ਮੇਲਾ ਮਾਘੀ ਦੌਰਾਨ ਫੂਡ ਸੈਂਪਲਿੰਗ ਟੀਮਾਂ ਕਰਨਗੀਆਂ 24 ਘੰਟੇ ਕੰਮ
ਮੇਲਾ ਮਾਘੀ ਦੌਰਾਨ ਖਾਣ-ਪੀਣ ਦੀਆਂ ਵਸਤਾਂ ਦੀ ਜਾਂਚ ਲਈ ਫੂਡ ਸੈਂਪਲਿੰਗ ਟੀਮਾਂ ਕਰਨਗੀਆਂ 24 ਘੰਟੇ ਕੰਮ
Publish Date: Sat, 10 Jan 2026 06:48 PM (IST)
Updated Date: Sat, 10 Jan 2026 06:51 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੇਲਾ ਮਾਘੀ ਦੌਰਾਨ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਮੇਲੇ ਮੌਕੇ ਆਮ ਲੋਕਾਂ ਦੀਆਂ ਖਾਣ-ਪੀਣ ਦੀਆਂ ਵਸਤਾਂ ਦੀ ਜਾਂਚ ਲਈ ਫੂਡ ਸੈਂਪਲਿੰਗ ਟੀਮਾਂ 24 ਘੰਟੇ ਕੰਮ ਕਰਨ ਤਾਂ ਜੋ ਮਿਲਾਵਟ ਵਾਲੀਆਂ ਵਸਤਾਂ ਤੋਂ ਆਮ ਲੋਕਾਂ ਦਾ ਬਚਾਅ ਹੋ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਤੀਹ ਹਜ਼ਾਰ ਲੋਕਾਂ ਲਈ ਖਾਣੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਉਹ ਉੱਚ ਪੱਧਰੀ ਵਧੀਆ ਕੁਆਲਟੀ ਦਾ ਹੋਵੇ ਅਤੇ ਫੂਡ ਸੈਂਪਲਿੰਗ ਟੀਮਾਂ ਵੱਲੋਂ ਖਾਣੇ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਦੇ ਵਾਸੀਆਂ ਖਾਸਕਰ ਮੁਲਾਜ਼ਮਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਸੂਬੇ ਦੇ ਇਸ ਵੱਡੇ ਮੇਲੇ ਦੌਰਾਨ ਸੰਗਤਾਂ ਦੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਾਘੀ ਮੇਲੇ ਦੌਰਾਨ ਸ਼ਹਿਰ ਨੂੰ ਸੱਤ ਸੈਕਟਰਾਂ ਵਿੱਚ ਵੰਡਿਆ ਗਿਆ ਅਤੇ ਹਰ ਸੈਕਟਰ ਵਿੱਚ ਟੀਮਾਂ ਤੋਂ ਇਲਾਵਾ 5 ਮੋਬਾਇਲ ਟੀਮਾਂ ਵੀ ਮੇਲੇ ਦੌਰਾਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦਾ 24 ਘੰਟੇ ਦੌਰਾ ਕਰਨਗੀਆਂ ਅਤੇ ਲੋੜ ਪੈਣ ’ਤੇ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨੀਆਂ ਯਕੀਨੀ ਬਣਾਉਣਗੀਆਂ ਅਤੇ ਹਰੇਕ ਸੈਕਟਰ ਵਿੱਚ 24 ਘੰਟੇ ਇੱਕ ਐਂਬੂਲੈਂਸ ਮੌਜੂਦ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਮੇਲੇ ਦੌਰਾਨ ਜ਼ਿਲ੍ਹਾ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਸਾਰੀਆਂ ਐਮਰਜੈਂਸੀ ਸਿਹਤ ਸਹੂਲਤਾਂ 24 ਘੰਟੇ ਉਪਲੱਬਧ ਰਹਿਣਗੀਆਂ ਅਤੇ ਸਿਵਲ ਸਰਜਨ ਦਫ਼ਤਰ ਵੱਲੋਂ ਸਿਹਤ ਵਿਭਾਗ ਦਾ ਕੰਟਰੋਲ ਰੂਮ ਬਣਾਇਆ ਗਿਆ ਹੈ ਜੋ ਕਿ 24 ਘੰਟੇ ਕਾਰਜਸ਼ੀਲ ਰਹੇਗਾ। ਉਨ੍ਹਾਂ ਕਿਹਾ ਕਿ ਵੀ.ਆਈ.ਪੀਜ਼. ਲਈ ਪ੍ਰੋਟੋਕੋਲ ਅਨੁਸਾਰ ਡਾਕਟਰਾਂ ਦੀਆਂ ਟੀਮਾਂ ਨੂੰ ਰਿਜ਼ਰਵ ਰੱਖਿਆ ਗਿਆ ਹੈ ਅਤੇ ਕਾਨਫ਼ਰੰਸ ਦੀ ਜਗ੍ਹਾ ਨੂੰ ਮੁੱਖ ਰੱਖਦੇ ਹੋਏ ਮੌਕੇ ’ਤੇ ਹੋਰ ਟਰੌਮਾ ਕੇਂਦਰ ਬਣਾਏ ਜਾ ਸਕਦੇ ਹਨ।