ਨਵਾਂਸ਼ਹਿਰ 'ਚ ਛੱਤੀਸਗੜ੍ਹ ’ਚ ਕਤਲਾਂ ਵਿਰੁੱਧ ਕੇਂਦਰ ਸਰਕਾਰ ਦਾ ਪੁਤਲਾ ਫੂੰਕਿਆ
ਨਵਾਂਸ਼ਹਿਰ 'ਚ ਛੱਤੀਸਗੜ੍ਹ ’ਚ ਕਤਲਾਂ ਵਿਰੁੱਧ ਕੇਂਦਰ ਸਰਕਾਰ ਦਾ ਪੁਤਲਾ ਫੂੰਕਿਆ
Publish Date: Mon, 24 Nov 2025 05:15 PM (IST)
Updated Date: Mon, 24 Nov 2025 05:16 PM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਨੇ ਛੱਤੀਸਗੜ੍ਹ ਵਿਚ ਕੇਂਦਰ ਸਰਕਾਰ ਵੱਲੋਂ ਆਦਿਵਾਸੀਆਂ ਦੇ ਉਜਾੜੇ ਅਤੇ ਕਮਿਊਨਿਸਟ ਇਨਕਲਾਬੀਆਂ ਅਤੇ ਆਦਿਵਾਸੀਆਂ ਦੇ ਕਤਲਾਂ ਵਿਰੁੱਧ ਵਿਰੋਧ ਪ੍ਰਦਰਸ਼ਨ ਕਰਦਿਆਂ ਨਵਾਂਸ਼ਹਿਰ ਦੇ ਚੰਡੀਗੜ੍ਹ ਚੌਂਕ ਵਿਖੇ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ। ਇਸ ਮੌਕੇ ਕੁਲਵਿੰਦਰ ਸਿੰਘ ਵੜੈਚ, ਦਲਜੀਤ ਸਿੰਘ ਐਡਵੋਕੇਟ ਅਤੇ ਲੇਖਕ ਬੂਟਾ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਆਦਿਵਾਸੀਆਂ ਨੂੰ ਉਜਾੜਨ ਅਤੇ ਕਾਰਪੋਰੇਸ਼ਨਾਂ ਦੇ ਹਵਾਲੇ ਕਰਨ ਦੇ ਉਦੇਸ਼ ਨਾਲ ਇਹ ਦਮਨ ਕਰ ਰਹੀ ਹੈ, ਜਿੱਥੇ ਕਮਿਊਨਿਸਟ ਇਨਕਲਾਬੀਆਂ ਅਤੇ ਆਦਿਵਾਸੀਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰਿਆ ਜਾ ਰਿਹਾ ਹੈ। ਉਨ੍ਹਾਂ ਨੇ ਮਾਓਵਾਦੀ ਕਤਲਾਂ ਦੀ ਨਿਆਂਇਕ ਜਾਂਚ, ਹਿਰਾਸਤ ਵਿੱਚ ਲਏ ਗਏ ਮਾਓਵਾਦੀਆਂ ਨੂੰ ਅਦਾਲਤ ਵਿੱਚ ਪੇਸ਼ ਕਰਨ, ਆਪ੍ਰੇਸ਼ਨ ਖਰਗਰ ਨੂੰ ਖਤਮ ਕਰਨ, ਛੱਤੀਸਗੜ੍ਹ ਤੋਂ ਅਰਧ ਸੈਨਿਕ ਬਲਾਂ ਦੀ ਵਾਪਸੀ, ਆਦਿਵਾਸੀਆਂ ਦੇ ਉਜਾੜੇ ਨੂੰ ਰੋਕਣ ਅਤੇ ਮਾਓਵਾਦੀਆਂ ਨਾਲ ਗੱਲਬਾਤ ਨੂੰ ਅਪਣਾਉਣ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਮਾਓਵਾਦੀਆਂ ਨੂੰ ਮਾਰਨ ਦੇ ਅਪਰਾਧਿਕ ਰਸਤੇ ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਮਾਓਵਾਦੀਆਂ ਨੂੰ ਮਾਰਨ ਦੀਆਂ ਪਹਿਲਾਂ ਵੀ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ, ਪਰ ਨਾ ਤਾਂ ਵਿਚਾਰਧਾਰਾ ਅਤੇ ਨਾ ਹੀ ਮਾਓਵਾਦੀਆਂ ਦਾ ਖਾਤਮਾ ਕੀਤਾ ਹੈ। ਕਾਰਪੋਰੇਟ ਭਾਰਤ ਦੇ ਜੰਗਲਾਂ ਅਤੇ ਪਹਾੜੀ ਖੇਤਰਾਂ ਵਿਚ ਮੌਜੂਦ ਕੀਮਤੀ ਖਣਿਜਾਂ ਦਾ ਲਗਾਤਾਰ ਸ਼ੋਸ਼ਣ ਕਰ ਰਹੇ ਹਨ। ਜਿਸ ਕਾਰਨ ਇਨ੍ਹਾਂ ਜੰਗਲਾਂ ਅਤੇ ਪਹਾੜਾਂ (ਉੱਥੇ ਰਹਿਣ ਵਾਲੇ ਆਦਿਵਾਸੀ ਲੋਕਾਂ ਸਮੇਤ) ਦਾ ਵਿਨਾਸ਼ ਹੋ ਰਿਹਾ ਹੈ। ਕੇਂਦਰ ਸਰਕਾਰ ਘਰੇਲੂ ਅਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੀ ਸੇਵਾ ਕਰਨ ਲਈ ਦੇਸ਼ ਦੇ ਜੰਗਲੀ ਖੇਤਰਾਂ ਵਿਚ ਆਦਿਵਾਸੀ ਲੋਕਾਂ ਤੇ ਅੰਨ੍ਹੇਵਾਹ ਅੱਤਿਆਚਾਰ ਕਰ ਰਹੀ ਹੈ। ਜੋ ਲੋਕ ਇਨ੍ਹਾਂ ਲੋਕਾਂ, ਜੰਗਲਾਂ, ਪਹਾੜਾਂ ਅਤੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਲੜ ਰਹੇ ਹਨ, ਉਨ੍ਹਾਂ ਨੂੰ ਹਰ ਰੋਜ਼ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰਿਆ ਜਾ ਰਿਹਾ ਹੈ, ਸਾਰੀਆਂ ਸੰਵਿਧਾਨਕ, ਜਮਹੂਰੀ ਅਤੇ ਮਨੁੱਖੀ ਅਧਿਕਾਰਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਕਾਰਪੋਰੇਟ ਜਗਤ ਦੀ ਸੇਵਾ ਕਰਨ ਲਈ ਲੋਕਾਂ ਦੇ ਜਮਹੂਰੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ।ਅਵਤਾਰ ਸਿੰਘ ਤਾਰੀ ਅਤੇ ਹਰੀ ਰਾਮ ਰਸੂਲਪੁਰੀ ਨੇ ਵੀ ਸੰਬੋਧਨ ਕੀਤਾ।