ਸੰਘਣੀ ਧੁੰਦ ਦੌਰਾਨ ਟੀਚਰਾਂ ਨਾਲ ਭਰੀ ਵੈਗਨਾਰ ਗੱਡੀ ਅਤੇ ਟਰੱਕ ਦੀ ਟੱਕਰ, ਦਰਜਨ ਦੇ ਕਰੀਬ ਅਧਿਆਪਕ ਗੰਭੀਰ ਫੱਟੜ

ਜੀਆਰਪੀ
ਕੈਪਸ਼ਨ : ਸੜਕ ਹਾਦਸੇ ਵਿੱਚ ਜ਼ਖਮੀ ਹੋਏ ਅਧਿਆਪਕ।
* ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ’ਚ ਕਰਵਾਇਆ ਦਾਖ਼ਲ
* ਜ਼ਖ਼ਮੀ ਅਧਿਆਪਕਾਂ ਦੇ ਬਿਆਨਾਂ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ : ਐੱਸਐੱਚਓ
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ : ਸ਼ਨਿਚਰਵਾਰ ਨੂੰ ਇਲਾਕੇ ’ਚ ਪਈ ਸੰਘਣੀ ਧੁੰਦ ਦੌਰਾਨ ਨੈਸ਼ਨਲ ਹਾਈਵੇ 354 ਤੇ ਕਲਾਨੌਰ-ਗੁਰਦਾਸਪੁਰ ਮਾਰਗ ’ਤੇ ਪੈਂਦੇ ਅੱਡਾ ਨੜਾਂਵਾਲੀ ਤੇ ਪਿੰਡ ਗੋਸਲ ਦੇ ਦਰਮਿਆਨ ਟਰੱਕ ਤੇ ਵੈਗਨਾਰ ਗੱਡੀ ਦੀ ਟੱਕਰ ਤੋਂ ਬਾਅਦ ਵੈਗਨਾਰ ’ਚ ਆਲਟੋ ਕਾਰ ਵੱਜਣ ਕਾਰਨ 11 ਦੇ ਕਰੀਬ ਮਹਿਲਾ ਤੇ ਪੁਰਸ਼ ਅਧਿਆਪਕ ਜ਼ਖ਼ਮੀ ਹੋ ਗਏ। ਇਸ ਘਟਨਾ ਦੀ ਖ਼ਬਰ ਸੁਣਦਿਆਂ ਹੀ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ’ਚ ਤਾਇਨਾਤ 108 ਦੇ ਪਾਇਲਟ ਗੋਬਿੰਦ ਸਿੰਘ ਤੇ ਈਐੱਮਟੀ ਜਸਦੀਪ ਸਿੰਘ ਵੱਲੋਂ ਮੌਕੇ ’ਤੇ ਪਹੁੰਚ ਕੇ ਜ਼ਖ਼ਮੀ ਅਧਿਆਪਕਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ। ਇਸ ਘਟਨਾ ਦੀ ਖ਼ਬਰ ਸੁਣਦਿਆਂ ਹੀ ਥਾਣਾ ਕਲਾਨੌਰ ਦੇ ਐੱਸਐੱਚਓ ਜਤਿੰਦਰ ਪਾਲ, ਏਐੱਸਆਈ ਚੰਚਲ ਕੁਮਾਰ ਤੋਂ ਇਲਾਵਾ ਸੜਕ ਸੁਰੱਖਿਆ ਫੋਰਸ ਦੇ ਜਵਾਨ ਵੀ ਮੌਕੇ ’ਤੇ ਪਹੁੰਚੇ।
ਜਾਣਕਾਰੀ ਅਨੁਸਾਰ ਸ਼ਨਿਚਰਵਾਰ ਨੂੰ ਸੰਘਣੀ ਧੁੰਦ ਦੌਰਾਨ ਕਲਾਨੌਰ ਤੋਂ ਲੰਘਦੇ ਨੈਸ਼ਨਲ ਹਾਈਵੇ-354 ਤੇ ਗੁਰਦਾਸਪੁਰ ਮਾਰਗ ’ਤੇ ਇਹ ਪੈਂਦੇ ਅੱਡਾ ਨੜਾਂਵਾਲੀ ਤੇ ਗੋਸਲ ਦਰਮਿਆਨ ਗੁਰਦਾਸਪੁਰ ਨੂੰ ਜਾ ਰਹੇ ਟਰੱਕ (ਪੀਬੀ06-ਕਿਊ-4032) ਅਤੇ ਗੁਰਦਾਸਪੁਰ ਵਾਲੇ ਪਾਸੇ ਤੋਂ ਆ ਰਹੀ ਵੈਗਨਾਰ (ਪੀਬੀ01-ਏ-5463), ਜਿਸ ’ਚ ਅੱਠ ਦੇ ਕਰੀਬ ਮਹਿਲਾ ਤੇ ਪੁਰਸ਼ ਅਧਿਆਪਕ ਸਵਾਰ ਸਨ, ਟਰੱਕ ਤੇ ਵੈਗਨਰ ਦਰਮਿਆਨ ਟੱਕਰ ਹੋ ਗਈ। ਇਸ ਦੌਰਾਨ ਹੀ ਪਿੱਛੋਂ ਆ ਰਹੀ ਆਲਟੋ ਕਾਰ (ਪੀਬੀ06-ਏਐੱਸ-1310), ਜਿਸ ’ਚ ਵੀ ਅਧਿਆਪਕ ਸਵਾਰ ਸਨ, ਵੈਗਨਾਰ ਗੱਡੀ ਪਿੱਛੇ ਟਕਰਾ ਗਈ। ਇਸ ਦੌਰਾਨ ਵੈਗਨਾਰ ’ਚ ਪਠਾਨਕੋਟ, ਦੀਨਾਨਗਰ ਦੇ ਖੇਤਰ ਨਾਲ ਸਬੰਧਤ ਸਰਕਾਰੀ ਸਕੂਲਾਂ ’ਚ ਤਾਇਨਾਤ ਮਹਿਲਾ ਤੇ ਪੁਰਸ਼ ਅਧਿਆਪਕ, ਜੋ ਫਤਿਹਗੜ੍ਹ ਚੂੜੀਆਂ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਦੇ ਸਕੂਲਾਂ ’ਚ ਤਾਇਨਾਤ ਸਨ, ਜਿਨ੍ਹਾਂ ’ਚ ਪ੍ਰਦੀਪ ਕੁਮਾਰ ਬੱਬੇਹਾਲੀ, ਸ਼ਾਲੀ ਸੈਣੀ ਦੀਨਾਨਗਰ, ਅੰਜੂ ਬਾਲਾ ਸਰਨਾ, ਚੇਤਨਾ ਪਠਾਨਕੋਟ, ਏਕਤਾ ਸ਼ੇਰਪੁਰ ਨਜ਼ਦੀਕ ਪਠਾਨਕੋਟ, ਮੀਨੂ ਸੈਣੀ ਤਾਰਾਗੜ੍ਹ, ਰਿਤਿਕਾ ਸੈਣੀ ਦੀਨਾਨਗਰ ਜੋ ਵੈਗਨਰ ਗੱਡੀ ਵਿੱਚ ਸਵਾਰ ਸਨ, ਗੰਭੀਰ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਆਲਟੋ ਕਾਰ ’ਚ ਸਵਾਰ ਅਧਿਆਪਕ ਅਮਿਤ ਕੁਮਾਰ ਸਾਊਵਾਲ ਤੇ ਉਸ ਦਾ ਸਾਥੀ ਅਧਿਆਪਕ ਜ਼ਖ਼ਮੀ ਹੋਣ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਖੁਸ਼ੀਪੁਰ ਦੀ ਅਧਿਆਪਕਾ ਕੰਚਨ ਵੀ ਜ਼ਖ਼ਮੀ ਹੋ ਗਈ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਇਸ ਸਬੰਧੀ ਥਾਣਾ ਕਲਾਨੌਰ ਦੇ ਐੱਸਐੱਚਓ ਜਤਿੰਦਰ ਪਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਧੁੰਦ ਕਾਰਨ ਵਾਪਰੇ ਹਾਦਸੇ ਦੌਰਾਨ ਤੁਰੰਤ ਪੁਲਿਸ ਕਰਮਚਾਰੀਆਂ ਸਮੇਤ ਘਟਨਾ ਸਥਾਨ ’ਤੇ ਪੁੱਜੇ। ਇਸ ਤੋਂ ਇਲਾਵਾ ਮੌਕੇ ’ਤੇ ਸੜਕ ਸੁਰੱਖਿਆ ਫੋਰਸ ਦੇ ਜਵਾਨ ਵੀ ਮੌਜੂਦ ਸਨ ਤੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਅਧਿਆਪਕਾਂ ਦੇ ਬਿਆਨਾਂ ’ਤੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।