ਹੈਰੋਇਨ ਸਪਲਾਈ ਚੇਨ ਦਾ ਭੰਡਾਫੋੜ, 510 ਗ੍ਰਾਮ ਹੈਰੋਇਨ ਬਰਾਮਦ
ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਹੈਰੋਇਨ ਸਪਲਾਈ ਚੇਨ ਦਾ ਭੰਡਾਫੋੜ, 510 ਗ੍ਰਾਮ ਹੈਰੋਇਨ ਬਰਾਮਦ
Publish Date: Mon, 17 Nov 2025 05:26 PM (IST)
Updated Date: Mon, 17 Nov 2025 05:28 PM (IST)

ਭੰਵਰਾ\ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜ਼ਿਲ੍ਹੇ ਭਰ ’ਚ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਨੂੰ ਹੋਰ ਤੇਜ਼ ਕੀਤਾ ਗਿਆ ਹੈ। ਐਸਐਸਪੀ ਡਾ. ਅਖਿਲ ਚੌਧਰੀ ਸ੍ਰੀ ਮੁਕਤਸਰ ਸਾਹਿਬ ਨੇ ਸਾਰੇ ਫੀਲਡ ਯੂਨਿਟਾਂ ਨੂੰ ਹਦਾਇਤ ਕੀਤੀ ਹੈ ਕਿ ਨਸ਼ਾ ਤਸਕਰੀ ਦੇ ਨੈੱਟਵਰਕਾਂ ’ਤੇ ਲਗਾਤਾਰ ਦਬਾਅ ਬਣਾਈ ਰੱਖਿਆ ਜਾਵੇ ਅਤੇ ਨਸ਼ਿਆਂ ਦੀ ਤਸਕਰੀ ਨਾਲ ਜੁੜੇ ਹਰ ਤੱਤ ਖ਼ਿਲਾਫ਼ ਕੜੀ ਕਾਰਵਾਈ ਕੀਤੀ ਜਾਵੇ। ਇਨ੍ਹਾਂ ਹਦਾਇਤਾਂ ਅਨੁਸਾਰ, ਸੀਆਈਏ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਇੱਕ ਸੁਚੱਜੀ ਕਾਰਵਾਈ ਦੌਰਾਨ ਇੰਟਰ-ਜ਼ਿਲ੍ਹਾ ਹੈਰੋਇਨ ਸਪਲਾਈ ਚੇਨ ਦਾ ਪਰਦਾਫਾਸ਼ ਕਰਨ ’ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਸੀਆਈਏ ਟੀਮ ਨੇ ਐਸਪੀ (ਡੀ) ਅਤੇ ਡੀਐਸਪੀ (ਡੀ) ਦੀ ਦੇਖ-ਰੇਖ ਹੇਠ ਭਾਈ ਮਹਾ ਸਿੰਘ ਮੈਮੋਰੀਅਲ ਗੇਟ ਨੇੜੇ 02 ਸ਼ੱਕੀ ਨੌਜਵਾਨਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ ਅਤੇ ਉਨ੍ਹਾਂ ਦੇ ਕਬਜ਼ੇ ਤੋਂ 510 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਦੋਵੇਂ ਮੁੱਖ ਮੁਲਜ਼ਮਾਂ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫੜ੍ਹੇ ਗਏ ਵਿਅਕਤੀਆਂ ਅਕਸ਼ੈ ਸਿੰਘ ਉਰਫ ਅਕਸ਼ੈ ਕੁਮਾਰ, ਪੁੱਤਰ ਚਿਮਨ ਸਿੰਘ, ਵਾਸੀ ਪਿੰਡ ਨਵਾਂ ਹਸਤਾ ਕਲਾਂ, ਜਿਲ੍ਹਾ ਫਾਜ਼ਿਲਕਾ ਅਤੇ ਕੁਲਦੀਪ ਸਿੰਘ ਉਰਫ ਫਤਿਹ, ਪੁੱਤਰ ਸੁਰਜੀਤ ਸਿੰਘ, ਵਾਸੀ ਪਿੰਡ ਮੁਹਾਰਕੇ ਦਾ ਮਨਸਾ, ਜਿਲ੍ਹਾ ਫਾਜ਼ਿਲਕਾ ਦੇ ਖਿਲਾਫ਼ ਥਾਣਾ ਸਿਟੀ ਮੁਕਤਸਰ ਵਿਖੇ ਮੁਕੱਦਮਾ ਦਰਜ਼ ਕੀਤਾ ਗਿਆ ਹੈ। ਅਗਲੀ ਜਾਂਚ ਦੌਰਾਨ ਇਸ ਸਪਲਾਈ ਚੇਨ ਦੇ ਫਾਰਵਰਡ ਅਤੇ ਬੈਕਵਰਡ ਲਿੰਕੇਜ ਦੀ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਇਸ ਨੈੱਟਵਰਕ ਨਾਲ ਜੁੜੇ ਹੋਰ ਤੱਤਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਵੀ ਕਾਨੂੰਨ ਦੇ ਕਟਘਰੇ ’ਚ ਲਿਆਂਦਾ ਜਾ ਸਕੇ।ਐਸਐਸਪੀ ਡਾ. ਅਖਿਲ ਚੌਧਰੀ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਪੁਲਿਸ ਜ਼ਿਲ੍ਹੇ ਨੂੰ ਨਸ਼ਾ-ਰਹਿਤ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਨੇ ਜਨਤਾ ਨੂੰ ਅਪੀਲ ਕੀਤੀ ਕਿ ਨਸ਼ਿਆਂ ਨਾਲ ਸਬੰਧਿਤ ਕੋਈ ਵੀ ਸ਼ੱਕੀ ਗਤਿਵਿਧੀ ਤੁਰੰਤ ਪੁਲਿਸ ਨੂੰ ਸੇਵ ਪੰਜਾਬ ਹੈਲਪਲਾਈਨ 97791-00200 ਤੇ ਪੁਲਿਸ ਕੰਟਰੋਲ ਰੂਮ 80549-42100 ਸੂਚਿਤ ਕੀਤੀ ਜਾਵੇ। ਜਨਤਾ ਵੱਲੋਂ ਦਿੱਤੀ ਜਾਣ ਵਾਲੀ ਹਰ ਜਾਣਕਾਰੀ ਨੂੰ ਪੂਰੀ ਗੁਪਤਤਾ ਨਾਲ ਰੱਖਿਆ ਜਾਵੇਗਾ।