ਉਹਨਾਂ ਦੱਸਿਆ ਕਿ ਇਸ ਦਰਸ਼ਨ ਸਥੱਲ ’ਤੇ ਫਿਲਮੀ ਐਕਟਰ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਰਹਿ ਚੁੱਕੇ ਪਾਰਲੀਮੈਂਟ ਮੈਂਬਰ ਸੰਨੀ ਦਿਓਲ ਵੱਲੋਂ ਵੀ ਸ਼ਰਧਾਲੂਆਂ ਲਈ ਦਰਸ਼ਨ ਸਥੱਲ ’ਤੇ ਦੂਰਬੀਨਾਂ ਲਗਾਈਆਂ ਗਈਆਂ ਸਨ ਪਰ ਅਫ਼ਸੋਸ ਕਿ ਦਰਸ਼ਨ ਸਥੱਲ ’ਤੇ ਇਸ ਸਮੇਂ ਕੋਈ ਵੀ ਦੂਰਬੀਨ ਨਾ ਹੋਣ ਕਰ ਕੇ ਸਰਹੱਦ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ।

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਡੇਰਾ ਬਾਬਾ ਨਾਨਕ : ਇਤਿਹਾਸਕ ਕਸਬਾ ਕਲਾਨੌਰ ਵਿੱਚ ਮੇਲਾ ਚੋਲਾ ਸਾਹਿਬ ਸ਼ੁਰੂ ਹੁੰਦਿਆਂ ਹੀ ਦੇਸ਼ ਵਿਦੇਸ਼ ਤੋਂ ਆਏ ਸ਼ਰਧਾਲੂਆਂ ਵੱਲੋਂ ਭਾਰਤ-ਪਾਕਿਸਤਾਨ ਦੀ ਸਰਹੱਦ ’ਤੇ ਬਣੇ ਦਰਸ਼ਨ ਸਥੱਲ ’ਤੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦਾ ਸੈਲਾਬ ਉਮੜਿਆ ਹੋਇਆ ਹੈ। ਸਰਹੱਦ ’ਤੇ ਬਣੇ ਦਰਸ਼ਨ ਸਥੱਲ ’ਤੇ ਦੂਰਬੀਨ ਨਾ ਹੋਣ ਕਾਰਨ ਸ਼ਰਧਾਲੂਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਮੌਕੇ ਬਲਜੀਤ ਸਿੰਘ, ਸਮਿੰਦਰ ਸਿੰਘ, ਮਹਿੰਦਰ ਸਿੰਘ, ਗੁਰਚਰਨ ਸਿੰਘ, ਬਲਕਾਰ ਸਿੰਘ, ਸੁਖਦੇਵ ਸਿੰਘ, ਅਮਰਜੀਤ ਕੌਰ, ਬਲਵਿੰਦਰ ਕੌਰ, ਸੁਖਵਿੰਦਰ ਕੌਰ, ਰਾਜ ਕੁਮਾਰ ਆਦਿ ਨੇ ਦੱਸਿਆ ਕਿ ਜਿੱਥੇ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਵੱਲੋਂ ਆਪਰੇਸ਼ਨ ਸਿੰਧੂਰ ਤੋਂ ਬਾਅਦ ਡੇਰਾ ਬਾਬਾ ਨਾਨਕ ਦੀ ਸਰਹੱਦ ’ਤੇ ਬਣੇ ਕਰਤਾਰਪੁਰ ਲਾਂਘਾ ਬੰਦ ਕਰ ਦਿੱਤਾ ਹੋਇਆ ਹੈ, ਉਥੇ ਦਰਸ਼ਨ ਸਥੱਲ ’ਤੇ ਪਹਿਲਾਂ ਲੱਗੀ ਦੂਰਬੀਨ, ਜਿਸ ਨਾਲ ਸ਼ਰਧਾਲੂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਦੇ ਸਨ, ਨੂੰ ਵੀ ਹਟਾ ਦਿੱਤਾ ਗਿਆ ਹੈ।
ਉਹਨਾਂ ਦੱਸਿਆ ਕਿ ਇਸ ਦਰਸ਼ਨ ਸਥੱਲ ’ਤੇ ਫਿਲਮੀ ਐਕਟਰ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਰਹਿ ਚੁੱਕੇ ਪਾਰਲੀਮੈਂਟ ਮੈਂਬਰ ਸੰਨੀ ਦਿਓਲ ਵੱਲੋਂ ਵੀ ਸ਼ਰਧਾਲੂਆਂ ਲਈ ਦਰਸ਼ਨ ਸਥੱਲ ’ਤੇ ਦੂਰਬੀਨਾਂ ਲਗਾਈਆਂ ਗਈਆਂ ਸਨ ਪਰ ਅਫ਼ਸੋਸ ਕਿ ਦਰਸ਼ਨ ਸਥੱਲ ’ਤੇ ਇਸ ਸਮੇਂ ਕੋਈ ਵੀ ਦੂਰਬੀਨ ਨਾ ਹੋਣ ਕਰ ਕੇ ਸਰਹੱਦ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ।
ਸੰਗਤਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਦਰਸ਼ਨ ਸਥੱਲ ’ਤੇ ਤੁਰੰਤ ਦੂਰਬੀਨਾਂ ਲਗਾਈਆਂ ਜਾਣ ਤਾਂ ਜੋ ਨਾਨਕ ਨਾਮ ਲੇਵਾ ਸੰਗਤਾਂ ਸਰਹੱਦ ਤੋਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰ ਸਕਣ।
ਸ਼ਰਧਾਲੂਆਂ ਨੇ ਮੰਗ ਕੀਤੀ ਕਿ ਪਿਛਲੇ ਸਮੇਂ ਤੋਂ ਬੰਦ ਕੀਤੇ ਗਏ ਕਰਤਾਰਪੁਰ ਲਾਂਘੇ ਨੂੰ ਤੁਰੰਤ ਖੋਲ੍ਹਿਆ ਜਾਵੇ ਅਤੇ ਪਾਸਪੋਰਟ ਦੀ ਸ਼ਰਤ ਅਤੇ 20 ਡਾਲਰ ਦੀ ਰਾਸ਼ੀ ਵੀ ਮੁਆਫ ਕੀਤੀ ਜਾਵੇ।