ਨੌਸਰਬਾਜ਼ ਮਹਿਲਾ ਨੇ ਈਓ ਬਣ ਪਿੰਡ ਦੇ ਸਰਪੰਚ ਨਾਲ ਮਾਰੀ ਠੱਗੀ
ਨੌਸਰਬਾਜ਼ ਮਹਿਲਾ ਨੇ ਈਓ ਬਣ ਪਿੰਡ ਦੇ ਸਰਪੰਚ ਨਾਲ ਮਾਰੀ ਠੱਗੀ
Publish Date: Sat, 17 Jan 2026 06:03 PM (IST)
Updated Date: Sun, 18 Jan 2026 04:13 AM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ: ਪੁਲਿਸ ਥਾਣਾ ਕਲਾਨੌਰ ਅਧੀਨ ਆਉਂਦੇ ਪਿੰਡ ਕੋਟ ਮੀਆਂ ਸਾਹਿਬ ਵਿਖੇ ਮੌਜੂਦਾ ਸਰਪੰਚ ਅਤੇ ਦੁਕਾਨਦਾਰ ਤੋਂ ਨੌਸਰਬਾਜ਼ ਈਓ ਬਣੀ ਮਹਿਲਾ ਵੱਲੋਂ ਗੂਗਲ ਪੇਅ ਰਾਹੀਂ ਰਾਸ਼ੀ ਪੁਵਾ ਕੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸਰਪੰਚ ਸਤਿੰਦਰਜੀਤ ਸਿੰਘ ਕੋਟ ਮੀਆਂ ਸਾਹਿਬ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਉਸ ਦੇ ਮੋਬਾਇਲ ਤੇ ਇੱਕ ਮਹਿਲਾ ਨੇ ਉਸ ਨੂੰ ਫੋਨ ਕਰਕੇ ਕਿਹਾ ਕਿ ਉਹ ਈਓ ਬੋਲਦੀ ਹੈ ਅਤੇ ਉਸਦਾ ਨਾਂ ਕੁਲਵਿੰਦਰ ਕੌਰ ਹੈ। ਉਹ ਪਿੰਡ ਕੋਟ ਮੀਆਂ ਸਾਹਿਬ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਬੂਟ ਅਤੇ ਵਰਦੀਆਂ ਵੰਡ ਰਹੀ ਹੈ ਅਤੇ ਸਰਪੰਚ ਵਜੋਂ ਤੁਸੀਂ ਵੀ ਸ਼ਾਮਲ ਹੋਵੋ। ਸਤਿੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਮਹਿਲਾ ਔਰਤ ਨੇ ਕਿਹਾ ਕਿ ਬੱਚਿਆਂ ਦੇ ਪੇਪਰਾਂ ਦੀ ਪੀਡੀਐੱਫ ਫਾਈਲ ਹੈ ਤੁਸੀਂ ਇਸ ਦਾ ਪ੍ਰਿੰਟ ਕਢਵਾ ਦੇਵੋ ਅਤੇ ਇਹ ਪੇਪਰ ਲੀਕ ਨਾ ਹੋਣ। ਸਤਿੰਦਰਜੀਤ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਪਿੰਡ ਦੇ ਰਮੇਸ਼ ਕੁਮਾਰ, ਜੋ ਫੋਟੋ ਸਟੇਟ ਦਾ ਕੰਮ ਕਰਦਾ ਹੈ, ਦਾ ਨੰਬਰ ਦੇ ਦਿੱਤਾ। ਮਹਿਲਾ ਵੱਲੋਂ ਉਸ ਨੂੰ ਪੀਡੀਐੱਫ ਦੇ ਪੇਪਰ ਕੱਢਣ ਲਈ ਉਕਤ ਔਰਤ ਨੇ ਫੋਨ ਤੇ ਰਮੇਸ਼ ਕੁਮਾਰ ਨੂੰ ਕਿਹਾ ਕਿ ਮੇਰਾ ਗੱਡੀ ਵਾਲਾ ਨਕਦ ਕੈਸ਼ ਆਪ ਨੂੰ ਦੇਣ ਆ ਰਿਹਾ ਹੈ। ਤੁਸੀਂ 9876839307 ਨੰਬਰ ਵਾਲੇ ਭੇਜੇ ਸਕੈਨਰ ਤੇ 3860 ਪੈਸੇ ਪਾ ਦੇਵੋ। ਰਮੇਸ਼ ਨੇ ਉਸ ਸਕੈਨਰ ਵਿੱਚ ਦੋ ਵਾਰ 3860 ਪੈਸੇ ਪਾ ਦਿੱਤੇ ਅਤੇ ਇਸ ਤੋਂ ਬਾਅਦ ਉਕਤ ਨੌਸਰਬਾਜ਼ ਔਰਤ ਨੇ ਉਸ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ। ਸਤਿੰਦਰਜੀਤ ਸਿੰਘ ਅਤੇ ਰਮੇਸ਼ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਤੁਰੰਤ ਉਨ੍ਹਾਂ ਪੁਲਿਸ ਥਾਣਾ ਕਲਾਨੌਰ ਨੂੰ ਰਿਪੋਰਟ ਦਰਜ ਕਰਵਾਈ ਜਿੱਥੇ ਪੁਲਿਸ ਨੇ ਜਿਸ ਸਕੈਨਰ ਰਾਹੀਂ ਪੈਸੇ ਪਏ ਸਨ ਉਸ ਦੀ ਜਾਂਚ ਕਰਨ ਤੋਂ ਪਤਾ ਲੱਗਾ ਕਿ ਇਹ ਅੰਮ੍ਰਿਤਸਰ ਦੇ ਇੱਕ ਪੈਟਰੋਲ ਪੰਪ ਤੇ ਕ੍ਰਿਸ਼ਨ ਨਾਮਕ ਵਿਅਕਤੀ ਦੇ ਨਾਂ ਦਾ ਸਕੈਨਰ ਹੈ ਅਤੇ ਉਹ ਵਿਅਕਤੀ ਪੈਟਰੋਲ ਪੰਪ ਤੋਂ ਪੈਸੇ ਲੈ ਕੇ ਰਫ਼ੂ ਚੱਕਰ ਹੋ ਚੁੱਕਾ ਹੈ। ਇਸ ਸਬੰਧੀ ਪੁਲਿਸ ਬਰੀਕੀ ਨਾਲ ਜਾਂਚ ਵਿੱਚ ਲੱਗੀ ਹੋਈ ਹੈ।