ਜ਼ਿਲ੍ਹੇ ਵਿਚ ਲਾਅ ਐਂਡ ਆਰਡਰ ਨੂੰ ਮੈਨਟੇਨ ਕੀਤਾ ਜਾਵੇਗਾ-ਐੱਸਐੱਸਪੀ ਤੁਸ਼ਾਰ ਗੁਪਤਾ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਵੇਂ ਐੱਸਐੱਸਪੀ ਤੁਸ਼ਾਰ ਗੁਪਤਾ ਆਈਪੀਐੱਸ ਨੇ ਆਪਣਾ ਅਹੁਦਾ ਸੰਭਾਲਦਿਆਂ ਕਿਹਾ ਕਿ ਉਨ੍ਹਾਂ ਦਾ ਸਿੰਪਲ ਏਜੰਡਾ ਹੈ ਕਿ ਜ਼ਿਲ੍ਹੇ ਵਿਚ ਲਾਅ ਐਂਡ ਆਰਡਰ ਨੂੰ ਮੈਨਟੇਨ ਕਰਨਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕ੍ਰਾਇਮ ਨੂੰ ਹੋਣ ਤੋਂ ਪਹਿਲਾ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕ੍ਰਾਇਮ ਨੂੰ ਰੋਕਣ ਲਈ ਪ੍ਰੀਵੈਂਟ, ਡਿਟੈਕਟ ਅਤੇ ਕਲਪੇਟ ਨੂੰ ਬੁੱਕ ਕਰਕੇ ਬਣਦੀ ਕਾਨੂੰਨੀ ਸਜਾ ਦਿਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੁਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਜ਼ਿਲ੍ਹੇ ਵਿਚ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਨੂੰ ਹੋਰ ਅੱਗੇ ਲਿਜਾਉਣ ਅਤੇ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਯੂਥ ਨੂੰ ਐਕਟਿਵ ਕਰਕੇ ਨਸ਼ਿਆਂ ਦੀ ਰੋਕਥਾਮ ਲਈ ਬਣਦੇ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਉਹ 2018 ਬੈਚ ਦੇ ਅਫ਼ਸਰ ਹਨ। ਉਨ੍ਹਾਂ ਨੇ ਪੰਜਾਬ ਵਿਚ ਕਈ ਜ਼ਿਲ੍ਹਿਆਂ ਵਿਚ ਆਪਣੀ ਪੋਸਟਿੰਗ ਦੌਰਾਨ ਕੰਮ ਕੀਤੇ ਹਨ। ਉਨ੍ਹਾਂ ਦੱਸਿਆ ਕਿ ਉਹ ਤਰਨਤਾਰਨ, ਹੁਸ਼ਿਆਰਪੁਰ, ਪਠਾਨਕੋਟ, ਅੰਮ੍ਰਿਤਸਰ, ਲੁਧਿਆਣਾ, ਮੁਹਾਲੀ ਅਤੇ ਮੁਕਤਸਰ ਵਿਚ ਤਾਈਨਾਤ ਰਹਿ ਚੁਕੇ ਹਨ। ਉਹ ਪਿਛਲੇ 6 ਮਹੀਨੇ ਵਿਜੀਲੈਂਸ ਵਿਭਾਗ ਵਿਚ ਆਪਣੀਆਂ ਸੇਵਾਵਾਂ ਦੇਣ ਉਫਰੰਤ ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਬਤੌਰ ਐੱਸਐੱਸਪੀ ਅਹੁਦਾ ਸੰਭਾਲ ਰਹੇ ਹਨ।
ਬੰਗਾ ਦੇ ਬੱਸ ਅੱਡੇ ਨੇੜੇ ਵਾਪਰੇ ਗੋਲੀਕਾਂਡ ਦੇ ਮਾਮਲੇ ਵਿਚ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸ਼ਾਮਲ ਕਥਿਤ ਮੁਲਜ਼ਮਾਂ ਦੇ ਖਿਲਾਫ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਕਥਿਤ ਮੁਲਜ਼ਮਾਂ ਨੂੰ ਛੇਤੀ ਹੀ ਕਾਬੂ ਕਰਕੇ ਕਾਨੂੰਨ ਦੇ ਅਨੁਸਾਰ ਬਣਦੀ ਕਰਵਾਈ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਕਿੰਨਾ ਗੈਂਗਸਟਰਾਂ ਦਾ ਲਿੰਕ ਹੈ ਜਾਂ ਕੋਈ ਹੋਰ ਵੀ ਗੱਲਬਾਤ ਹੈ ਇਸ ਦੀ ਸੱਚਾਈ ਲੋਕਾਂ ਦੇ ਸਾਹਮਣੇ ਲਿਆਂਦੀ ਜਾਵੇਗੀ। ਉਨ੍ਹਾਂ ਜ਼ਿਲ੍ਹੇ ਦੇ ਗਲਤ ਅਨਸਰਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਪੰਜਾਬ ਪੁਲਿਸ ਅਤੇ ਜ਼ਿਲ੍ਹਾ ਪੁਲਿਸ ਦਾ ਗਲਤ ਅਨਸਰਾਂ ਨੂੰ ਇਹੇ ਸੁਨੇਹਾ ਹੈ ਕਿ ਤੁਸੀ ਸਾਡੇ ਏਰੀਆ ਚੋਂ ਕਾਇੰਡਲੀ ਬਾਹਰ ਹੋ ਜਾਓ, ਨਹੀਂ ਤਾਂ ਤੁਹਾਨੂੰ ਘਸੀਟ ਕੇ ਜੇਲ੍ਹਾਂ ਅੰਦਰ ਦੇ ਦਿਆਂਗੇ। ਇਸ ਤੋਂ ਪਹਿਲਾ ਪੁਲਿਸ ਪਾਰਟੀ ਵੱਲੋਂ ਨਵੇਂ ਐੱਸਐੱਸਪੀ ਤੁਸ਼ਾਰ ਗੁਪਤਾ ਨੂੰ ਮਾਰਚ ਪਾਸਟ ਵੱਲੋਂ ਸਲਾਮੀ ਦਿੱਤੀ ਗਈ। ਇਸ ਮੌਕੇ ਐੱਸਪੀ ਸਥਾਨਕ ਇਕਬਾਲ ਸਿੰਘ, ਐੱਸਪੀ ਤਫਤੀਸ਼ੀ ਸਰਬਜੀਤ ਸਿੰਘ ਬਾਹੀਆ, ਐੱਸਪੀ ਪੀਬੀਆਈ ਜਸ਼ਨਦੀਪ ਸਿੰਘ ਗਿੱਲ, ਸਮੇਤ ਡੀਐੱਸਪੀ ਨਵਾਂਸ਼ਹਿਰ ਰਾਜ ਕੁਮਾਰ, ਡੀਐੱਸਪੀ (ਔਰਤਾਂ ਵੁਰੁੱਧ ਅਤਿਆਚਾਰ) ਸ਼ਾਹਬਾਜ਼ ਸਿੰਘ, ਡੀਐੱਸਪੀ ਬੰਗਾ ਹਰਜੀਤ ਸਿੰਘ ਅਤੇ ਐੱਸਐੱਚਓਜ਼ ਵੱਲੋਂ ਨਵੇਂ ਐੱਸਐੱਸਪੀ ਤੁਸ਼ਾਰ ਗੁਪਤਾ ਦਾ ਜ਼ਿਲ੍ਹੇ ਵਿਚ ਭਰਵਾਂ ਸਵਾਗਤ ਕੀਤਾ ਗਿਆ।