ਸੈਲਾਨੀਆਂ ਲਈ ਵੱਡੀ ਖ਼ੁਸ਼ਖ਼ਬਰੀ: 3 ਸਾਲ ਬਾਅਦ ਮੁੜ ਪਟੜੀ ’ਤੇ ਦੌੜੇਗੀ ਪਠਾਨਕੋਟ-ਕਾਂਗੜਾ ਘਾਟੀ ਨੈਰੋਗੇਜ ਟਰੇਨ, ਰੇਲਵੇ ਨੇ ਤਿਆਰੀਆਂ ਕੀਤੀਆਂ ਮੁਕੰਮਲ
ਰੇਲਵੇ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਤਿਆਰੀਆਂ ਲਗਭਗ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਸੰਭਾਵਨਾ ਹੈ ਕਿ 2 ਜੂਨ ਤੋਂ ਨੈਰੋਗੇਜ ਟਰੇਨ ਮੁੜ ਸ਼ੁਰੂ ਕਰਨ ਦੇ ਅਧਿਕਾਰਿਕ ਹੁਕਮ ਜਾਰੀ ਹੋ ਸਕਦੇ ਹਨ। ਟਰੇਨ ਸੇਵਾ ਮੁੜ ਸ਼ੁਰੂ ਹੋਣ ਨਾਲ ਹਿਮਾਚਲ ਦੀਆਂ ਖੂਬਸੂਰਤ ਵਾਦੀਆਂ ਦਾ ਸਫ਼ਰ ਕਰਨ ਵਾਲੇ ਯਾਤਰੀਆਂ ਅਤੇ ਸੈਲਾਨੀਆਂ ਨੂੰ ਵੱਡੀ ਰਾਹਤ ਮਿਲੇਗੀ।
Publish Date: Sat, 23 May 2026 08:23 AM (IST)
Updated Date: Sat, 23 May 2026 08:27 AM (IST)
ਜਤਿੰਦਰ ਸ਼ਰਮਾ, ਪੰਜਾਬੀ ਜਾਗਰਣ, ਪਠਾਨਕੋਟ : ਕਰੀਬ ਤਿੰਨ ਸਾਲਾਂ ਬਾਅਦ ਇੱਕ ਵਾਰ ਫਿਰ ਪਠਾਨਕੋਟ-ਕਾਂਗੜਾ ਘਾਟੀ ਨੈਰੋਗੇਜ ਰੇਲਵੇ ਟਰੈਕ ’ਤੇ ਛੁੱਕ-ਛੁੱਕ ਦੀ ਆਵਾਜ਼ ਸੁਣਨ ਨੂੰ ਮਿਲੇਗੀ। ਰੇਲਵੇ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਤਿਆਰੀਆਂ ਲਗਭਗ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਸੰਭਾਵਨਾ ਹੈ ਕਿ 2 ਜੂਨ ਤੋਂ ਨੈਰੋਗੇਜ ਟਰੇਨ ਮੁੜ ਸ਼ੁਰੂ ਕਰਨ ਦੇ ਅਧਿਕਾਰਿਕ ਹੁਕਮ ਜਾਰੀ ਹੋ ਸਕਦੇ ਹਨ। ਟਰੇਨ ਸੇਵਾ ਮੁੜ ਸ਼ੁਰੂ ਹੋਣ ਨਾਲ ਹਿਮਾਚਲ ਦੀਆਂ ਖੂਬਸੂਰਤ ਵਾਦੀਆਂ ਦਾ ਸਫ਼ਰ ਕਰਨ ਵਾਲੇ ਯਾਤਰੀਆਂ ਅਤੇ ਸੈਲਾਨੀਆਂ ਨੂੰ ਵੱਡੀ ਰਾਹਤ ਮਿਲੇਗੀ।
ਜ਼ਿਕਰਯੋਗ ਹੈ ਕਿ 20 ਅਗਸਤ 2023 ਨੂੰ ਭਾਰੀ ਮੀਂਹ ਕਾਰਨ ਚੱਕੀ ਰੇਲਵੇ ਪੁਲ ਦੇ ਦੋ ਪਿਲਰ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਏ ਸਨ, ਜਿਸ ਕਾਰਨ ਪਠਾਨਕੋਟ-ਜੋਗਿੰਦਰਨਗਰ ਨੈਰੋਗੇਜ ਰੇਲ ਸੇਵਾ ਪੂਰੀ ਤਰ੍ਹਾਂ ਬੰਦ ਹੋ ਗਈ ਸੀ। ਇਸ ਤੋਂ ਬਾਅਦ ਰੇਲਵੇ ਨੇ ਲਗਭਗ 70 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਪੁਲ ਤਿਆਰ ਕੀਤਾ। ਫਰਵਰੀ ਮਹੀਨੇ ਵਿੱਚ ਰੇਲਵੇ ਸੁਰੱਖਿਆ ਕਮਿਸ਼ਨਰ ਵੱਲੋਂ ਪੁਲ ਨੂੰ ਫਿਟਨੈੱਸ ਸਰਟੀਫਿਕੇਟ ਵੀ ਜਾਰੀ ਕਰ ਦਿੱਤਾ ਗਿਆ ਸੀ।
ਜਾਣਕਾਰੀ ਅਨੁਸਾਰ ਪਹਿਲਾਂ ਇਹ ਟਰੇਨ ਡਲਹੌਜ਼ੀ ਰੋਡ ਸਟੇਸ਼ਨ ਤੋਂ ਚਲਾਉਣ ਦੀ ਯੋਜਨਾ ਸੀ, ਪਰ ਹੁਣ ਰੇਲਵੇ ਨੇ ਇਸ ਨੂੰ ਮੁੜ ਪਠਾਨਕੋਟ ਸਿਟੀ ਸਟੇਸ਼ਨ ਤੋਂ ਹੀ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਨਾਲ ਯਾਤਰੀਆਂ ਨੂੰ ਪਹਿਲਾਂ ਵਾਂਗ ਸਿੱਧੀ ਸਹੂਲਤ ਮਿਲੇਗੀ।
ਪਹਿਲਾਂ ਇਸ ਰੂਟ ’ਤੇ ਰੋਜ਼ਾਨਾ ਸੱਤ ਟਰੇਨਾਂ ਚਲਦੀਆਂ ਸਨ। ਹਾਲਾਂਕਿ ਪਹਿਲੇ ਪੜਾਅ ਵਿੱਚ ਕਿੰਨੀਆਂ ਟਰੇਨਾਂ ਚਲਾਈਆਂ ਜਾਣਗੀਆਂ, ਇਸ ਬਾਰੇ ਅਜੇ ਅੰਤਿਮ ਫ਼ੈਸਲਾ ਨਹੀਂ ਹੋਇਆ।
ਰੇਲ ਸੇਵਾ ਬੰਦ ਹੋਣ ਕਾਰਨ ਰੋਜ਼ਾਨਾ ਯਾਤਰੀਆਂ ਅਤੇ ਸੈਲਾਨੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹੁਣ ਟਰੇਨ ਸੇਵਾ ਮੁੜ ਸ਼ੁਰੂ ਹੋਣ ਨਾਲ ਸੈਰ-ਸਪਾਟੇ ਅਤੇ ਪਠਾਨਕੋਟ ਦੇ ਕਾਰੋਬਾਰ ਨੂੰ ਨਵੀਂ ਰਫ਼ਤਾਰ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ।