ਕੁਦਰਤੀ ਖੇਤੀ ਤੇ ਹਰਬਲ ਬੂਟਿਆਂ ਦੇ ਟ੍ਰੇਨਿੰਗ ਕੈਂਪ ’ਚ ਐੱਨਆਰਆਈ ਵੱਲੋਂ ਸ਼ਿਰਕਤ
ਕੁਦਰਤੀ ਖੇਤੀ ਅਤੇ ਹਰਬਲ ਬੂਟਿਆਂ ਦੇ ਟ੍ਰੇਨਿੰਗ ਕੈਂਪ ਵਿਚ ਐਨਆਰਆਈ ਨੇ ਕੀਤੀ ਸ਼ਿਰਕਤ
Publish Date: Thu, 20 Nov 2025 07:39 PM (IST)
Updated Date: Thu, 20 Nov 2025 07:40 PM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਕੁਦਰਤੀ ਖੇਤੀ ਅਤੇ ਹਰਬਲ ਬੂਟਿਆਂ ਦਾ ਮੁਫ਼ਤ ਟ੍ਰੇਨਿੰਗ ਕੈਂਪ ਪਿੰਡ ਲੰਗੇਰੀ ਵਿਖੇ ਲਾਇਆ ਗਿਆ। ਇਸ ਟ੍ਰੇਨਿੰਗ ਕੈਂਪ ਵਿਚ ਸੁਰਜੀਤ ਸਿੰਘ ਰਾਏ ਨੈਸ਼ਨਲ ਐਵਾਰਡੀ, ਕੁਦਰਤੀ ਖੇਤੀ ਮਾਹਰ ਅਤੇ ਕੁਦਰਤੀ ਖੇਤੀ ਦੇ ਮਾਸਟਰ ਟ੍ਰੇਨਰ ਨੇ ਅਪਣੇ ਕੁਦਰਤੀ ਖੇਤੀ ਫਾਰਮ ਵਿਖੇ ਕੁਦਰਤੀ ਖੇਤੀ ਅਤੇ ਹਰਬਲ ਬੂਟਿਆਂ ਦੀ ਜਾਣਕਾਰੀ ਦਿੱਤੀ। ਇਸ ਕੈਂਪ ਵਿਚ ਕੁਦਰਤੀ ਖੇਤੀ ਦੀ ਮਹੱਤਤਾ ਨੂੰ ਸਮਝਣ ਲਈ ਕੈਨੇਡਾ ਤੋਂ ਐੱਨਆਰਆਈ ਨਰਿੰਦਰ ਕੌਰ ਅਤੇ ਐੱਨਆਰਆਈ ਅਵਤਾਰ ਸਿੰਘ ਸਰਹਾਲਾ ਕਲਾਂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਉਨ੍ਹਾਂ ਨੇ ਜੀਵ ਅੰਮ੍ਰਿਤ, ਬੀਜ ਅੰਮ੍ਰਿਤ, ਘੱਣ ਜੀਵ ਅੰਮ੍ਰਿਤ, ਗੰਡੋਆ ਦੀ ਖਾਦ ਬਣਾਉਣਾ ਅਤੇ ਫ਼ਸਲਾਂ ਵਿਚ ਨਦੀਨਾਂ ਦੀ ਰੋਕਥਾਮ ਲਈ ਪਰਾਲੀ ਨਾਲ ਮਲਚਿੰਗ ਕਰਨਾ, ਹਰਬਲ ਜੜੀ-ਬੂਟਿਆਂ ਅਤੇ ਬੂਟਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਵੀ ਪ੍ਰਾਪਤ ਕੀਤੀ। ਸੁਰਜੀਤ ਸਿੰਘ ਨੇ ਕੈਨੇਡਾ ਤੋਂ ਆਏ ਐੱਨਆਰਆਈ ਕਿਸਾਨ ਜੋੜੇ ਨੂੰ ਆਪਣੇ ਹੀ ਖੇਤ ਵਿਚ ਹਰੇਕ ਫਸਲ ਤੋਂ ਵਧੀਆਂ ਅਤੇ ਸਿਹਤਮੰਦ ਅਤੇ ਦੇਸੀ ਤਰੀਕੇ ਨਾਲ ਬੀਜ ਤਿਆਰ ਕਰਨ ਦੀ ਟ੍ਰੇਨਿੰਗ ਦਿੱਤੀ। ਟ੍ਰੇਨਿੰਗ ਕੈਂਪ ਦੌਰਾਨ ਸੁਰਜੀਤ ਸਿੰਘ ਰਾਏ ਨੇ ਉਨ੍ਹਾਂ ਨੂੰ ਫੁੱਲਦਾਰ, ਫਲਦਾਰ, ਛਾਂਦਾਰ ਅਤੇ ਹਰਬਲ ਬੂਟਿਆਂ ਦੀ ਜਾਣਕਾਰੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਵਾਤਾਵਰਣ ਨੂੰ ਬਚਾਉਣ ਲਈ ਬੂਟੇ ਲਾਉਣੇ ਬਹੁਤ ਜ਼ਰੂਰੀ ਹਨ। ਉਨ੍ਹਾਂ ਬੂਟਿਆਂ ਦੀ ਸਾਂਭ-ਸੰਭਾਲ ’ਤੇ ਜ਼ੋਰ ਦਿੱਤਾ। ਕੈਂਪ ਵਿਚ ਆਏ ਐੱਨਆਰਆਈ ਕਿਸਾਨ ਜੋੜੇ ਨੇ ਕੁਦਰਤੀ ਖੇਤੀ ਤੋਂ ਪ੍ਰਭਾਵਿਤ ਹੋ ਕੇ ਪ੍ਰਣ ਕੀਤਾ ਕਿ ਉਹ 3 ਤੋਂ 4 ਖੇਤਾਂ ਦੇ ਰਕਬੇ ਵਿਚ ਕੁਦਰਤੀ ਖੇਤੀ ਦੀ ਕਾਸ਼ਤ ਕਰਨਗੇ ਅਤੇ ਰਸਾਇਣਕ ਖੇਤੀ ਤੋਂ ਛੁਟਕਾਰਾ ਪਾਉਣਗੇ। ਹੌਲੀ-ਹੌਲੀ ਉਹ ਕੁਦਰਤੀ ਖੇਤੀ ਦੇ ਰਕਬੇ ਨੂੰ ਹੋਰ ਵਧਾਉਣਗੇ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਹੁਣ ਪਰਾਲੀ ਅਤੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਕਦੇ ਵੀ ਅੱਗ ਨਹੀਂ ਲਗਾਉਣਗੇ। ਉਨ੍ਹਾਂ ਵਾਅਦਾ ਕੀਤਾ ਕਿ ਉਹ ਕੁਦਰਤੀ ਖੇਤੀ ਨੂੰ ਅਪਣਾ ਕੇ ਹਵਾ, ਮਿੱਟੀ ਅਤੇ ਪਾਣੀ ਨੂੰ ਬਚਾਉਣ ਲਈ ਹੋਰ ਲੋਕਾਂ ਨੂੰ ਵੀ ਜਾਗਰੂਕ ਕਰਨਗੇ। ਇਸ ਮੌਕੇ ਸੁਖਪ੍ਰੀਤ ਸਿੰਘ, ਬਾਬਾ ਗੁਰਦੀਪ ਸਿੰਘ ਰਾਏ, ਜੈਸਮੀਨ ਕੌਰ, ਰਘੂਵੀਰ ਸਿੰਘ, ਡਰਾਈਵਰ ਸੰਦੀਪ ਸਿੰਘ ਆਦਿ ਹਾਜ਼ਰ ਸਨ।