸਿੰਘ, ਹਰਦੇਵ ਸਿੰਘ, ਮੇਜਰ ਮਸੀਹ ਆਦਿ ਨੇ ਦੱਸਿਆ ਕਿ ਇੱਟਾਂ ਦੇ ਭਾਅ ਅਸਮਾਨੀਂ ਚੜ੍ਹਨ ਕਾਰਨ ਇੱਟਾਂ ਨਾਲ ਤਿਆਰ ਹੋਣ ਵਾਲੀਆਂ ਕੋਠੀਆਂ ਅਤੇ ਸਰਕਾਰੀ ਇਮਾਰਤਾਂ ਦੇ ਕੰਮਕਾਜ ਵੀ ਪ੍ਰਭਾਵਿਤ ਹੋ ਰਹੇ ਹਨ।
Publish Date: Thu, 26 Mar 2026 09:21 AM (IST)
Updated Date: Thu, 26 Mar 2026 09:25 AM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਅਮਰੀਕਾ-ਈਰਾਨ ਯੁੱਧ ਦੇ ਚਲਦਿਆਂ ਜਿੱਥੇ ਤੇਲ, ਗੈਸ ਤੇ ਕੋਲੇ ਦੇ ਰੇਟਾਂ ’ਚ ਵਾਧਾ ਹੋਇਆ ਹੈ, ਉਥੇ ਹੀ ਹੁਣ ਇੱਟਾਂ ਦੇ ਭਾਅ ਅਸਮਾਨੀਂ ਚੜ੍ਹ ਜਾਣ ਕਾਰਨ ਘਰਾਂ ਦੀਆਂ ਉਸਾਰੀਆਂ ਦੇ ਕੰਮ ਵੀ ਪ੍ਰਭਾਵਿਤ ਹੋ ਰਹੇ ਹਨ। ਇਸ ਮੌਕੇ ਪ੍ਰੇਮ ਸਿੰਘ, ਹੀਰਾ ਸਿੰਘ, ਸਿਮਰਨਜੀਤ ਸਿੰਘ, ਗੁਰਦੇਵ ਸਿੰਘ ਆਦਿ ਨੇ ਦੱਸਿਆ ਕਿ ਜਿਹੜੀ ਇੱਟ ਪਿਛਲੇ ਦਿਨੀਂ 6500 ਤੋਂ ਸੱਤ ਹਜ਼ਾਰ ਪ੍ਰਤੀ ਹਜ਼ਾਰ ਮਿਲਦੀ ਸੀ, ਇਸ ਵੇਲੇ ਇਹ ਇੱਟ 9 ਹਜ਼ਾਰ ਤੋਂ ਲੈ ਕੇ 9500 ਤੱਕ ਪ੍ਰਤੀ ਹਜ਼ਾਰ ਮਿਲ ਰਹੀ ਹੈ। ਇਸ ਮੌਕੇ ਠੇਕੇਦਾਰ ਬਲਜੀਤ ਸਿੰਘ, ਕੁਲਵੰਤ ਸਿੰਘ, ਹਰਦੇਵ ਸਿੰਘ, ਮੇਜਰ ਮਸੀਹ ਆਦਿ ਨੇ ਦੱਸਿਆ ਕਿ ਇੱਟਾਂ ਦੇ ਭਾਅ ਅਸਮਾਨੀਂ ਚੜ੍ਹਨ ਕਾਰਨ ਇੱਟਾਂ ਨਾਲ ਤਿਆਰ ਹੋਣ ਵਾਲੀਆਂ ਕੋਠੀਆਂ ਅਤੇ ਸਰਕਾਰੀ ਇਮਾਰਤਾਂ ਦੇ ਕੰਮਕਾਜ ਵੀ ਪ੍ਰਭਾਵਿਤ ਹੋ ਰਹੇ ਹਨ। ਅਮਰੀਕਾ-ਈਰਾਨ ਜੰਗ ਤੋਂ ਬਾਅਦ ਤੇਲ ਤੇ ਗੈਸ ਦੀ ਕਿੱਲਤ ਹੋਣ ਤੋਂ ਬਾਅਦ ਕੋਲੇ ਦੇ ਭਾਅ ’ਚ ਆਈ ਤੇਜ਼ੀ ਕਾਰਨ ਭੱਠਿਆਂ ਦੀ ਇੱਟ ਦੀ ਕੀਮਤ ਵੀ ਵਧ ਗਈ ਹੈ। ਜੇ ਇਸੇ ਤਰ੍ਹਾਂ ਹੀ ਇੱਟਾਂ ਦੇ ਭਾਅ ’ਚ ਵਾਧਾ ਹੁੰਦਾ ਰਿਹਾ ਤਾਂ ਘਰਾਂ ਦੇ ਨਿਰਮਾਣ ਕਾਰਜ ਠੱਪ ਹੋ ਜਾਣਗੇ, ਜਿਸ ਕਾਰਨ ਮਜ਼ਦੂਰਾਂ ਤੇ ਰਾਜ ਮਿਸਤਰੀਆਂ ਦੇ ਰੁਜ਼ਗਾਰ ’ਤੇ ਵੀ ਇਸ ਦਾ ਮਾੜਾ ਪ੍ਰਭਾਵ ਪੈ ਸਕਦਾ ਹੈ।
ਇਸ ਮੌਕੇ ਭੱਠਾ ਮਾਲਕਾਂ ਨੇ ਦੱਸਿਆ ਕਿ ਜੋ ਕੋਲਾ ਪਹਿਲਾਂ 10500 ਤੋਂ ਲੈ ਕੇ 11500 ਪ੍ਰਤੀ ਟਨ ਮਿਲਦਾ ਸੀ ਅਤੇ ਪਿਛਲੇ ਸਮੇਂ ਕੋਲੇ ਦੀ ਜੀਐੱਸਟੀ 5 ਤੋਂ 18 ਫੀਸਦ ਵਾਧਾ ਕਰਨ ਤੋਂ ਬਾਅਦ ਇਹ ਕੋਲਾ 20 ਹਜਾਰ ਦੇ ਕਰੀਬ ਪ੍ਰਤੀ ਟਨ ਪਹੁੰਚ ਗਿਆ ਹੈ। ਕੋਲੇ ਦੇ ਵਪਾਰੀਆਂ ਵੱਲੋਂ ਕੋਲਾ ਮਹਿੰਗੇ ਭਾਅ ਵੀ ਭੱਠਾ ਮਾਲਕਾਂ ਨੂੰ ਦੇਣ ਤੋਂ ਗ਼ੁਰੇਜ਼ ਕੀਤਾ ਜਾ ਰਿਹਾ ਹੈ। ਕਈ-ਕਈ ਦਿਨ ਪਹਿਲਾਂ ਕੋਲੇ ਦੇ ਪੈਸੇ ਜਮ੍ਹਾਂ ਕਰਵਾਉਣਾ ਉਪਰੰਤ ਉਨ੍ਹਾਂ ਨੂੰ ਕੋਲਾ ਵੱਧ ਰੇਟ ’ਚ ਪ੍ਰਾਪਤ ਹੋ ਰਿਹਾ ਹੈ। ਕੋਲੇ ਦੇ ਵਪਾਰੀਆਂ ਵੱਲੋਂ ਉਨ੍ਹਾਂ ਨੂੰ ਅਮਰੀਕਾ, ਇਜ਼ਰਾਈਲ, ਈਰਾਨ ਜੰਗ ਕਾਰਨ ਯੂਐੱਸਏ ਤੋਂ ਬੰਦਰਗਾਹਾਂ ਰਾਹੀਂ ਸ਼ਿੱਪਾਂ ਰਾਹੀਂ ਆਉਣ ਵਾਲੇ ਕੋਲੇ ਦੀ ਸਪਲਾਈ ਘੱਟ ਆਉਣ ਦਾ ਕਾਰਨ ਦੱਸਿਆ ਜਾ ਰਿਹਾ ਹੈ। ਕੋਲੇ ਦਾ ਭਾਅ ਵਧਣ ਕਾਰਨ ਤੇ ਪੱਕੀਆਂ ਇੱਟਾਂ ਦੀ ਕਮੀ ਹੋਣ ਕਾਰਨ ਇੱਟਾਂ ਦੇ ਰੇਟ ’ਚ ਵਾਧਾ ਹੋਇਆ ਹੈ।