27ਵੀਂ ਬਟਾਲੀਅਨ ਨੇ ਵਿਦਿਆਰਥੀਆਂ ਨੂੰ ਬੀਐੱਸਐੱਫ ਦੀ ਕਾਰਜਸ਼ੈਲੀ ਤੋਂ ਜਾਣੂ ਕਰਵਾਇਆ
27ਵੀਂ ਬਟਾਲੀਅਨ ਨੇ ਵਿਦਿਆਰਥੀਆਂ ਨੂੰ ਬੀਐੱਸਐੱਫ ਦੀ ਕਾਰਜਸ਼ੈਲੀ ਤੋਂ ਜਾਣੂ ਕਰਵਾਇਆ
Publish Date: Tue, 18 Nov 2025 04:12 PM (IST)
Updated Date: Tue, 18 Nov 2025 04:13 PM (IST)

ਮਹਿੰਦਰ ਸਿੰਘ ਅਰਲੀਭੰਨ,ਪੰਜਾਬੀ ਜਾਗਰਣ ਕਲਾਨੌਰ: ਬੀਐੱਸਐੱਫ ਸੈਕਟਰ ਗੁਰਦਾਸਪੁਰ ਦੇ ਡੀਆਈਜੀ ਜੇਕੇ ਬਿਰਦੀ ਦੀ ਦੇਖ ਰੇਖ ਹੇਠ ਸੀਮਾ ਸੁਰੱਖਿਆ ਬਲ ਆਪਣੇ 60ਵੇਂ ਸਥਾਪਨਾ ਦਿਵਸ ਨੂੰ ਮਨਾਉਂਦੇ ਹੋਏ ਆਪਣੀ ਡਾਇਮੰਡ ਜੁਬਲੀ ਮਨਾ ਰਿਹਾ ਹੈ। ਇਸ ਮੌਕੇ ਨੂੰ ਮਨਾਉਣ ਲਈ ਬੀਐੱਸਐੱਫ ਸਰਹੱਦੀ ਖੇਤਰਾਂ ਵਿੱਚ ਸਥਾਨਕ ਨਿਵਾਸੀਆਂ ਅਤੇ ਸਕੂਲ/ਕਾਲਜ ਦੇ ਵਿਦਿਆਰਥੀਆਂ ਨੂੰ ਬੀਐੱਸਐੱਫ ਦੀ ਉਤਪਤੀ, ਇਤਿਹਾਸ, ਕਰਤੱਵਾਂ ਅਤੇ ਦੇਸ਼ ਦੀ ਅੰਦਰੂਨੀ ਸੁਰੱਖਿਆ ਵਿੱਚ ਇਸਦੇ ਯੋਗਦਾਨ ਬਾਰੇ ਜਾਗਰੂਕ ਕਰਨ ਲਈ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕਰ ਰਿਹਾ ਹੈ। ਆਊਟਰੀਚ ਪ੍ਰੋਗਰਾਮਾਂ ਦੀ ਇਸ ਲੜੀ ਨੂੰ ਜਾਰੀ ਰੱਖਦੇ ਹੋਏ 27ਵੀਂ ਬਟਾਲੀਅਨ ਬੀਐੱਸਐੱਫ ਵੱਲੋਂ ਦੋ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਗਏ। ਪਹਿਲਾ ਪ੍ਰੋਗਰਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਾਹਪੁਰ ਗੁਰਾਇਆ ਵਿਖੇ ਅਤੇ ਦੂਜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੋਸੇ ਵਿਖੇ ਆਯੋਜਿਤ ਕੀਤਾ ਗਿਆ। ਦੋਵਾਂ ਥਾਵਾਂ ਤੇ ਵਿਦਿਆਰਥੀਆਂ ਨੂੰ ਵੀਡੀਓ ਰਾਹੀਂ ਬੀਐੱਸਐੱਫ ਦੀ ਕਾਰਜਸ਼ੈਲੀ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕੀਤੀ ਗਈ। ਇਸ ਮੌਕੇ ਤੇ ਕੰਪਨੀ ਕਮਾਂਡਰ ਮੇਟਲਾ ਅਤੇ ਕੰਪਨੀ ਕਮਾਂਡਰ ਰੋਸੇ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਦੇਸ਼ ਦੀ ਸੁਰੱਖਿਆ ਵਿੱਚ ਬੀਐੱਸਐੱਫ ਦੀ ਭੂਮਿਕਾ, ਮਹੱਤਵ ਅਤੇ ਯੋਗਦਾਨ ਤੇ ਚਾਨਣਾ ਪਾਇਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਅਤੇ ਨੌਜਵਾਨਾਂ ਨੂੰ ਬੀਐੱਸਐੱਫ ਵਿੱਚ ਸ਼ਾਮਲ ਹੋ ਕੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।