ਜਾਡਲਾ ’ਚ ਰੁਸਤਮ ਏ ਹਿੰਦ ਟਾਈਟਲ ਕੁਸ਼ਤੀ ਦੰਗਲ ਅੱਜ
ਜਾਡਲਾ ਵਿਖੇ ਹੋਵੇਗਾ ਰੁਸਤਮ ਏ ਹਿੰਦ ਟਾਈਟਲ ਕੁਸ਼ਤੀ ਦੰਗਲ ਅੱਜ-ਭਲਵਾਨ ਜਾਡਲਾ
Publish Date: Sun, 16 Nov 2025 04:13 PM (IST)
Updated Date: Sun, 16 Nov 2025 04:14 PM (IST)

ਸੁਰਿੰਦਰ ਦੁੱਗਲ, ਪੰਜਾਬੀ ਜਾਗਰਣ, ਜਾਡਲਾ ਧੰਨ ਧੰਨ ਗੁੱਗਾ ਜਾਹਰ ਵੀਰ ਰੌਜ਼ਾ ਪੰਜ ਪੀਰ ਭੱਠੇ ਵਾਲੀ ਸਰਕਾਰ ਅਤੇ ਅਮਰ ਸ਼ਹੀਦ ਬਾਬਾ ਭੋਜ ਜੀ ਨੂੰ ਸਮਰਪਿਤ ਅਤੇ ਮਰਹੂਮ ਇਕਬਾਲ ਸਿੰਘ ਬੀਰੋਵਾਲ ਸਾਬਕਾ ਸਰਪੰਚ ਦੀ ਯਾਦ ਨੂੰ ਸਮਰਪਿਤ ਰੁਸਤਮ-ਏ-ਹਿੰਦ ਟਾਈਟਲ ਕੁਸ਼ਤੀ ਦੰਗਲ ਰੁਸਤਮ-ਏ-ਹਿੰਦ ਰੈਸਲਿੰਗ ਵੈਲਫੇਅਰ ਐਸੋਸੀਏਸ਼ਨ ਪੰਜਾਬ ਅਤੇ ਭਾਰਤ ਸਰਕਾਰ ਮਾਨਤਾ ਪ੍ਰਾਪਤ ਐਸੋਸੀਏਸ਼ਨ ਤੇ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀ ਵੀਰਾਂ ਦੇ ਸਹਿਯੋਗ ਨਾਲ 17 ਨਵੰਬਰ ਦਿਨ ਸੋਮਵਾਰ ਨੂੰ ਦੁਪਹਿਰ 2 ਵਜੇ ਸ਼ਹੀਦ ਬਾਬਾ ਭੇਜ ਸਟੇਡੀਅਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਜਾਡਲਾ ਵਿਖੇ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਰੁਸਤਮ-ਏ-ਹਿੰਦ ਟਾਈਟਲ ਕੁਸ਼ਤੀ ਦੰਗਲ ਰੁਸਤਮ-ਏ-ਹਿੰਦ ਰੈਸਲਿੰਗ ਵੈਲਫੇਅਰ ਐਸੋਸੀਏਸ਼ਨ ਦੇ ਮੁੱਖ ਚੇਅਰਮੈਨ ਭਲਵਾਨ ਭੁਪਿੰਦਰ ਪਾਲ ਸਿੰਘ ਜਾਡਲਾ ਨੇ ਦੱਸਿਆ ਕਿ ਕੁਸ਼ਤੀ ਦੰਗਲ ਵਿਚ ਪ੍ਰਸਿੱਧ ਪਹਿਲਵਾਨ ਗੁਰਪ੍ਰੀਤ ਰਾਜਸਥਾਨ, ਰੋਸ਼ਨ ਕਿਰਲਗੜ, ਭੋਲਾ ਦਿੱਲੀ, ਸਾਗਰ ਦਿੱਲੀ, ਵਿਕਰਾਂਤ ਹਰਿਆਣਾ, ਬਿਣੀਆ ਜੰਮੂ, ਓਮੇਸ਼ ਮਥੁਰਾ, ਮਿਰਜ਼ਾ ਇਰਾਨ ਮੁੱਲਾਪੁਰ, ਅਸ਼ੀਸ਼ ਹੁੱਡਾ ਦਿੱਲੀ, ਅਜੇ ਗੁੱਜਰ ਕੈਥਲ ਹਰਿਆਣਾ, ਮਿੰਦਾ ਪਠਾਨਕੋਟ, ਵਿੱਕੀ ਚੰਡੀਗੜ੍ਹ, ਵਿਜੇ ਕੈਂਥਲ ਹਰਿਆਣਾ, ਰਿੰਕੂ ਦਿੱਲੀ ਆਦਿ ਪਹਿਲਵਾਨ ਕੁਸ਼ਤੀ ਦੰਗਲ ਦੇ ਅਖਾੜੇ ਵਿਚ ਜ਼ੋਰ-ਅਜ਼ਮਾਇਸ਼ ਕਰਨਗੇ। ਉਨ੍ਹਾਂ ਦੱਸਿਆ ਕਿ ਕੁਸ਼ਤੀ ਦੰਗਲ ਦੇ ਜੇਤੂ ਪਹਿਲਵਾਨਾਂ ਨੂੰ ਨਿਊ ਹੌਲੈਂਡ 3630 ਟ੍ਰੈਕਟਰ, ਇਕ ਘੋੜਾ ਤੇ 3 ਤੋਲੇ ਦਾ ਸੋਨੇ ਦਾ ਕੜਾ ਅਤੇ ਹੀਰੋ ਐਕਸ ਪਲਸ ਮੋਟਰਸਾਈਕਲ, ਸੋਨੇ ਦੇ ਡੇਢ ਡੇਢ ਤੋਲੇ ਦੇ 4 ਕੜੇ, ਸੋਨੇ ਦੀਆਂ 1-1 ਤੋਲੇ ਦੀਆਂ 6 ਚੈਨੀਆਂ, ਸੋਨੇ ਦੀਆਂ ਅੱਧੇ ਅੱਧੇ ਤੋਲੇ ਦੀਆਂ 2 ਮੁੰਦਰੀਆਂ ਆਦਿ ਦਿੱਤੀਆਂ ਜਾਣਗੀਆਂ। ਉਨ੍ਹਾਂ ਸਮੂਹ ਪਿੰਡ ਵਾਸੀਆਂ ਅਤੇ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕੁਸ਼ਤੀ ਦੰਗਲ ਵਿਚ ਭਾਰੀ ਗਿਣਤੀ ਵਿਚ ਪੁੱਜਣ।