ਥਾਣਾ ਸਦਰ ਬਲਾਚੌਰ ਨੂੰ ਮਿਲੀ ਵੱਡੀ ਸਫਲਤਾ, ਕਤਲ ਕਰਨ ਦੀ ਫਿਰਾਕ ਵਿੱਚ ਆਏ ਦੋ ਵਿਅਕਤੀਆਂ ਨੂੰ ਅਸਲੇ ਸਮੇਤ ਦਬੋਚਿਆ

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ
ਪੁਲਿਸ ਥਾਣਾ ਸਦਰ ਬਲਾਚੌਰ ਦੀ ਵੱਡੀ ਮੁਸਤੈਦੀ ਨਾਲ ਕਤਲ ਕਰਨ ਦੀ ਫਿਰਾਕ ਵਿੱਚ ਆਏ ਦੋ ਵਿਅਕਤੀਆਂ ਨੂੰ ਅਸਲੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ । ਬੇਖੌਫ ਹਮਲਾਵਰ ਪਿੰਡ ਬਕਾਪੁਰ ਥਾਣਾ ਸਦਰ ਬਲਾਚੌਰ ਦੇ ਇੱਕ ਵਿਅਕਤੀ ਦਾ ਕਤਲ ਕਰਨ ਦੇ ਇਰਾਦੇ ਨਾਲ ਅਸਲੇ ਸਮੇਤ ਉਸ ਦੇ ਘਰ ਵਿੱਚ ਦਾਖਲ ਹੋਣ ਵਿੱਚ ਤਾਂ ਕਾਮਯਾਬ ਹੋ ਗਏ ਮਗਰ ਮੌਕੇ ਤੇ ਪੁੱਜੀ ਪੁਲਿਸ ਵਲੋਂ ਜਿੱਥੇ ਵਾਰਦਾਤ ਹੋਣ ਬਚਾਅ ਕੀਤਾ ਉਥੇ ਹੀ ਹਮਲਾਵਰਾਂ ਨੂੰ 32 ਬੋਰ ਪਿਸਟਲ ਅਤੇ 02 ਮੈਗਜੀਨ ਅਤੇ 16 ਰੌਦ ਸਮੇਤ ਕਾਬੂ ਵੀ ਕੀਤਾ ਗਿਆ। ਇਸ ਸਬੰਧ ਵਿੱਚ ਸੀਨੀਅਰ ਕਪਤਾਨ ਪੁਲਿਸ ਤੁਸ਼ਾਰ ਗੁਪਤਾ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਅਤੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਲੁਧਿਆਣਾ ਰੇਂਜ, ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਾੜੇ ਅਨਸਰਾਂ ਖਿਲਾਫ ਸਬੰਧੀ ਵਿੱਢੀ ਮੁਹਿੰਮ ਤਹਿਤ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਨੇ ਗੁਰਮੀਤ ਸਿੰਘ ਵਾਸੀ ਬਕਾਪੁਰ ਥਾਣਾ ਬਲਾਚੌਰ ਦਾ ਕਤਲ ਕਰਨ ਆਏ 02 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਮਿਤੀ 29 ਨਵੰਬਰ 2025 ਨੂੰ ਥਾਣਾ ਸਦਰ ਬਲਾਚੌਰ ਵਿੱਚ ਪੈਦੇ ਪਿੰਡ ਬਕਾਪੁਰ ਨਿਵਾਸੀ ਅਤਿੰਦਰ ਪਾਲ ਸਿੰਘ ਪੁੱਤਰ ਗੁਰਮੀਤ ਸਿੰਘ ਵਲੋਂ ਮੁੱਖ ਅਫਸਰ ਥਾਣਾ ਸਦਰ ਬਲਾਚੌਰ ਸਬ ਇੰਸਪੈਕਟਰ ਬਿਕਰਮ ਸਿੰਘ ਨੂੰ ਇਤਲਾਹ ਦਿੱਤੀ ਸੀ ਕਿ ਉਹਨਾਂ ਦੇ ਘਰ 02 ਵਿਅਕਤੀ ਘਰ ਦੀਆਂ ਦੀਵਾਰਾਂ ਟੱਪ ਕੇ ਘਰ ਵਿੱਚ ਹਥਿਆਰਾ ਸਮੇਤ ਦਾਖਲ ਹੋਏ ਹਨ ਅਤੇ ਉਹ ਕਹਿ ਰਹੇ ਹਨ ਕਿ ਗੁਰਮੀਤ ਸਿੰਘ ਨੂੰ ਬਾਹਰ ਕੱਢੋ, ਉਸ ਨੂੰ ਜਾਨੋਂ ਮਾਰਨਾ ਹੈ। ਜੇਕਰ ਗੁਰਮੀਤ ਸਿੰਘ ਨੂੰ ਬਾਹਰ ਨਾ ਕੱਢਿਆ ਤਾਂ ਸਾਰਿਆਂ ਨੂੰ ਜਾਨ ਤੋਂ ਮਾਰ ਦੇਣਾ ਹੈ। ਜਿਸ ਤੇ ਉਹਨਾਂ ਦੇ ਪਰਿਵਾਰ ਨੇ ਜੋਰ-ਜੋਰ ਨਾਲ ਰੋਲਿਆਂ ਪਾਇਆ ਤਾਂ ਉਹਨਾਂ ਦੇ ਗੁਆਂਢੀ ਇੱਕਠੇ ਹੋ ਗਏ ਤੇ ਉਹਨਾਂ 02 ਵਿਅਕਤੀਆਂ ਨੂੰ ਕਾਬੂ ਕਰ ਲਿਆ। ਜਿਸ ਤੇ ਸਬ ਇੰਸਪੈਕਟਰ ਬਿਕਰਮ ਸਿੰਘ, ਮੁੱਖ ਅਫਸਰ ਥਾਣਾ ਬਲਾਚੌਰ ਨੇ ਤੁਰੰਤ ਮੌਕਾ ਤੇ ਪਹੁੰਚ ਕੇ ਕਾਰਵਾਈ ਕਰਦਿਆ ਮੌਕਾ ਤੋਂ ਕਥਿਤ ਦੋਸ਼ੀ ਗਗਨਦੀਪ ਸਿੰਘ ਉਰਫ ਗਗਨੀ ਪੁੱਤਰ ਸੁਰਜੀਤ ਸਿੰਘ ਅਤੇ ਹਰਮਨ ਸਿੰਘ ਉਰਫ ਹੰਮੂ ਪੁੱਤਰ ਸੁਖਵਿੰਦਰ ਸਿੰਘ ਵਾਸੀਆਨ ਪੱਤੀ ਫੱਲਿਆ ਦੀ ਖਡੂਰ ਸਾਹਿਬ ਥਾਣਾ ਗੋਇੰਦਵਾਲ ਸਾਹਿਬ ਜਿਲਾਂ ਤਰਨਤਾਰਨ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਇੱਕ 32 ਬੋਰ ਪਿਸਟਲ, 02 ਮੈਗਜ਼ੀਨ ਅਤੇ 16 ਰੌਦ ਬ੍ਰਾਮਦ ਕੀਤੇ।
ਦੌਰਾਨੇ ਤਫਤੀਸ਼ ਦੋਸ਼ੀਆਨ ਨੇ ਆਪਣੀ ਮੁਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਹਨਾਂ ਦਾ ਜਾਣਕਾਰ ਕੁਲਦੀਪ ਸਿੰਘ ਵਾਸੀ ਖਡੂਰ ਸਾਹਿਬ ਥਾਣਾ ਗੋਇੰਦਵਾਲ ਸਾਹਿਬ ਜਿਲ੍ਹਾ ਤਰਨਤਾਰਨ ਜੋ ਕਿ ਇਸ ਸਮੇਂ ਫਿਰੋਜਪੁਰ ਜੇਲ ਵਿੱਚ ਬੰਦ ਹੈ ਉਸ ਦੇ ਕਹਿਣ ਤੇ ਗੁਰਮੀਤ ਸਿੰਘ ਦਾ ਕਤਲ ਕਰਨ ਆਏ ਸੀ ਗੁਰਮੀਤ ਸਿੰਘ ਦਾ ਕਤਲ ਕਰਨ ਸਬੰਧੀ 03 ਲੱਖ ਰੁਪਏ ਵਿੱਚ ਫਿਰੋਤੀ ਸਬੰਧੀ ਗੱਲ ਹੋਈ ਸੀ ਜਿਸ ਵਿੱਚ 50ਹਜਾਰ ਰੁਪਏ ਉਨਾਂ ਪਹਿਲਾ ਲੈ ਲਏ ਸੀ ਤੇ ਬਾਕੀ 2.50 ਲੱਖ ਬਾਅਦ ਵਿੱਚ ਲੈਣੇ ਸੀ। ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ 02 ਦਿਨ ਦਾ ਰਮਾਂਡ ਹਾਸਲ ਕੀਤਾ ਗਿਆ ਹੈ। ਪੁਲਿਸ ਦੇ ਦੱਸਣ ਅਨੁਸਾਰ ਉਹਨਾਂ ਪਾਸੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।