ਆਂਗਣਵਾੜੀ ਵਰਕਰ ਹੈਲਪਰ ਮਾਣਭੱਤੇ ਨੂੰ ਤਰਸੀਆਂ
ਪੰਜਾਬ ਸਰਕਾਰ ਵੱਲੋਂ ਖਜ਼ਾਨੇ ਉੱਤੇ ਬਿਲ ਪਾਸ ਕਰਨ ’ਤੇ ਲਗਾਈ ਹੋਈ ਹੈ ਰੋਕ
Publish Date: Sat, 10 Jan 2026 05:20 PM (IST)
Updated Date: Sat, 10 Jan 2026 05:21 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਅੱਜ ਇੱਥੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ ਦੋ ਜਨਵਰੀ ਤੋਂ ਲੈ ਕੇ ਅੱਜ ਤੱਕ ਪੰਜਾਬ ਸਰਕਾਰ ਨੇ ਖਜ਼ਾਨੇ ਵਿੱਚੋਂ ਬਿੱਲ ਪਾਸ ਕਰਨ ’ਤੇ ਰੋਕ ਲਾਈ ਹੋਈ ਹੈ ਜਿਸ ਕਰਕੇ ਪੰਜਾਬ ਦੇ ਸਮੂਹ ਮੁਲਾਜ਼ਮ ਅਤੇ ਆਗਣਵਾੜੀ ਵਰਕਰਾਂ ਹੈਲਪਰਾਂ ਮਾਣ ਭੱਤੇ ਨੂੰ ਤਰਸ ਰਹੇ ਹਨ। ਉੱਤੋਂ ਲੋਹੜੀ ਦਾ ਤਿਉਹਾਰ ਹੈ ਪਰ ਸਰਕਾਰ ਨੇ ਅਜੇ ਤੱਕ ਖਜ਼ਾਨਿਆਂ ਵਿੱਚੋਂ ਬਿੱਲ ਪਾਸ ਨਹੀਂ ਕੀਤੇ। ਜੋ ਸਰਕਾਰ ਦੀ ਨਿਕੰਮੀ ਨੂੰ ਦਿਖਾਉਂਦਾ ਹੈ, ਇੱਕ ਪਾਸੇ ਸਰਕਾਰ ਵੱਡੀਆਂ ਵੱਡੀਆਂ ਟਾਹਰਾਂ ਮਾਰ ਰਹੀ ਹੈ ਤੇ ਦੂਜੇ ਪਾਸੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ’ਚ ਵੀ ਅਸਫ਼ਲ ਸਿੱਧ ਹੋਈ ਹੈ। ਪੰਜਾਬ ਦੇ ਸਿਰ ’ਤੇ ਲੱਖਾਂ ਕਰੋੜ ਰੁਪਏ ਦਾ ਕਰਜ਼ਾ ਚੜਾਉਣ ਦੇ ਬਾਅਦ ਵੀ ਸਰਕਾਰ ਕੋਲ ਖਜ਼ਾਨੇ ’ਚ ਤਨਖਾਹਾਂ ਨੂੰ ਦੇਣ ਤੱਕ ਦੇ ਪੈਸੇ ਨਹੀਂ। ਹਰਗੋਬਿੰਦ ਕੌਰ ਨੇ ਕਿਹਾ ਕਿ ਸਰਕਾਰ ਖਜ਼ਾਨੇ ਤੋਂ ਤੁਰੰਤ ਰੋਕ ਹਟਾਵੇ ਅਤੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਰਿਲੀਜ ਕਰੇ ਤਾਂ ਜੋ ਉਨ੍ਹਾਂ ਦੇ ਬੱਚੇ ਲੋਹੜੀ ਦੇ ਤਿਉਹਾਰ ਤੇ ਖੁਸ਼ੀਆਂ ਮਨਾ ਸਕਣ। ਉਨ੍ਹਾਂ ਨਾਲ ਇਹ ਵੀ ਮੰਗ ਕੀਤੀ ਕਿ ਸਰਕਾਰ ਸਾਰੇ ਮੁਲਾਜ਼ਮਾਂ ਨੂੰ ਹਰ ਮਹੀਨੇ ਤਨਖਾਹਾਂ ਟਾਈਮ ਸਿਰ ਦੇਣੀਆਂ ਯਕੀਨੀ ਬਣਾਵੇ।