ਪੋਸ਼ਣ ਅਭਿਆਨ ਨੂੰ ਮਜ਼ਬੂਤ ਕਰਨ ਲਈ ਸੂਬਾ ਅਤੇ ਰਾਜ ਪੱਧਰੀ ਪਹਿਲਕਦਮੀਆਂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਪੰਜਾਬ ਸਰਕਾਰ ਵੱਲੋਂ ਬੱਚਿਆਂ ਦੇ ਸਰਵਾਂਗੀਣ ਵਿਕਾਸ ਨੂੰ ਯਕੀਨੀ ਬਣਾਉਣ ਲਈ ਅਰਲੀ ਚਾਇਲਡਹੁਡ ਕੇਅਰ ਐਂਡ ਐਜੂਕੇਸ਼ਨ (ਈਸੀਸੀਈ) ਅਤੇ ਸਮੱਗਰੀਕ ਪੋਸ਼ਣ ਯੋਜਨਾ (ਪੋਸ਼ਣ ਅਭਿਆਨ) ਦੇ ਤਹਿਤ ਸੂਬਾ ਅਤੇ ਰਾਜ ਪੱਧਰ ’ਤੇ ਵਿਸ਼ਾਲ ਪੱਧਰੀ ਸਮਰਥਾ ਵਿਕਾਸ ਅਤੇ ਜਾਗਰੂਕਤਾ ਪ੍ਰੋਗਰਾਮ ਅਮਲ ’ਚ ਲਿਆਂਦੇ ਜਾ ਰਹੇ ਹਨ। ਇਸੇ ਕੜੀ ਤਹਿਤ ਮਲੋਟ ਵਿਖੇ ਪੋਸ਼ਣ ਅਭਿਆਨ ਦੇ ਅਧੀਨ ਰਾਜ ਪੱਧਰੀ ਪੋਸ਼ਣ ਜਾਗਰੂਕਤਾ ਅਤੇ ਸਮਰਥਾ ਵਿਕਾਸ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬ ਦੇ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸ਼ਿਰਕਤ ਕੀਤੀ। ਇਹ ਸਮਾਗਮ ਪੋਸ਼ਣ ਵੀ ਪੜਾਈ ਵੀ ਟੀਅਰ-2, ਫੇਜ਼ 2 ਟ੍ਰੇਨਿੰਗ ਪ੍ਰੋਗਰਾਮ ਤਹਿਤ ਕਰਵਾਇਆ ਗਿਆ, ਜਿਸ ਦਾ ਮੁੱਖ ਉਦੇਸ਼ ਜਮੀਨੀ ਪੱਧਰ ’ਤੇ ਕੰਮ ਕਰ ਰਹੇ ਕਰਮਚਾਰੀਆਂ ਦੀ ਸਮਰਥਾ ਨੂੰ ਮਜ਼ਬੂਤ ਕਰਨਾ ਅਤੇ ਪੋਸ਼ਣ ਸੰਬੰਧੀ ਯੋਜਨਾਵਾਂ ਦੀ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਯਕੀਨੀ ਬਣਾਉਣਾ ਸੀ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ’ਤੇ ਇਸ ਵਿਭਾਗ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਪਹਿਲਾਂ ਪੰਜ ਹਜ਼ਾਰ ਆਂਗਣਾੜੀ ਵਰਕਰਾਂ ਦੀ ਭਰਤੀ ਕੀਤੀ ਜਾ ਚੁੱਕੀ ਹੈ ਤੇ ਆਉਣ ਵਾਲੇ ਦਿਨਾਂ ’ਚ ਹੋਰ ਛੇ ਹਜ਼ਾਰ ਆਂਗਣਵਾੜੀ ਤੇ ਹੈਲਪਰ ਭਰਤੀ ਕੀਤੇ ਜਾਣਗੇ। ਇੱਕ ਹਜ਼ਾਰ ਆਂਗਣਵਾੜੀ ਸੈਂਟਰ ਆਧੁਨਿਕ ਤਰੀਕੇ ਦੇ ਬਣਾਏ ਗਏ ਹਨ ਅਤੇ ਹਰੇਕ ਆਂਗਣਵਾੜੀ ਸੈਂਟਰ ’ਤੇ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਇਹ ਸੈਂਟਰ ਸਕੂਲਾਂ ਦੇ ਸਮਾਨ ਹੀ ਕੰਮ ਕਰਨ ਅਤੇ ਇੱਥੇ ਪੜ੍ਹਨ ਆਉਣ ਵਾਲੇ ਬੱਚਿਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਮਾਂ ਅਤੇ ਬੱਚਿਆਂ ਦੀ ਸਿਹਤ, ਪੋਸ਼ਣ ਅਤੇ ਸ਼ੁਰੂਆਤੀ ਸਿੱਖਿਆ ਨੂੰ ਮਜ਼ਬੂਤ ਕਰਨਾ ਪੰਜਾਬ ਸਰਕਾਰ ਦੀ ਪ੍ਰਾਥਮਿਕਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੋਸ਼ਣ ਅਭਿਆਨ ਅਤੇ ਈਸੀਸੀਈ ਦੋਵੇਂ ਇਕ-ਦੂਜੇ ਨਾਲ ਗੂੜ੍ਹੀ ਤਰ੍ਹਾਂ ਜੁੜੀਆਂ ਪਹਿਲਕਦਮੀਆਂ ਹਨ, ਕਿਉਂਕਿ ਸਹੀ ਪੋਸ਼ਣ ਤੋਂ ਬਿਨਾਂ ਬੱਚਿਆਂ ਦਾ ਸਿੱਖਣ ਅਤੇ ਵਿਕਾਸ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ਪੋਸ਼ਣ ਅਭਿਆਨ ਇੱਕ ਬਹੁ-ਵਿਭਾਗੀ ਯੋਜਨਾ ਹੈ, ਜਿਸ ’ਚ ਸਿਹਤ, ਮਹਿਲਾ ਅਤੇ ਬਾਲ ਵਿਕਾਸ, ਸਿੱਖਿਆ, ਪੀਣ ਵਾਲਾ ਪਾਣੀ ਅਤੇ ਸਫਾਈ ਵਰਗੇ ਵਿਭਾਗਾਂ ਦੀ ਸਾਂਝੀ ਭੂਮਿਕਾ ਹੈ। ਉਨ੍ਹਾਂ ਆਂਗਣਵਾੜੀ ਵਰਕਰਾਂ ਦੀ ਭੂਮਿਕਾ ਨੂੰ ਅਹਿਮ ਦੱਸਦਿਆਂ ਕਿਹਾ ਕਿ ਲਗਾਤਾਰ ਟ੍ਰੇਨਿੰਗ ਅਤੇ ਸਮਰਥਾ ਵਿਕਾਸ ਨਾਲ ਹੀ ਯੋਜਨਾਵਾਂ ਦੇ ਲਾਭ ਅਸਲ ਹੱਕਦਾਰਾਂ ਤੱਕ ਪਹੁੰਚ ਸਕਦੇ ਹਨ। ਇਸਦੇ ਨਾਲ ਹੀ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਐਨਈਪੀ-2020 ਅਤੇ ਐਨਸੀਐਫ-ਐਫਐਸ 2022 ਦੇ ਅਨੁਸਾਰ ਈਸੀਸੀਈ ਨੂੰ ਮਜ਼ਬੂਤ ਕਰਨ ਲਈ ਆਂਗਣਵਾੜੀ ਸੁਪਰਵਾਈਜ਼ਰਾਂ ਅਤੇ ਵਰਕਰਾਂ ਲਈ ਵਿਸਤ੍ਰਿਤ ਸੂਬਾ-ਪੱਧਰੀ ਟ੍ਰੇਨਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਹੇਠ 3 ਤੋਂ 6 ਸਾਲ ਦੇ ਬੱਚਿਆਂ ਲਈ ਪਲੇ-ਬੇਸਡ, ਬੱਚਾ-ਕੇਂਦਰਿਤ ਅਤੇ ਵਿਕਾਸਾਤਮਕ ਡੋਮੇਨਾਂ ’ਤੇ ਆਧਾਰਿਤ ਸਿੱਖਿਆ ਲਾਗੂ ਕੀਤੀ ਜਾ ਰਹੀ ਹੈ। ਈਸੀਸੀਈ ਟ੍ਰੇਨਿੰਗ ਲਈ ਕੈਸਕੇਡ ਮਾਡਲ ਅਪਨਾਇਆ ਗਿਆ ਹੈ, ਜਿਸ ਅਧੀਨ ਪਹਿਲਾਂ ਸਟੇਟ ਲੈਵਲ ਮਾਸਟਰ ਟ੍ਰੇਨਰਾਂ ਨੂੰ ਟ੍ਰੇਨ ਕੀਤਾ ਜਾਂਦਾ ਹੈ, ਜੋ ਅੱਗੇ ਚੱਲ ਕੇ ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਆਂਗਣਵਾੜੀ ਵਰਕਰਾਂ ਨੂੰ ਟ੍ਰੇਨ ਕਰਦੇ ਹਨ। ਟ੍ਰੇਨਿੰਗ ਦੌਰਾਨ ਹਫਤਾਵਾਰੀ ਖੇਡ-ਅਧਾਰਤ ਕੈਲੰਡਰ, ਰੋਜ਼ਾਨਾ ਸਮਾਂ-ਸਾਰਣੀ, ਨਿਰੀਖਣ-ਅਧਾਰਤ ਮੁਲਾਂਕਣ ਸਾਧਨ ਅਤੇ ਆਧਾਰਸ਼ਿਲਾ ਪਾਠਕ੍ਰਮ (2024) ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਤਾਂ ਜੋ ਫਾਊਂਡੇਸ਼ਨਲ ਲਿਟਰੇਸੀ ਐਂਡ ਨਿਊਮੇਰੇਸੀ (ਐਫਐਲਐਨ) ਨੂੰ ਮਜ਼ਬੂਤ ਕੀਤਾ ਜਾ ਸਕੇ। ਸਮਾਗਮ ਦੌਰਾਨ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ, ਜ਼ਿਲ੍ਹਾ ਅਤੇ ਬਲਾਕ ਪੱਧਰ ਦੇ ਅਧਿਕਾਰੀਆਂ, ਪੋਸ਼ਣ ਵਿਸ਼ੇਸ਼ ਗਿਆਨ ਅਤੇ ਫੀਲਡ ਪੱਧਰ ’ਤੇ ਕੰਮ ਕਰ ਰਹੇ ਕਰਮਚਾਰੀਆਂ ਨੇ ਭਾਗ ਲਿਆ। ਟ੍ਰੇਨਿੰਗ ਸੈਸ਼ਨਾਂ ਵਿੱਚ ਪੋਸ਼ਣ ਅਭਿਆਨ ਅਤੇ ਈਸੀਸੀਈ ਦੀ ਕਾਰਗੁਜ਼ਾਰੀ, ਡਾਟਾ ਆਧਾਰਿਤ ਨਿਗਰਾਨੀ, ਵਿਹਾਰਕ ਬਦਲਾਅ ਸੰਚਾਰ, ਕਮਿਊਨਿਟੀ ਜਾਗਰੂਕਤਾ ਅਤੇ ਜਮੀਨੀ ਪੱਧਰ ’ਤੇ ਚੁਣੌਤੀਆਂ ਅਤੇ ਹੱਲਾਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਮੌਕੇ ਅਮਰਜੀਤ ਸਿੰਘ ਭੁੱਲਰ ਡਿਪਟੀ ਡਾਇਰੈਕਟਰ ਸਮਾਜਿਕ ਸੁਰੱਖਿਆ ਵਿਭਾਗ, ਡਾ. ਉਰਵਸ਼ੀ ਜੁਆਇੰਟ ਆਡਵਾਈਜ਼ਰ ਪੀਡੀਸੀ, ਰਤਨਦੀਪ ਕੌਰ ਸੰਧੂ, ਰਾਜਵੰਤ ਕੌਰ ਸੀਡੀਪੀਓ ਮਲੋਟ, ਨਿੱਜੀ ਸਹਾਇਕ ਅਰਸ਼ਦੀਪ ਸਿੰਘ, ਗਗਨਦੀਪ ਸਿੰਘ ਔਲਖ, ਲਵ ਬੱਤਰਾ ਅਤੇ ਸਮਸ਼ੇਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ ਹਾਜ਼ਰ ਸਨ।