ਸਫ਼ਾਈ ਕਰਮਚਾਰੀ ਰੇਹੜਾ ਯੂਨੀਅਨ ਨੇ ਮੰਗਾਂ ਨੂੰ ਲੈ ਕੇ ਦਿੱਤਾ ਧਰਨਾ
ਸਫ਼ਾਈ ਕਰਮਚਾਰੀ ਰੇਹੜਾ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤਾ ਧਰਨਾ
Publish Date: Wed, 07 Jan 2026 06:12 PM (IST)
Updated Date: Wed, 07 Jan 2026 06:15 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸਫ਼ਾਈ ਕਰਮਚਾਰੀ ਰਹੇੜਾ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਬੁੱਧਵਾਰ ਨੂੰ ਡੀਸੀ ਦਫ਼ਤਰ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ। ਸਫ਼ਾਈ ਕਰਮਚਾਰੀ ਰਹੇੜਾ ਯੂਨੀਅਨ ਦੇ ਪ੍ਰਧਾਨ ਵਿੱਕੀ ਕੁਮਾਰ ਨੇ ਕਿਹਾ ਕਿ ਉਹ ਘਰ-ਘਰ ਜਾ ਕੇ ਕੂੜਾ ਇਕੱਠਾ ਕਰਦੇ ਹਨ। ਹਾਲਾਂਕਿ, ਹਾਲ ਹੀ ’ਚ ਨਗਰ ਕੌਂਸਲ ਦੇ ਅੰਦਰ ਇੱਕ ਸੁਸਾਇਟੀ ਬਣਾਈ ਗਈ ਸੀ, ਜੋ ਉਨ੍ਹਾਂ ਨੂੰ ਆਪਣੀ ਮਰਜ਼ੀ ਅਨੁਸਾਰ ਡਿਊਟੀਆਂ ਸੌਂਪ ਰਹੀ ਹੈ। ਅਸੀਂ ਇਸਦਾ ਵਿਰੋਧ ਕੀਤਾ। ਐਸਡੀਐਮ ਬਲਜੀਤ ਕੌਰ ਦੀ ਪ੍ਰਧਾਨਗੀ ਹੇਠ ਬਣੀ ਨਵੀਂ ਸੁਸਾਇਟੀ ਕਰਮਚਾਰੀਆਂ ਨੂੰ ਉਨ੍ਹਾਂ ਦੇ ਮੌਜੂਦਾ ਕੰਮ ਤੋਂ ਹਟਾ ਰਹੀ ਸੀ ਅਤੇ ਉਨ੍ਹਾਂ ਦੀ ਜਗ੍ਹਾ ਘੱਟ ਤਨਖਾਹ ਤੇ ਹੋਰ ਵਿਅਕਤੀਆਂ ਨੂੰ ਕੰਮ ’ਤੇ ਰੱਖ ਰਹੀ ਸੀ। ਕਰਮਚਾਰੀਆਂ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਨਿਯਮਿਤ ਤੌਰ ਤੇ ਆਪਣੇ ਖੇਤਰਾਂ ਦੀ ਸਫਾਈ ਕਰ ਰਹੇ ਹਨ, ਸਥਾਨਕ ਲੋਕਾਂ ਨਾਲ ਮਜ਼ਬੂਤ ਸਬੰਧ ਹਨ ਅਤੇ ਇਸੇ ਕਰਕੇ ਸਿਸਟਮ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਉਨ੍ਹਾਂ ਸੁਸਾਇਟੀ ਦੇ ਅਧੀਨ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਇਸਤੋਂ ਬਾਅਦ ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ 28 ਨਵੰਬਰ ਨੂੰ ਮੁਕਤਸਰ ਪਹੁੰਚੇ ਅਤੇ ਸੁਸਾਇਟੀ ਨੂੰ ਭੰਗ ਕਰ ਦਿੱਤਾ। ਹੁਣ, ਲਗਭਗ ਇੱਕ ਮਹੀਨੇ ਬਾਅਦ ਨਗਰ ਕੌਂਸਲ ਦੇ ਅਧਿਕਾਰੀ ਚਲਾਕੀ ਨਾਲ ਸੁਸਾਇਟੀ ਨੂੰ ਬਹਾਲ ਕਰ ਰਹੇ ਹਨ, ਜਿਸਦਾ ਅਸੀਂ ਵਿਰੋਧ ਕਰਦੇ ਹਾਂ। ਇਸਦੇ ਵਿਰੋਧ’ਚ ਉਨ੍ਹਾਂ ਨੇ ਬੁੱਧਵਾਰ ਨੂੰ ਡੀਸੀ ਦਫ਼ਤਰ ਦੇ ਸਾਹਮਣੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਭੀਮ ਕ੍ਰਾਂਤੀ ਸੰਸਥਾ ਦੇ ਸੰਸਥਾਪਕ ਅਸ਼ੋਕ ਮਹਿੰਦਰਾ ਵੀ ਮੌਜੂਦ ਸਨ।