ਨਗਰ ਕੀਰਤਨ ਦੌਰਾਨ ਗੂੰਜੇ ‘ਬੋਲੇ ਸੋ ਨਿਹਾਲ....’ ਦੇ ਜੈਕਾਰੇ
ਸ੍ਰੀ ਗੁਰੂ ਤੇਗ ਬਹਾਦਰ, ਸਿੱਖ ਭਾਈ ਮਤੀਦਾਸ, ਭਾਈ ਸਤੀਦਾਸ, ਭਾਈ ਦਿਆਲਾ ਦੀ ਸ਼ਹੀਦੀ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
Publish Date: Wed, 19 Nov 2025 05:25 PM (IST)
Updated Date: Wed, 19 Nov 2025 05:28 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸਿੱਖ ਭਾਈ ਮਤੀਦਾਸ ਜੀ, ਭਾਈ ਸਤੀਦਾਸ ਜੀ, ਭਾਈ ਦਿਆਲਾ ਜੀ ਦੀ ਸ਼ਹੀਦੀ ਨੂੰ ਸਮਰਪਿਤ ਤਿੰਨਾਂ ਦਿਨਾਂ ਮਹਾਨ ਸੀਸ ਭੇਟਾ ਦੂਸਰਾ ਗੁਰਮਤਿ ਸਮਾਗਮ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਸ਼ਹੀਦੀ ਦਿਹਾੜੇ ਨੂੰ ਸਪਰਪਿਤ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਬਠਿੰਡਾ ਰੋਡ ਤੋਂ ਪੰਜ ਪਿਆਰਿਆਂ ਦੀ ਅਗਵਾਈ ’ਚ ਵਿਸ਼ਾਲ ਨਗਰ ਕੀਰਤਨ ਸਜਾਇਆ। ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਪਾਲਕੀ ’ਚ ਸ਼ਸੋਭਿਤ ਕੀਤਾ ਗਿਆ ਸੀ। ਇਹ ਨਗਰ ਕੀਰਤਨ ਸ਼ਹਿਰ ਵਿਚੋਂ ਹੁੰਦਾ ਹੋਇਆ ਗੁਰਦੁਆਰਾ ਟਿੱਬੀ ਸਾਹਿਬ ਤੋਂ ਪਿੰਡ ਕਬਰਵਾਲਾ, ਪਿੰਡ ਸੋਹਣੇਵਾਲਾ, ਵਧਾਈ, ਪਿੰਡ ਮੌੜ, ਰਾਮਗੜ੍ਹ ਚੂੰਘਾਂ ਤੋਂ ਪਿੰਡ ਭਾਗਸਰ ਤੋਂ ਬੱਸ ਸਟੈਂਡ ਹੁੰਦੇ ਹੋਏ ਮਲੋਟ ਰੋਡ, ਨਾਕਾ ਨੰਬਰ 4 ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੋਂ ਗੁਰਦੁਆਰਾ ਸਾਹਿਬ ਬਾਬਾ ਜੀਵਨ ਸਿੰਘ ਜੀ ਬਠਿੰਡਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚ ਕੇ ਸੰਪੰਨ ਹੋਇਆ। ਇਸ ਦੌਰਾਨ ਪਾਲਕੀ ’ਚ ਸ਼ਸੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਵੱਡੀ ਗਿਣਤੀ ’ਚ ਸੰਗਤਾਂ ਨਤਮਸਤਕ ਹੋਈਆਂ। ਸੰਗਤਾਂ ਨਾਲ ਨਾਲ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਚਲ ਰਹੀਆਂ ਸਨ। ਨਗਰ ਕੀਰਤਨ ਦੌਰਾਨ ਭਾਈ ਜਤਿੰਦਰ ਸਿੰਘ ਸਹਿਜ ਦੇ ਰਾਗੀ ਜਥੇ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਦਕਿ ਇਕਬਾਲ ਸਿੰਘ ਢਾਡੀ ਜਥੇ ਨੇ ਵਾਰਾਂ ਸੁਣਾਈਆਂ। ਇਸ ਦੌਰਾਨ ਗੱਤਕਾ ਪਾਰਟੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੱਤਕਾ ਅਖਾੜਾ ਅਤੇ ਸ੍ਰੀ ਮੁਕਤਸਰ ਸਾਹਿਬ ਜਥੇਦਾਰ ਹਰਕ੍ਰਿਸ਼ਨ ਸਿੰਘ ਜੀ ਵੱਲੋਂ ਗੱਤਕੇ ਦੇ ਜੌਹਰ ਦਿਖਾਏ ਗਏ। ਵੱਖ ਵੱਖ ਥਾਂਵਾਂ ’ਤੇ ਸ਼ਰਧਾਲੂਆਂ ਵੱਲੋਂ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਕਰਦਿਆਂ ਨਿੱਘਾ ਸਵਾਗਤ ਕੀਤਾ ਗਿਆ। ਇੱਥੇ ਦੱਸ ਦੇਈਏ ਕਿ ਇਸ ਸਬੰਧ ’ਚ 18 ਨਵੰਬਰ ਮੰਗਲਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਛਾਉਣੀ ਨਿਹੰਗ ਸਿੰਘਾਂ 96 ਕਰੋੜੀ ਤਰਨਾਦਲ, ਬਠਿੰਡਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਆਰੰਭ ਹੋਏ ਸੀ ਜਿਨਾਂ ਦੇ ਭੋਗ ਮਿਤੀ 20 ਨਵੰਬਰ ਦਿਨ ਵੀਰਵਾਰ ਨੂੰ ਪਾਏ ਜਾਣਗੇ। ਧਾਰਮਿਕ ਦੀਵਾਨ ਸਜਾਏ ਜਾਣਗੇ। ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ।