ਦਿਨ-ਦਿਹਾੜੇ ਘਰ ’ਚੋਂ ਗਹਿਣੇ ਤੇ ਨਕਦੀ ਚੋਰੀ
ਦਿਨ-ਦਿਹਾੜੇ ਘਰੋਂ ਸੋਨੇ-ਚਾਂਦੀ ਦੇ ਗਹਿਣੇ ਤੇ ਪੰਜ ਹਜ਼ਾਰ ਰੁਪਏ ਦੀ ਨਕਦੀ ਚੋਰੀ
Publish Date: Sat, 13 Dec 2025 05:23 PM (IST)
Updated Date: Sat, 13 Dec 2025 05:24 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ
ਸ੍ਰੀ ਮੁਕਤਸਰ ਸਾਹਿਬ : ਨਿਊ ਗਾਰਡਨ ਕਾਲੋਨੀ ਦੇ ਬੁੱੜਾ ਗੁੱਜਰ ਰੋਡ ’ਤੇ ਦਿਨ-ਦਿਹਾੜੇ ਚੋਰਾਂ ਨੇ ਇੱਕ ਬੰਦ ਘਰ ’ਚ ਦਾਖਲ ਹੋ ਕੇ ਨਕਦੀ ਅਤੇ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਬਿਲੀਅਮ ਨੇ ਦੱਸਿਆ ਕਿ ਉਹ ਸਵੇਰੇ 9 ਵਜੇ ਕੰਮ ’ਤੇ ਗਿਆ ਸੀ ਅਤੇ ਬੱਚੇ ਸਕੂਲ ਚਲੇ ਗਏ ਸਨ, ਘਰ ਨੂੰ ਤਾਲਾ ਲੱਗਿਆ ਹੋਇਆ ਸੀ। ਜਦੋਂ ਉਸ ਦੀ ਧੀ ਦੁਪਹਿਰ ਤਿੰਨ ਵਜੇ ਸਕੂਲ ਤੋਂ ਘਰ ਆਈ ਤਾਂ ਉਸ ਨੇ ਦੇਖਿਆ ਕਿ ਦਰਵਾਜ਼ਾ ਅੰਦਰੋਂ ਬੰਦ ਸੀ। ਗੁਆਂਢੀਆਂ ਦੀ ਮਦਦ ਨਾਲ ਉਸ ਨੇ ਦਰਵਾਜ਼ਾ ਖੋਲ੍ਹਿਆ ਅਤੇ ਅੰਦਰ ਜਾ ਕੇ ਦੇਖਿਆ ਕਿ ਕਮਰੇ ਦੀ ਖਿੜਕੀ ਦੀ ਗਰਿੱਲ ਟੁੱਟੀ ਹੋਈ ਸੀ। ਜਦੋਂ ਉਹ ਅੰਦਰ ਗਈ ਤਾਂ ਉਸ ਨੇ ਦੇਖਿਆ ਕਿ ਸਾਰਾ ਸਾਮਾਨ ਖਿੱਲਰਿਆ ਪਿਆ ਸੀ ਅਤੇ ਅਲਮਾਰੀ ’ਚ ਮੈਡੀਕਲ ਟੈਸਟ ਲਈ ਰੱਖੇ ਪੰਜ ਹਜ਼ਾਰ ਰੁਪਏ ਦੀ ਨਕਦੀ ਦੇ ਨਾਲ-ਨਾਲ ਦੋ ਚਾਂਦੀ ਦੀਆਂ ਚੇਨਾਂ ਅਤੇ ਇੱਕ ਸੋਨੇ ਦਾ ਟੌਪਸ ਵੀ ਗਾਇਬ ਸੀ, ਜੋ ਅਣਪਛਾਤੇ ਚੋਰਾਂ ਨੇ ਚੋਰੀ ਕਰ ਲਿਆ ਸੀ। ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਦਿਨ-ਦਿਹਾੜੇ ਚੋਰੀ ਦੀ ਘਟਨਾ ਵਾਪਰੀ। ਪੁਲਿਸ ਨੂੰ ਤੁਰੰਤ ਮੁਲਜ਼ਮਾਂ ਦੀ ਪਛਾਣ ਕਰ ਕੇ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ।