ਪਹਿਲੀ ਵਾਰ ਭਾਜਪਾ ਮਾਘੀ ਮੇਲੇ ’ਤੇ ਆਪਣੇ ਦਮ ’ਤੇ ਕਰੇਗੀ ਸਿਆਸੀ ਕਾਨਫਰੰਸ
ਪਹਿਲੀ ਵਾਰ ਭਾਜਪਾ ਮਾਘੀ ਮੇਲੇ ’ਤੇ ਆਪਣੇ ਦਮ ’ਤੇ ਕਰਗੇ ਸਿਆਸੀ ਕਾਨਫਰੰਸ
Publish Date: Sat, 10 Jan 2026 05:57 PM (IST)
Updated Date: Sat, 10 Jan 2026 06:00 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਹਰਿਆਣਾ, ਮਹਾਰਾਸ਼ਟਰ ਅਤੇ ਬਿਹਾਰ ’ਚ ਸਰਕਾਰਾਂ ਬਣਾਉਣ ਤੋਂ ਬਾਅਦ ਭਾਜਪਾ ਦੇ ਸੀਨੀਅਰ ਆਗੂਆਂ ਨੇ ਹੁਣ ਪੰਜਾਬ ’ਚ ਪਾਰਟੀ ਨੂੰ ਮਜ਼ਬੂਤ ਕਰਨ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਸੁਤੰਤਰ ਤੌਰ ਤੇ ਅੱਗੇ ਵਧਣ ਲਈ ਕਦਮ ਚੁੱਕੇ ਹਨ। ਇਸ ਵਾਰ ਮੇਲਾ ਮਾਘੀ ’ਤੇ 14 ਜਨਵਰੀ ਨੂੰ ਮੁਕਤਸਰ ਵਿਖੇ ਭਾਜਪਾ ਪਹਿਲੀ ਵਾਰ ਆਪਣੇ ਦਮ ਦੇ ਸਿਆਸੀ ਕਾਨਫਰੰਸ ਕਰੇਗੀ। ਸਾਬਕਾ ਕੇਂਦਰੀ ਖੇਡ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਅਨੁਰਾਗ ਠਾਕੁਰ, ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਅਤੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਸਮੇਤ ਪ੍ਰਮੁੱਖ ਸੂਬਾਈ ਨੇਤਾ ਇਸ ਕਾਨਫਰੰਸ ’ਚ ਸ਼ਾਮਲ ਹੋਣਗੇ। ਭਾਜਪਾ ਇਸ ਕਾਨਫਰੰਸ ਰਾਹੀਂ ਪੰਜਾਬ ਦੇ ਲੋਕਾਂ ਮਨਾਂ ਨੂੰ ਜਾਨਣ ਦੀ ਵੀ ਕੋਸ਼ਿਸ਼ ਕਰੇਗੀ ਤਾਂ ਜੋ ਉਹ ਆਪਣੀ ਅਗਲੀ ਰਣਨੀਤੀ ਤੇ ਕੰਮ ਕਰ ਸਕੇ। ਇਹ ਜ਼ਿਕਰਯੋਗ ਹੈ ਕਿ ਪਹਿਲਾਂ ਭਾਜਪਾ ਹਮੇਸ਼ਾ ਪੰਜਾਬ ਵਿੱਚ ਆਪਣੇ ਸਹਿਯੋਗੀ ਸ਼ੋ੍ਮਣੀ ਅਕਾਲੀ ਦਲ ਨਾਲ ਸਟੇਜ ਸਾਂਝੀ ਕਰਦੀ ਰਹੀ ਹੈ। ਸ਼ੋ੍ਮਣੀ ਅਕਾਲੀ ਦਲ ਨਾਲ ਸਮਝੌਤੇ ਦੌਰਾਨ ਲਾਲ ਕ੍ਰਿਸ਼ਨ ਅਡਵਾਨੀ ਸਮੇਤ ਕਈ ਪ੍ਰਮੁੱਖ ਭਾਜਪਾ ਨੇਤਾਵਾਂ ਨੇ ਸਟੇਜ ਸਾਂਝੀ ਕੀਤੀ ਸੀ। ਸ਼ੋ੍ਮਣੀ ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ, ਭਾਜਪਾ ਨੇ ਆਪਣੀ ਪਹਿਲੀ ਰਾਜਨੀਤਿਕ ਕਾਨਫਰੰਸ ਆਪਣੇ ਦਮ ’ਤੇ ਕਰਨ ਦਾ ਫੈਸਲਾ ਕੀਤਾ ਹੈ। ਕਾਨਫਰੰਸ ਨੂੰ ਲੈ ਕੇ ਭਾਜਪਾ ਆਗੂਆਂ ਵੱਲੋਂ ਤਿਆਰੀਆਂ ਜ਼ੋਰਾਂ ’ਤੇ ਚਲ ਰਹੀਆਂ ਹਨ। ਭਾਜਪਾ ਦੇ ਸੂਬਾ ਜਨਰਲ ਸਕੱਤਰ ਦਿਆਲ ਸਿੰਘ ਸੋਢੀ ਨੇ ਦੱਸਿਆ ਕਿ ਇਸ ਕਾਨਫਰੰਸ ਨੂੰ ਅਨੁਰਾਗ ਠਾਕੁਰ, ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ, ਰਵਨੀਤ ਬਿੱਟੂ, ਪੰਜਾਬ ਸੂਬਾ ਪ੍ਰਧਾਨ ਸੁਨੀਲ ਜਾਖੜ, ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਪੰਜਾਬ ਇੰਚਾਰਜ ਨਰਿੰਦਰ ਰੈਣਾ ਅਤੇ ਹੋਰ ਸੂਬਾ ਆਗੂ ਸੰਬੋਧਨ ਕਰਨਗੇ। ਸੋਢੀ ਨੇ ਕਿਹਾ ਕਿ ਇਹ ਕਾਨਫਰੰਸ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਉਤਸ਼ਾਹਿਤ ਕਰੇਗੀ। ਦਿਆਲ ਸੋਢੀ ਨੇ ਆਗੂਆਂ ਨਾਲ ਮੀਟਿੰਗ ਕੀਤੀ ਭਾਜਪਾ ਦੇ ਸੂਬਾ ਜਨਰਲ ਸਕੱਤਰ ਦਿਆਲ ਸਿੰਘ ਸੋਢੀ ਮੁਕਤਸਰ ਪਹੁੰਚੇ ਅਤੇ ਮਲੋਟ ਰੋਡ ਤੇ ਸਥਿਤ ਸੱਤਿਅਮ ਪੈਲੇਸ ਵਿਖੇ ਕਾਨਫਰੰਸ ਸਥਾਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿਆਲ ਸੋਢੀ ਨੇ ਕਿਹਾ ਕਿ ਉਨ੍ਹਾਂ ਨੇ ਮੁਕਤਸਰ ਭਾਜਪਾ ਲੀਡਰਸ਼ਿਪ ਨਾਲ ਮੁਲਾਕਾਤ ਕੀਤੀ ਹੈ ਅਤੇ ਕਾਨਫਰੰਸ ਲਈ ਉਨ੍ਹਾਂ ਦੀਆਂ ਡਿਊਟੀਆਂ ਲਗਾਈਆਂ ਹਨ। ਪਾਰਟੀ ਨੇ ਪਿੰਡ ਪੱਧਰ ਤੇ ਵੀ ਆਗੂਆਂ: ਨੂੰ ਜ਼ਿੰਮੇਵਾਰੀਆਂ ਸੌਂਪੀਆਂ ਹਨ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ, ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਥੇਲਾ ਅਤੇ ਪੁਸ਼ਪਿੰਦਰ ਸਿੰਘ ਭੰਡਾਰੀ ਵੀ ਮੌਜੂਦ ਸਨ। ਸ਼ੋ੍ਮਣੀ ਅਕਾਲੀ ਦਲ ਤੇ ‘ਆਪ’ ਵੀ ਕਰੀ ਕਾਨਫਰੰਸ ਸ੍ਰੋਮਣੀ ਅਕਾਲੀ ਦਲ ਬਾਦਲ ਅਤੇ ਆਮ ਆਦਮੀ ਪਾਰਟੀ (ਆਪ) ਵੀ ਮੁਕਤਸਰ ਵਿੱਚ ਕਾਨਫਰੰਸਾਂ ਕਰ ਰਹੇ ਹਨ। ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਇਸ ਕਾਨਫਰੰਸ ਨੂੰ ਲੈ ਕੇ ਉਤਸ਼ਾਹਿਤ ਦਿਖਾਈ ਦੇ ਰਹੇ ਹਨ ਅਤੇ ਕਾਨੂੰਨ ਵਿਵਸਥਾ ਅਤੇ ਹੋਰ ਮੁੱਦਿਆਂ ਤੇ ਪੰਜਾਬ ਸਰਕਾਰ ਨੂੰ ਘੇਰਨ ਦੀ ਯੋਜਨਾ ਬਣਾ ਰਹੇ ਹਨ। ਇਸ ਦੌਰਾਨ, ਆਪ ਦੇ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਮੁਕਤਸਰ ਆ ਰਹੇ ਹਨ। ਇਹ ਕਾਨਫਰੰਸਾਂ ਪੰਜਾਬ ’ਚ ਰਾਜਨੀਤਿਕ ਸਰਗਰਮੀਆਂ ਵਧਾਉਣਗੀਆਂ। ਸਾਰੀਆਂ ਰਾਜਨੀਤਿਕ ਪਾਰਟੀਆਂ ਮੁਕਤਸਰ ਤੋਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਬਿਗਲ ਵਜਾਉਣਗੀਆਂ।