ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੇ ਕੀਤੀ ਮੀਟਿੰਗ
ਬੀਕਾ ਵਿਖੇ ਕੀਤੀ ਜਾਗਰੂਕਤਾ ਮੀਟਿੰਗ
Publish Date: Thu, 11 Dec 2025 04:01 PM (IST)
Updated Date: Thu, 11 Dec 2025 04:03 PM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਸ਼ੁਰੂ ਕੀਤੀ ਮਨੂੰਵਾਦ ਭਜਾਓ, ਬੇਗਮਪੁਰਾ ਵਸਾਓ ਮੁਹਿੰਮ ਤਹਿਤ ਪਿੰਡ ਬੀਕਾ ਵਿਖੇ ਆਮ ਅਵਾਮ ਦੀ ਜਾਗਰੂਕਤਾ ਲਈ ਇਕ ਵਿਸ਼ੇਸ਼ ਮੀਟਿੰਗ ਪਿਛਲੀ ਰਾਤ ਨੂੰ ਸਾਥੀ ਹਰਨੇਕ ਬੀਕਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਸਾਥੀ ਹਰਪਾਲ ਸਿੰਘ ਜਗਤਪੁਰ ਨੇ ਮੁੱਖ ਰੂਪ ਵਿਚ ਸ਼ਿਰਕਤ ਕਰਦਿਆਂ ਜਿਥੇ ਪੰਜਾਬ ਦੀ ਭਗਵੰਤ ਸਿੰਘ ਮਾਨ ਦੀਆਂ ਨੀਤੀਆਂ ਦੀ ਅਲੋਚਨਾਂ ਕੀਤੀ, ਉਥੇ ਹੀ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਵਿਸਥਾਰ ਸਹਿਤ ਵਿਆਖਿਆ ਕੀਤੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਪਣੇ ਪੂੰਜੀਪਤੀ ਕਾਰੋਬਾਰੀਆਂ ਤੇ ਕਾਰਪੋਰੇਟ ਮਿਤਰਾਂ ਨੂੰ ਹੋਰ ਫਾਇਦਾ ਪਹੁੰਚਾਉਣ ਖਾਤਰ, ਪਹਿਲਾਂ ਤੋਂ ਚਲਦੇ ਕਿਰਤ ਕਾਨੂੰਨਾਂ ਨੂੰ ਖ਼ਤਮ ਕਰਕੇ, ਨਵੇਂ ਕਾਨੂੰਨ ਪਾਸ ਕਰਵਾ ਲਏ ਹਨ, ਇਨ੍ਹਾਂ ਨਵੇਂ ਕਾਨੂੰਨਾਂ ਨਾਲ ਮਜ਼ਦੂਰ ਦੀ ਜ਼ਿੰਦਗੀ ਹੋਰ ਵੀ ਬੱਦ ਤੋਂ ਬੱਦਤਰ ਹੋ ਜਾਵੇਗੀ। ਕਿਉਂ ਕਿ ਇਨ੍ਹਾਂ ਕਾਨੂੰਨਾਂ ਤਹਿਤ ਕਿਰਤੀਆਂ ਦੇ ਮਿਹਨਤਾਨੇ ਵਿਚ ਕੋਈ ਵੀ ਵਾਧਾ ਨਹੀਂ ਕੀਤਾ। ਜਦਕਿ ਹੁਣ ਮਜ਼ਦੂਰ ਨੂੰ ਅੱਠ ਘੰਟੇ ਦੀ ਥਾਂ ਬਾਰਾਂ ਘੰਟੇ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸੂਬਾਈ ਤੇ ਕੇਂਦਰੀ ਸਰਕਾਰ ਦੀਆਂ ਪੱਖਵਾਦੀ ਨੀਤੀਆਂ ਤਹਿਤ ਪਿੰਡਾਂ ਵਿਚ ਵਸਦੇ ਗਰੀਬ, ਮਜ਼ਦੂਰ ਤੇ ਦਲਿਤ ਸਮਾਜ ਲਈ ਮੁਫ਼ਤ ਤੇ ਮਿਆਰੀ ਸਿਹਤ ਤੇ ਸਿੱਖਿਆ ਲਗਭਗ ਖਤਮ ਹੀ ਕਰ ਦਿੱਤੀ ਗਈ ਹੈ ਅਤੇ ਪੇਂਡੂ ਕਿਰਤੀਆਂ ਨੂੰ ਕੁਝ ਕੁ ਰਾਹਤ ਦੇਂਦੀ ਮਨਰੇਗਾ ਸਕੀਮ ਨੂੰ ਮੁੜ ਚਾਲੂ ਕਰਨਾ, ਕੰਮ ਲਗਾਤਾਰ ਪੂਰਾ ਸਾਲ ਦੇਣ ਅਤੇ ਮਿਹਨਤਾਨੇ ਵਿਚ ਸੋਧ ਕਰਦਿਆਂ ਪ੍ਰਤੀ ਦਿਨ ਇੱਕ ਹਜ਼ਾਰ ਰੁਪਏ ਕਰਨ ਦੀ ਮੰਗ ਕੀਤੀ ਗਈ। ਕੇਂਦਰੀ ਹਕੂਮਤ ਵਲੋਂ ਡਾਕਟਰ ਭੀਮ ਰਾਓ ਅੰਬੇਦਕਰ ਦੁਆਰਾ ਬਣਾਏ ਭਾਰਤ ਦੇ ਸੰਵਿਧਾਨ ਨੂੰ ਵੀ ਲਗਾਤਾਰ ਅਣਡਿੱਠ ਕਰਕੇ, ਮਨੂੰਵਾਦੀ ਵਿਵਸਥਾ ਨੂੰ ਲਾਗੂ ਕੀਤਾ ਜਾ ਰਿਹਾ ਹੈ। ਮਨੂੰਵਾਦੀ ਵਿਵਸਥਾ ਲਾਗੂ ਹੋਣ ਨਾਲ ਗਰੀਬ ਤੇ ਸਦੀਆਂ ਤੋਂ ਪੀੜਤ ਦਲਿਤ ਸਮਾਜ ਨੂੰ ਮਿਲਦੀਆਂ ਕੁਝ ਕੁ ਸਹੂਲਤਾਂ ਵੀ ਖ਼ਤਮ ਕਰ ਦਿੱਤੀਆਂ ਜਾਣਗੀਆਂ ਅਤੇ ਜ਼ਿੰਦਗੀ ਹੋਰ ਵੀ ਨਰਕ ਭਰੀ ਹੋ ਜਾਵੇਗੀ ਪਰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਹੋਰ ਖੱਬੀਆਂ ਤੇ ਜਮਹੂਰੀ ਪਾਰਟੀਆਂ ਨੂੰ ਨਾਲ ਲੈਕੇ ਜਲਦ ਹੀ ਸੂਬਾਈ ਤੇ ਕੌਮੀ ਪੱਧਰ ’ਤੇ ਸੰਘਰਸ਼ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਨੇ ਜਿਥੇ ਸਮੂਹ ਇਕੱਠ ਨੂੰ ਪਾਰਟੀ ਦੀ ਇਲਾਕਾਈ ਕਾਨਫਰੰਸ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਉਥੇ ਦੇਸ਼ ਅੰਦਰ ਫਿਰਕੂ ਤੇ ਬਹੁਲਤਾਵਾਦ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਅਤੇ ਆਪਣੇ ਇਲਾਕੇ ਵਿਚ ਆਪਸੀ ਏਕਤਾ, ਭਾਈਚਾਰਕ ਸਾਂਝੀਵਾਲਤਾ ਹਰ ਹਾਲ ਬਣਾਈ ਰਖੀ ਜਾਵੇ। ਇਸ ਮੀਟਿੰਗ ਵਿਚ ਪਰਮਜੀਤ ਸਿੰਘ, ਕੁਲਦੀਪ ਸਿੰਘ ਦੀਪਾ, ਬਿੰਦੂ, ਕਮਲਜੀਤ, ਮਦਨ ਲਾਲ, ਕਿਰਨੀ ਬੀਕਾ, ਸ੍ਰੀਮਤੀ ਸੁਰਜੀਤ ਕੌਰ, ਜਸਵਿੰਦਰ ਕੌਰ, ਹਰਬੰਸ ਕੌਰ, ਦਵਿੰਦਰ ਕੌਰ, ਚਰਨਜੀਤ ਕੌਰ, ਕਮਲੇਸ਼ ਆਦਿ ਹਾਜ਼ਰ ਸਨ। ਅੰਤ ਵਿੱਚ ਪਿੰਡ ਬੀਕਾ ਦੇ ਯੂਨਿਟ ਸਕਤਰ ਸਾਥੀ ਹਰਨੇਕ ਬੀਕਾ ਨੇ ਵੱਡੀ ਗਿਣਤੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਅਤੇ ਇਸ ਮੀਟਿੰਗ ਵਿਚ ਸ਼ਾਮਲ ਹੋਣ ਤੇ ਸਭਨਾਂ ਦਾ ਧੰਨਵਾਦ ਕੀਤਾ।