ਜਾਗਰੂਕਤਾ ਹੀ ਏਡਜ਼ ਤੋਂ ਬਚਣ ਦਾ ਸਹੀ ਇਲਾਜ: ਐਸ ਐਮ ਓ ਡਾ. ਨੀਨਾ ਸ਼ਾਂਤ

ਦੇਸ ਰਾਜ ਬੰਗਾ,ਪੰਜਾਬੀ ਜਾਗਰਣ, ਮੁਕੰਦਪੁਰ
ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸਐਮਓ ਡਾ. ਨੀਨਾ ਸ਼ਾਂਤ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ਮੁਕੰਦਪੁਰ ਸਟਾਫ਼ ਵੱਲੋਂ, ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਐਸ ਐਮ ਓ ਡਾ. ਨੀਨਾ ਸ਼ਾਂਤ ਨੇ ਦੱਸਿਆ ਕਿ ਏਡਜ਼ ਬਿਮਾਰੀ ਐੱਚ.ਆਈ.ਵੀ. ਨਾਮਕ ਵਾਈਰਸ ਤੋ ਹੁੰਦੀ ਹੈ। ਐਕਵਾਇਰਡ ਇਮਯੂਨੋ ਡੈਫੀਸ਼ੈਂਸੀ ਸਿੰਡਰੋਮ (ਏਡਜ਼) ਇੱਕ ਐਸੀ ਬਿਮਾਰੀ ਹੈ ਜੋ ਮਨੁੱਖੀ ਇਮਯੂਨੋ ਡੈਫੀਸ਼ੈਂਸੀ ਵਾਇਰਸ (ਐਚਆਈਵੀ) ਕਾਰਨ ਹੁੰਦੀ ਹੈ। ਬਿਮਾਰੀ ਤੋਂ ਪੀੜਤ ਵਿਅਕਤੀ ਦਾ ਇਮਿਊਨ ਸਿਸਟਮ ਖਰਾਬ ਹੋ ਜਾਂਦਾ ਹੈ ਅਤੇ ਸਰੀਰ ਦੀ ਬਿਮਾਰੀ ਨਾਲ ਲੜਨ ਦੀ ਸਮਰੱਥਾ ਵੀ ਘੱਟ ਜਾਂਦੀ ਹੈ। ਕਈ ਕਾਰਨ ਹਨ ਜਿਨ੍ਹਾਂ ਰਾਹੀਂ ਵਿਅਕਤੀ ਏਡਜ਼ ਤੋਂ ਪ੍ਰਭਾਵਿਤ ਹੋ ਸਕਦਾ ਹੈ। ਇਹਦੇ ਫੈਲਣ ਦੇ ਮੁੱਖ ਕਾਰਣ ਸੂਈਆਂ ਅਤੇ ਸਰਿੰਜਾਂ ਦੀ ਸਾਂਝੀ ਵਰਤੋਂ ਕਰਨਾ, ਐੱਚ.ਆਈ.ਵੀ. ਪ੍ਰਭਾਵਿਤ ਖੂਨ ਜਾਂ ਖੂਨ ਵਾਲੇ ਪਦਾਰਥ ਸ਼ਰੀਰ ਵਿੱਚ ਚੜਾਉਣ ਨਾਲ ਹੁੰਦਾ ਹੈ। ਇਸ ਦੇ ਨਾਲ ਹੀ ਅਸੁਰਖਿਅਤ ਯੌਨ ਸਬੰਧ ਬਣਾਉਣ ਨਾਲ ਅਤੇ ਐੱਚ.ਆਈ.ਵੀ. ਗਰਸਤ ਮਾਂ ਤੋਂ ਉਸਦੇ ਬੱਚੇ ਨੂੰ ਜੜੇਪੇ ਤੋਂ ਪਹਿਲਾਂ, ਉਸ ਦੇ ਦੌਰਾਨ ਜਾਂ ਇੱਕ ਦਮ ਮਗਰੋਂ ਵੀ ਹੋ ਸਕਦਾ ਹੈ। ਬਿਮਾਰੀ ਦੇ ਕੁਝ ਲੱਛਣ ਹਨ ਜਿਨ੍ਹਾਂ ਬਾਰੇ ਤੁਹਾਨੂੰ ਸੁਚੇਤ ਹੋਣਾ ਚਾਹੀਦਾ ਹੈ ਜਿਵੇਂ ਕਿ ਤੇਜ਼ ਬੁਖਾਰ, ਗਲਾ ਦੁਖਣਾ, ਚਮੜੀ ਦੇ ਧੱਫੜ ਪੈਣਾ, ਸਰੀਰ ਵਿੱਚ ਦਰਦ, ਸਿਰ ਦਰਦ ਅਤੇ ਪੇਟ ਵਿੱਚ ਇਨਫੈਕਸ਼ਨ ਆਦਿ।
ਇਸ ਮੌਕੇ ਜਾਣਕਾਰੀ ਦਿੰਦੇ ਬਲਾਕ ਐਕਸਟੈਨਸ਼ਨ ਐਜੂਕੇਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕਈ ਲੋਕਾਂ ਵਿੱਚ ਗ਼ਲਤ ਧਾਰਨਾਵਾਂ ਬਣੀਆਂ ਹਨ ਜਿਹਦੇ ਕਰਕੇ ਏਡਜ਼ ਫੈਲਦਾ ਹੈ ਜੋ ਕਿ ਸਰਾਸਰ ਗ਼ਲਤ ਹੈ ਜਿਵੇਂ ਕਿ ਪ੍ਰਭਾਵਿਤ ਵਿਅਕਤੀ ਨੂੰ ਛੂਹਣ ਨਾਲ ਜਾਂ ਹੱਥ ਮਿਲਾਉਣ ਨਾਲ, ਉਹਦੇ ਦੁਆਰਾ ਵਰਤੇ ਗਏ ਭਾਂਡਿਆਂ ਵਿੱਚ ਖਾਣਾ ਖਾਣ ਨਾਲ ਜਾਂ ਫੇਰ ਉਨ੍ਹਾਂ ਦੁਆਰਾ ਵਰਤੇ ਗਏ ਉਪਕਰਣਾਂ ਦੇ ਇਸਤੇਮਾਲ ਨਾਲ, ਪ੍ਰਭਾਵਿਤ ਵਿਅਕਤੀ ਦੁਆਰਾ ਵਰਤੇ ਗੁਸਲਖਾਨੇ ਜਾਂ ਪਖਾਨੇ ਦੇ ਇਸਤੇਮਾਲ ਕਰਨ ਨਾਲ ਜਾਂ ਫੇਰ ਮੱਛਰ ਦੇ ਕੱਟਣ ਦੇ ਨਾਲ਼ ਏਡਜ਼ ਬਿਲਕੁਲ ਵੀ ਨਹੀਂ ਫੈਲਦਾ ਹੈ। ਬਸ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਕੁਝ ਸਾਵਧਾਨੀਆਂ ਰੱਖੀਏ ਜਿਹਦੇ ਕਰਕੇ ਅਸੀਂ ਇਸ ਏਡਜ਼ ਵਰਗੀ ਖਤਰਨਾਕ ਬਿਮਾਰੀ ਤੋਂ ਬੱਚ ਸਕੀਏ। ਐੱਚਆਈਵੀ ਏਡਜ਼ ਦੇ ਵਿਰੁੱਧ ਰੋਕਥਾਮ ਦੇ ਉਪਾਵਾਂ ਵਿੱਚ ਜਿਨਸੀ ਸੰਬੰਧਾਂ ਦੌਰਾਨ ਸੁਰੱਖਿਆ (ਕੰਡੋਮ) ਦੀ ਵਰਤੋਂ ਕਰਨਾ, ਸੂਈਆਂ, ਬਲੇਡਾਂ ਆਦਿ ਨੂੰ ਦੂਜੇ ਲੋਕਾਂ ਨਾਲ ਸਾਂਝਾ ਕਰਨ ਤੋਂ ਪਰਹੇਜ਼ ਕਰਨਾ ਅਤੇ ਸਰੀਰ ਦੀ ਚੰਗੀ ਪ੍ਰਤੀਰੋਧਕ ਸ਼ਕਤੀ ਬਣਾਉਣਾ, ਸ਼ਾਮਲ ਹਨ। ਪੰਜਾਬ ਸਰਕਾਰ ਵੱਲੋਂ ਏਡਜ਼ ਦੀ ਵਧੇਰੇ ਜਾਣਕਾਰੀ ਲਈ 104 ਟੋਲ ਫ੍ਰੀ ਨੰਬਰ ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਤੇ ਡਾ. ਹਰਕੇਸ਼, ਡਾ. ਅਮਰਿੰਦਰ ਸਿੰਘ, ਡਾ. ਕੁਲਵਰੰਦੀਪ ਸਿੰਘ, ਅਮਨਦੀਪ ਕੁਮਾਰ, ਕੁਲਵੀਰ, ਕਿਰਨਦੀਪ, ਸੋਨੀਆ, ਅੰਮ੍ਰਿਤਪਾਲ, ਕੰਵਲਜੀਤ, ਅਸ਼ਵਨੀ, ਵੰਦਨਾ ਅਤੇ ਕੁਲਵਿੰਦਰ ਕੌਰ ਮੌਜੂਦ ਸਨ।