ਸੁਜਾਨਪੁਰ ਇਲਾਕੇ ’ਚ ਸੀਸੀਟੀਵੀ ਕੈਮਰਿਆਂ ਰਾਹੀਂ ਫੌਜੀ ਹਲਚਲ ’ਤੇ ਰੱਖੀ ਜਾ ਰਹੀ ਸੀ ਨਜ਼ਰ, ਮਾਮਲੇ ਦੀ ਤਕਨੀਕੀ ਤੇ ਡਿਜੀਟਲ ਪੱਖ ਤੋਂ ਕੀਤੀ ਜਾ ਰਹੀ ਜਾਂਚ
ਐਸਐਸਪੀ ਦਲਜਿੰਦਰ ਸਿੰਘ ਢਿਲੋਂ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਕੁਝ ਵਿਅਕਤੀ ਮਿਲੀਭੁਗਤ ਕਰਕੇ ਸੁਜਾਨਪੁਰ ਦੇ ਪੁਲ ਨੰਬਰ 4 ਅਤੇ 5 ਦੇ ਵਿਚਕਾਰ ਹਾਈਵੇ ਕਿਨਾਰੇ ਸਥਿਤ ਇਕ ਦੁਕਾਨ ‘ਤੇ ਸੀਸੀਟੀਵੀ ਕੈਮਰੇ ਲਗਾ ਕੇ ਸੁਰੱਖਿਆ ਬਲਾਂ ਦੀ ਆਵਾਜਾਈ ‘ਤੇ ਨਜ਼ਰ ਰੱਖ ਰਹੇ ਹਨ।
Publish Date: Thu, 21 May 2026 09:52 PM (IST)
Updated Date: Thu, 21 May 2026 09:53 PM (IST)
ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ ਜ਼ਿਲ੍ਹਾ ਪੁਲਿਸ ਨੇ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਇਕ ਸੰਵੇਦਨਸ਼ੀਲ ਮਾਮਲੇ ਵਿੱਚ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਸੁਜਾਨਪੁਰ ਇਲਾਕੇ ਵਿੱਚ ਨੈਸ਼ਨਲ ਹਾਈਵੇ-44 ਦੇ ਨੇੜੇ ਲਗਾਏ ਗਏ ਸੀਸੀਟੀਵੀ ਕੈਮਰਿਆਂ ਰਾਹੀਂ ਫੌਜ ਅਤੇ ਅਰਧਸੈਨਿਕ ਬਲਾਂ ਦੀ ਹਲਚਲ ‘ਤੇ ਨਿਗਰਾਨੀ ਰੱਖੀ ਜਾ ਰਹੀ ਸੀ।
ਐਸਐਸਪੀ ਦਲਜਿੰਦਰ ਸਿੰਘ ਢਿਲੋਂ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਕੁਝ ਵਿਅਕਤੀ ਮਿਲੀਭੁਗਤ ਕਰਕੇ ਸੁਜਾਨਪੁਰ ਦੇ ਪੁਲ ਨੰਬਰ 4 ਅਤੇ 5 ਦੇ ਵਿਚਕਾਰ ਹਾਈਵੇ ਕਿਨਾਰੇ ਸਥਿਤ ਇਕ ਦੁਕਾਨ ‘ਤੇ ਸੀਸੀਟੀਵੀ ਕੈਮਰੇ ਲਗਾ ਕੇ ਸੁਰੱਖਿਆ ਬਲਾਂ ਦੀ ਆਵਾਜਾਈ ‘ਤੇ ਨਜ਼ਰ ਰੱਖ ਰਹੇ ਹਨ। ਪ੍ਰਾਰੰਭਿਕ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਕੈਮਰਿਆਂ ਦੀ ਲਾਈਵ ਫੀਡ ਅਤੇ ਹੋਰ ਜਾਣਕਾਰੀ ਇਲੈਕਟ੍ਰਾਨਿਕ ਮਾਧਿਅਮ ਰਾਹੀਂ ਵਿਦੇਸ਼ਾਂ ਵਿੱਚ ਬੈਠੇ ਕੁਝ ਸ਼ੱਕੀ ਤੱਤਾਂ ਤੱਕ ਪਹੁੰਚਾਈ ਜਾ ਰਹੀ ਸੀ।
ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਚਕ ਧਾਰੀਵਾਲ ਵਾਸੀ ਬਲਜੀਤ ਸਿੰਘ ਉਰਫ਼ ਬਿੱਟੂ ਨੂੰ ਨਰੋਟ ਪੁੱਲੀ-ਸਰਨਾ ਇਲਾਕੇ ਨੇੜੇ ਕਾਬੂ ਕਰ ਲਿਆ। ਇਸ ਤੋਂ ਬਾਅਦ ਪੁਲਿਸ ਟੀਮ ਨੇ ਪੁਲ ਨੰਬਰ 4 ਅਤੇ 5 ਦੇ ਵਿਚਕਾਰ ਮੌਕੇ ‘ਤੇ ਪਹੁੰਚ ਕੇ ਲੱਗੇ ਸੀਸੀਟੀਵੀ ਕੈਮਰੇ ਆਪਣੇ ਕਬਜ਼ੇ ਵਿੱਚ ਲੈ ਲਏ। ਮਾਮਲੇ ਦੀ ਤਕਨੀਕੀ ਅਤੇ ਡਿਜ਼ਿਟਲ ਪੱਖ ਤੋਂ ਵੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਅਨੁਸਾਰ ਇਸ ਮਾਮਲੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਸੰਧਲਪੁਰ ਵਾਸੀ ਬਲਜਿੰਦਰ ਸਿੰਘ ਉਰਫ਼ ਵਿੱਕੀ, ਤਰਨਪ੍ਰੀਤ ਸਿੰਘ ਅਤੇ ਨਵਾਂ ਪਿੰਡ (ਸੁਜਾਨਪੁਰ) ਵਾਸੀ ਵਿਕਰਮਜੀਤ ਸਿੰਘ ਉਰਫ਼ ਵਿੱਕਾ ਦੇ ਨਾਮ ਵੀ ਸਾਹਮਣੇ ਆਏ ਹਨ। ਜਾਂਚ ਏਜੰਸੀਆਂ ਇਹ ਪਤਾ ਲਗਾਉਣ ਵਿੱਚ ਜੁਟੀਆਂ ਹੋਈਆਂ ਹਨ ਕਿ ਇਸ ਸਾਰੇ ਨੈੱਟਵਰਕ ਦੇ ਪਿੱਛੇ ਹੋਰ ਕੌਣ-ਕੌਣ ਸ਼ਾਮਲ ਸੀ ਅਤੇ ਜਾਣਕਾਰੀ ਕਿਸ ਤਰੀਕੇ ਨਾਲ ਭੇਜੀ ਜਾ ਰਹੀ ਸੀ।
ਸੁਜਾਨਪੁਰ ਥਾਣੇ ਵਿੱਚ ਚਾਰਾਂ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਨਾਲ ਜੁੜੇ ਮਾਮਲਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜਾਂਚ ਦੇ ਆਧਾਰ ‘ਤੇ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ।