ਰਾਜਾ ਵੜਿੰਗ ਦੇ 6 ਹਜ਼ਾਰ ਫਾਈਲਾਂ ਕੱਟਣ ਦੇ ਦੋਸ਼ਾਂ ਨੂੰ ਵਿਧਾਇਕ ਡਿੰਪੀ ਢਿੱਲੋਂ ਨੇ ਨਕਾਰਿਆ
ਵਿਧਾਇਕ ਡਿੰਪੀ ਢਿੱਲੋਂ ਨੇ ਕਿਹਾ ਕੋਈ ਕਮਰਾ ਕਟਵਾਇਆ ਨਹੀਂ 12 ਹਜ਼ਾਰ ਤੋਂ ਵੱਧ ਕਮਰੇ ਮਨਜੂਰ ਕਰਵਾਏ
Publish Date: Wed, 10 Dec 2025 04:26 PM (IST)
Updated Date: Wed, 10 Dec 2025 04:27 PM (IST)

ਜਗਸੀਰ ਸਿੰਘ ਛੱਤਿਆਣਾ. ਪੰਜਾਬੀ ਜਾਗਰਣ ਗਿੱਦੜਬਾਹਾ : ਹਲਕਾ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਆਮ ਆਦਮੀ ਪਾਰਟੀ ਦੇ ਜਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਉਮੀਦਵਾਰਾਂ ਦੇ ਹੱਕ ’ਚ ਚੋਣ ਪ੍ਰਚਾਰ ਦੌਰਾਨ ਹਲਕੇ ਦੇ ਪਿੰਡ ਭਾਰੂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਬੀਤੇ ਦਿਨੀਂ ਹਲਕਾ ਗਿੱਦੜਬਾਹਾ ਦੇ ਵੱਖ ਵੱਖ ਪਿੰਡਾਂ ’ਚ ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਗਰੀਬਾਂ ਲਈ ਆਏ 6 ਹਜ਼ਾਰ ਕਮਰੇ ਮੌਜੂਦਾ ਹਲਕਾ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਕਟਵਾਏ ਜਾਣ ਸਬੰਧੀ ਦਿੱਤੇ ਬਿਆਨ ਦੇ ਜਵਾਬ ’ਚ ਕਿਹਾ ਕਿ ਰਾਜਾ ਵੜਿੰਗ ਇਹ ਸ਼ਰੇਆਮ ਮੇਰੇ ’ਤੇ ਇਲਜਾਮ ਲਗਾ ਰਹੇ ਹਨ ਜਦਕਿ ਅਸਲੀਅਤ ’ਚ ਮੇਰੇ ਵੱਲੋਂ ਹੁਣ ਤੱਕ ਉਕਤ ਯੋਜਨਾ ਤਹਿਤ ਕਰੀਬ 12 ਹਜ਼ਾਰ ਤੋਂ ਵੱਧ ਜਰੂਰਤਮੰਦ ਵਿਅਕਤੀਆਂ ਨੂੰ ਕਮਰੇ ਮਨਜੂਰ ਕਰਵਾ ਕੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਯੋਜਨਾ ਹੈ ਤੇ ਲਿਸਟ ਜਾਣ ਤੋਂ ਬਾਅਦ ਸਾਰਾ ਰਿਕਾਰਡ ਆਨ ਲਾਇਨ ਹੁੰਦਾ ਹੈ ਤੇ ਇਸ ਤੋਂ ਉਪਰੰਤ ਸਬੰਧਿਤ ਵਿਭਾਗ ਦੇ ਅਫ਼ਸਰਾਂ ਵੱਲੋਂ ਇਸ ਦੀ ਜਾਂਚ ਕੀਤੀ ਜਾਂਦੀ ਹੈ ਤੇ ਜੇਕਰ ਜਾਂਚ ਦੌਰਾਨ ਕਿਸੇ ਵੀ ਵਿਅਕਤੀ ਵੱਲੋਂ ਪੇਸ਼ ਕੀਤੇ ਤੱਥ ਸਹੀ ਨਹੀਂ ਹੁੰਦੇ ਤੇ ਗਲਤ ਸਾਬਿਤ ਹੁੰਦੇ ਹਨ ਤਾਂ ਉਸਦਾ ਨਾਮ ਲਿਸਟ ’ਚੋਂ ਕੱਟਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਮਨਜੂਰ ਕਰਵਾਏ ਇੰਨਾਂ ਕਰੀਬ 12 ਹਜ਼ਾਰ ਕਮਰਿਆਂ ਬਾਰੇ ਆਨ ਲਾਇਨ ਕਿਸੇ ਵੀ ਸਮੇਂ ਕੋਈ ਵੀ ਜਾਂਚ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਲੋੜਵੰਦਾਂ ਨੂੰ ਫਾਇਦਾ ਨਾ ਮਿਲ ਸਕੇ ਇਸ ਲਈ ਰਾਜਾ ਵੜਿੰਗ ਨੇ ਆਪਣੇ ਇਕ ਹਿਮਾਇਤੀ ਵਰਕਰ ਰਾਜੂ ਸਿੰਘ ਪੁੱਤਰ ਤੇਜ਼ਾ ਸਿੰਘ ਵਾਸੀ ਚੱਕ ਗਿਲਜੇਵਾਲਾ ਪਾਸੋਂ ਮਾਨਯੋਗ ਹਾਈ ਕੋਰਟ ’ਚ ਇਕ ਪਟੀਸ਼ਨ ਦਾਇਰ ਕਰਵਾਈ ਹੈ, ਜਦੋਂਕਿ ਉਕਤ ਰਾਜੂ ਸਿੰਘ ਦੀ ਘਰਵਾਲੀ ਦਾ ਉਕਤ ਯੋਜਨਾ ਸਬੰਧੀ ਮਿਲਣ ਵਾਲੇ ਕਮਰਿਆਂ ਦੀ ਲਿਸਟ ’ਚ ਨਾਮ ਦਰਜ ਹੈ। ਇਕ ਸਵਾਲ ਦੇ ਜਵਾਬ ’ਚ ਡਿੰਪੀ ਢਿੱਲੋਂ ਨੇ ਕਿਹਾ ਕਿ ਡਾ. ਨਵਜੀਤ ਕੌਰ ਸਿੱਧੂ ਵੱਲੋਂ ਬੀਤੇ ਦਿਨੀਂ ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂਆਂ ਤੇ ਟਿਕਟਾਂ ਵੇਚਣ ਦੇ ਦੋਸ਼ਾਂ ਬਾਰੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਨਾਲ ਹੀ ਉਨ੍ਹਾਂ ਕਿਹਾ ਕਿ ਸਾਲ 2021 ’ਚ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਉਤਾਰਿਆ ਗਿਆ ਸੀ ਤਾਂ ਉਸ ਸਮੇਂ ਨਵਜੋਤ ਸਿੰਘ ਸਿੱਧੂ ਦਾ ਮੁੱਖ ਮੰਤਰੀ ਬਣਨਾ ਲਗਭਗ ਤੈਅ ਸੀ ਪਰੰਤੂ ਉਸ ਸਮੇਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਜਿਸਦੀ ਵਜ੍ਹਾ ਡਾ. ਨਵਜੀਤ ਕੌਰ ਸਿੱਧੂ ਦੇ ਬਿਆਨਾਂ ਤੋਂ ਪਤਾ ਲੱਗਦੀ ਹੈ ਜਿਸ ’ਚ ਉਨ੍ਹਾਂ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਪਾਸ ਮੁੱਖ ਮੰਤਰੀ ਦੇ ਅਹੁਦੇ ਲਈ ਕਥਿਤ ਤੌਰ ਤੇ ਲੋਂੜੀਦੇ 500 ਕਰੋੜ ਰੁਪਏ ਨਹੀਂ ਸਨ।