ਆਦੇਸ਼ ਨਗਰ ਗਲੀ ਨੰਬਰ 2 ਦਾ ਸੀਵਰੇਜ ਸਾਲਾਂ ਤੋਂ ਬੰਦ
ਆਦੇਸ਼ ਨਗਰ ਗਲੀ ਨੰਬਰ 2 ਦਾ ਸੀਵਰੇਜ ਸਾਲਾਂ ਤੋਂ ਬੰਦ
Publish Date: Mon, 08 Dec 2025 04:19 PM (IST)
Updated Date: Mon, 08 Dec 2025 04:21 PM (IST)

ਸੁਖਦੀਪ ਸਿੰਘ ਗਿੱਲ. ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ :ਚਾਲ੍ਹੀ ਮੁਕਤਿਆਂ ਦੇ ਪਵਿੱਤਰ ਸ਼ਹਿਰ ’ਚ ਕੋਟਕਪੂਰਾ ਰੋਡ ਤੋਂ ਦਾਖਲ ਹੁੰਦਿਆਂ ਹੀ ਸੀਵਰੇਜ ਦਾ ਗੰਦਾ ਪਾਣੀ ਸਵਾਗਤ ਕਰਦਾ ਹੈ। ਆਦੇਸ਼ ਨਗਰ ਗਲੀ ਨੰਬਰ 2 ’ਚ ਸੀਵਰੇਜ ਦਾ ਪਾਣੀ ਭਰਨ ਤੋਂ ਬਾਅਦ ਮੁੱਖ ਸੜਕ ’ਤੇ ਵੀ ਆ ਜਾਂਦਾ ਹੈ ਤੇ ਦੁਕਾਨਾਂ ਅੱਗੇ ਖੜ੍ਹਾ ਰਹਿੰਦਾ ਹੈ। ਇਸਦੀ ਵਜ੍ਹਾ ਹੈ ਕਿ ਸੀਵਰੇਜ ਦੀ ਪਾਇਪ ਬੰਦ ਰਹਿੰਦੀ ਹੈ ਜਿਸ ਕਰਕੇ ਸੜਕ ’ਤੇ ਫਿਰਦੇ ਗੰਦੇ ਪਾਣੀ ’ਚੋਂ ਲੋਕਾਂ ਦਾ ਲੰਘਣਾ-ਟੱਪਣਾ ਔਖਾ ਹੈ। ਗੰਦੇ ਪਾਣੀ ਕਾਰਣ ਰਾਹਗੀਰਾਂ, ਸ਼ਹਿਰ ਵਾਸੀਆਂ ਤੇ ਦੁਕਾਨਦਾਰਾਂ ਦਾ ਬੁਰਾ ਹਾਲ ਹੈ। ਮਹੱਲਾ ਵਾਸੀ ਸੁਖਦੇਵ ਸਿੰਘ, ਡਾ. ਆਰਸੀ ਦੁੱਗਲ, ਅਮਰਜੀਤ ਸਿੰਘ ਨੇ ਦੱਸਿਆ ਕਿ ਗੰਦੇ ਪਾਣੀ ਦੀ ਇਹ ਸਮੱਸਿਆ ਕਈ ਸਾਲਾਂ ਦੀ ਹੈ। ਸਮੱਸਿਆ ਦਾ ਮੁੱਖ ਕਾਰਣ ਇਹ ਹੈ ਕਿ ਪੀਪਲ ਪੈਟਰੋਲ ਪੰਪ ਤੋਂ ਲੈ ਕੇ ਡਾ. ਕੇਹਰ ਸਿੰਘ ਚੌਂਕ ਤੱਕ ਜਿਹੜੀ ਸੀਵਰੇਜ ਪਾਇਪ ਪਾਈ ਹੈ ਉਹ ਬਹੁਤ ਭੀੜੀ ਹੈ ਜਦਕਿ ਅਬਾਦੀ ਬਹੁਤ ਜ਼ਿਆਦਾ ਹੈ। ਇਸ ਕਰਕੇ ਇਹ ਪਾਇਪ ਬੰਦ ਰਹਿੰਦੀ ਹੈ ਤੇ ਪਾਣੀ ਓਵਰਫਲੋਅ ਹੋ ਕੇ ਘਰਾਂ, ਗਲੀਆਂ ਤੇ ਸੜਕਾਂ ’ਤੇ ਫਿਰਦਾ ਰਹਿੰਦਾ ਹੈ। ਲੋਕਾਂ ਦੀ ਮੰਗ ਹੈ ਕਿ ਗਲੀ ਨੰਬਰ 2 ਦਾ ਸੀਵਰੇਜ ਚਾਲੂ ਕੀਤਾ ਜਾਵੇ ਤੇ ਪੀਪਲ ਪੈਟਰੋਲ ਪੰਪ ਤੋਂ ਲੈ ਕੇ ਡਾ. ਕੇਹਰ ਸਿੰਘ ਚੌਂਕ ਤੱਕ ਮੁੱਖ ਸੀਵਰੇਜ ਦੀ ਵੱਡੀ ਪਾਇਪ ਲਾਇਨ ਪਾਈ ਜਾਵੇ। ਇਸ ਦੌਰਾਨ ਕਾਰਜਕਾਰੀ ਇੰਜੀਨੀਅਰ ਜਨ ਸਿਹਤ ਵਿਭਾਗ ਕੇਵਲ ਗਰਗ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਆਦੇਸ਼ ਨਗਰ ਗਲੀ ਨੰਬਰ 2 ਦੇ ਬੰਦ ਪਏ ਸੀਵਰੇਜ ਦੀ ਸਫਾਈ ਕਰਵਾਕੇ ਚਾਲੂ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੀਪਲ ਪੈਟਰੋਲ ਪੰਪ ਤੋਂ ਲੈ ਕੇ ਡਾ. ਕੇਹਰ ਸਿੰਘ ਚੌਂਕ ਤੱਕ ਨਵੀਂ ਪਾਇਪ ਲਾਇਨ ਪਾਉਣ ਲਈ ਵੀ ਯੋਜਨਾ ਬਣਾ ਦਿੱਤੀ ਹੈ ਤੇ ਜਲਦੀ ਹੀ ਪਾ ਦਿੱਤੀ ਜਾਵੇਗੀ।