ਕੌਮੀ ਘੋੜਾ ਮੰਡੀ ਪਿੰਡ ਭਲਾਈਆਣਾ ਤੋਂ ਬਦਲਕੇ ਮੁਕਤਸਰ ਕੀਤੀ
ਕੌਮੀ ਘੋੜਾ ਮੰਡੀ ਪਿੰਡ ਭਲਾਈਆਣਾ ਤੋਂ ਬਦਲਕੇ ਮੁਕਤਸਰ ਕੀਤੀ
Publish Date: Mon, 15 Dec 2025 05:22 PM (IST)
Updated Date: Mon, 15 Dec 2025 05:24 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੇਲਾ ਮਾਘੀ ਮੌਕੇ ਲੱਗਣ ਵਾਲੀ ਕੌਮੀ ਘੋੜਾ ਮੰਡੀ ਦੇ ਮੁਕਤਸਰ ਤੋਂ ਬਦਲ ਕੇ ਪਿੰਡ ਭਲਾਈਆਣਾ ਵਿਖੇ ਜਾਣ ਦੀਆਂ ਚਰਚਾਵਾਂ ਉਸ ਵੇਲੇ ਠੱਪ ਹੋ ਗਈਆਂ ਜਦੋਂ ਰਾਜਪਾਲ ਪੰਜਾਬ ਦੇ ਦਖਲ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਥੇ ਹੀ ਲੱਗੇਗੀ। ਇਸ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਆਗੂ ਭਾਈ ਰਾਹੁਲ ਸਿੰਘ ਸਿੱਧੂ ਨੇ ਦੱਸਿਆ ਕਿ ਘੋੜਾ ਪਾਲਕਾਂ ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਗਿਆ ਸੀ ਕਿ ਘੋੜਾ ਮੰਡੀ ਸਿਆਸੀ ਕਾਰਨਾਂ ਕਰਕੇ ਮੁਕਤਸਰ ਤੋਂ ਕਰੀਬ 25 ਕਿਲੋਮੀਟਰ ਦੂਰ ਹਲਕਾ ਗਿਦੜਬਾਹਾ ਦੇ ਪਿੰਡ ਭਲਾਈਆਣਾ ਵਿਖੇ ਤਬਦੀਲੀ ਕਰਵਾਈ ਜਾ ਰਹੀ ਹੈ। ਇਸ ਤਬਦੀਲੀ ਕਾਰਣ ਜਿਥੇ ਘੋੜਾ ਪਾਲਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਣਾ ਸੀ ਉਥੇ ਮੇਲਾ ਮਾਘੀ ਮੌਕੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਨਿਰਾਸ਼ਾ ਹੋਣੀ ਸੀ। ਭਾਈ ਰਾਹੁਲ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਸਿਆਸੀ ਪਾਰਟੀਬਾਜ਼ੀ ਤੋਂ ਉਪਰ ਉਠਕੇ ਇਹ ਮਾਮਲਾ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕੋਲ ਰੱਖਿਆ। ਇਨ੍ਹਾਂ ਬੈਠਕਾਂ ਦੌਰਾਨ ਉਨ੍ਹਾਂ ਘੋੜਾ ਮੰਡੀ ਦਾ ਮੁਕਤਸਰ ਖੇਤਰ ਨਾਲ ਜੁੜਿਆਂ ਦਹਾਕਿਆਂ ਪੁਰਾਣਾ ਪਿਛੋਕੜ ਅਤੇ ਧਾਰਮਿਕ ਮਹੱਤਤਾ ਦੱਸਦਿਆਂ ਇਸਨੂੰ ਖੇਤੀਬਾੜੀ ਦੇ ਸਹਾਇਕ ਧੰਦੇ ਵਜੋਂ ਵਿਕਸਤ ਕਰਨ ਲਈ ਇਸ ਦਾ ਮੁਕਤਸਰ ਵਿਖੇ ਰਹਿਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਪਿੰਡ ਭਲਾਈਆਣਾ ਵਿਖੇ ਇਹ ਮੰਡੀ ਤਬਦੀਲ ਹੋਣ ਨਾਲ ਕੌਮੀ ਪੱਧਰ ’ਤੇ ਪਹਿਚਾਣ ਬਣਾ ਚੁੱਕੀ ਮੁਕਤਸਰ ਦੀ ਘੋੜਾ ਮੰਡੀ ਨੇ ਹੌਲੀ-ਹੌਲੀ ਖਤਮ ਹੋ ਜਾਣਾ ਸੀ ਜਿਸਦਾ ਅਸਰ ਪੰਜਾਬ ਦੇ ਹਜ਼ਾਰਾਂ ਘੋੜਾ ਪਾਲਕ ਕਿਸਾਨਾਂ ਦੀ ਰੋਜ਼ੀ ਰੋਟੀ ’ਤੇ ਪੈਣਾ ਸੀ ਕਿਉਂਕਿ ਸਾਲ ਵਿੱਚ ਦੋ ਵਾਰ ਮੇਲਾ ਮਾਘੀ ਅਤੇ ਦੁਸਹਿਰਾ ਵਿਖੇ ਲੱਗਣ ਵਾਲੀ ਇਸ ਘੋੜਾ ਮੰਡੀ ਨੇ ਕਿਸਾਨਾਂ ਨੂੰ ਪਸ਼ੂ ਪਾਲਣ ਲਈ ਪ੍ਰੇਰਿਤ ਕੀਤਾ ਹੈ। ਇਸ ਲਈ ਰਾਜਪਾਲ ਪੰਜਾਬ ਅਤੇ ਖੇਤੀਬਾੜੀ ਮੰਤਰੀ ਨੇ ਉਨ੍ਹਾਂ ਦੀ ਮੰਗ ਨੂੰ ਸਵੀਕਾਰ ਕਰਦਿਆਂ ਕੌਮੀ ਘੋੜਾ ਮੰਡੀ ਪੱਕੇ ਤੌਰ ’ਤੇ ਮੁਕਤਸਰ ਵਿਖੇ ਹੀ ਲਾਏ ਜਾਣ ਦੀ ਸਹਿਮਤੀ ਦੇ ਦਿੱਤੀ ਹੈ। ਉਨ੍ਹਾਂ ਇਸ ਫੈਸਲੇ ਲਈ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਹੈ। ਇਸਦੇ ਨਾਲ ਹੀ ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਜੈਤੋ ਅਤੇ ਜਗਰਾਓ ਦੀ ਤਰਜ਼ ’ਤੇ ਮੁਕਤਸਰ ਲਾਗਲੇ ਪਿੰਡ ਲੰਬੀ ਢਾਬ ਵਿਖੇ ਠੱਪ ਹੋ ਕੇ ਚੁੱਕੇ ਫੋਕਲ ਪੁਆਇੰਟ ਦੀ ਕਰੀਬ 50 ਏਕੜ ਜ਼ਮੀਨ ਨੂੰ ਪਸ਼ੂ ਪਾਲਣ ਵਿਭਾਗ ਜਾਂ ਪੰਜਾਬ ਮੰਡੀ ਬੋਰਡ ਨੂੰ ਤਬਦੀਲ ਕਰਕੇ ਇੱਥੇ ਪੱਕੀ ਘੋੜਾ ਮੰਡੀ ਬਣਾਈ ਜਾਵੇ।