ਨਸ਼ਾ ਮੁਕਤ ਸਮਾਜ ਅਤੇ ਬੱਚਿਆਂ ਦੀ ਸੁਰੱਖਿਆ ਲਈ ਜਾਗਰੂਕਤਾ ਰੈਲੀ ਕੱਢੀ
ਨਸ਼ਾ ਮੁਕਤ ਸਮਾਜ ਅਤੇ ਬੱਚਿਆਂ ਦੀ ਸੁਰੱਖਿਆ ਲਈ ਜਾਗਰੂਕਤਾ ਰੈਲੀ ਕੱਢੀ
Publish Date: Wed, 17 Dec 2025 05:15 PM (IST)
Updated Date: Wed, 17 Dec 2025 05:18 PM (IST)

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਅੱਜ ਸਕੂਲ ਆਫ਼ ਐਮੀਨੈਂਸ ਮਹਿੰਦੀਪੁਰ ਵਿਖੇ ਇੱਕ ਵਿਸ਼ੇਸ਼ ਕਾਨੂੰਨੀ ਜਾਗਰੂਕਤਾ ਕੈਂਪ ਲਗਾਇਆ ਅਤੇ ਵਿਦਿਆਰਥੀਆਂ ਵੱਲੋਂ ਇੱਕ ਜਾਗਰੂਕਤਾ ਰੈਲੀ ਕੱਢੀ ਗਈ। ਇਸ ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਸ਼ਿਖਾ ਰਾਣੀ, ਪਰਮਜੀਤ ਕੌਰ, ਜ਼ਿਲ੍ਹਾ ਪੈਰਾ ਵਰੰਟੀਅਰ ਅਥਾਰਟੀ ਨੇ ਬੱਚਿਆਂ ਨਾਲ ਅਹਿਮ ਕਾਨੂੰਨੀ ਜਾਣਕਾਰੀ ਸਾਂਝੀ ਕੀਤੀ ਅਤੇ ਚੰਗੇ ਮਾੜੇ ਟੱਚ ਤੋਂ ਜਾਣੂ ਕਰਾਇਆ। ਸਮਾਗਮ ਦੌਰਾਨ ਬੱਚਿਆਂ ਨੂੰ ਜਿਣਸੀ ਸ਼ੋਸ਼ਣ ਵਰਗੀਆਂ ਬੁਰਾਈਆਂ ਵਿਰੁੱਧ ਸੁਚੇਤ ਕੀਤਾ। ਪਰਮਜੀਤ ਕੌਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਉਹ ਆਪਣੀ ਸੁਰੱਖਿਆ ਕਰ ਸਕਦੇ ਹਨ ਅਤੇ ਅਜਿਹੀ ਕਿਸੇ ਵੀ ਘਟਨਾ ਦੀ ਰਿਪੋਰਟ ਕਰਨ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਕਾਨੂੰਨੀ ਸਹਾਇਤਾ ਦੀ ਵਰਤੋਂ ਕਰ ਸਕਦੇ ਹਨ। ਕੈਂਪ ਦੌਰਾਨ ਨਸ਼ਿਆਂ ਦੇ ਵਧ ਰਹੇ ਪ੍ਰਕੋਪ ਤੇ ਚਿੰਤਾ ਪ੍ਰਗਟ ਕਰਦਿਆਂ ਬੱਚਿਆਂ ਨੂੰ ਨਸ਼ਿਆਂ ਮਾੜੇ ਪ੍ਰਭਾਵ ਅਤੇ ਇਸ ਦੇ ਖਾਤਮੇ ਸਬੰਧੀ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਸ਼ਹਿਰ ਵਿਚ ਇੱਕ ਜਾਗਰੂਕਤਾ ਰੈਲੀ ਵੀ ਕੱਢੀ ਗਈ। ਜਿਸ ਵਿਚ ਨਾਅਰਿਆਂ ਰਾਹੀਂ ਸਮਾਜ ਨੂੰ ਨਸ਼ਾ ਮੁਕਤ ਹੋਣ ਦਾ ਹੋਕਾ ਦਿੱਤਾ। ਰੈਲੀ ਦੀ ਗਵਾਹੀ ਲੈਕਚਰਰ ਰਾਜ ਕੁਮਾਰ, ਜਸਕਰਨ ਸਿੰਘ, ਪਰਮਜੀਤ, ਮਨੀਸ਼ਾ ਵਰਮਾ ਨੇ ਕੀਤੀ। ਇਸ ਮੌਕੇ ਸਕੂਲ ਇੰਚਾਰਜ ਜਗਮੋਹਨ ਸਿੰਘ ਅਤੇ ਸਮੂਹ ਸਟਾਫ਼ ਸਕੂਲ ਨੇ ਜ਼ਿਲ੍ਹਾ ਲੀਗਲ ਸਰਵਿਸ ਅਥਾਰਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਬੱਚਿਆਂ ਦੇ ਆਤਮ-ਵਿਸ਼ਵਾਸ ਨੂੰ ਵਧਾਉਣ ਅਤੇ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ ਵਿਚ ਮਦਦਗਾਰ ਸਾਬਤ ਹੁੰਦੇ ਹਨ।