ਕਿਰਤੀ ਕਿਸਾਨ ਯੂਨੀਅਨ ਪਿੰਡ ਬੂੜਾ ਗੁੱਜਰ ਦੀ ਕੀਤੀ ਚੋਣ

ਸਟਾਫ ਰਿਪੋਰਟਰ. ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਕਿਰਤੀ ਕਿਸਾਨ ਯੂਨੀਅਨ ਪਿੰਡ ਬੂੜਾ ਗੁੱਜਰ ਇਕਾਈ ਦੀ ਚੋਣ ਕੀਤੀ ਗਈ ਜਿਸ ’ਚ ਸਰਬ ਸੰਮਤੀ ਨਾਲ ਸੁਖਮਿੰਦਰ ਸਿੰਘ ਨੂੰ ਪ੍ਰਧਾਨ, ਸੁਰਿੰਦਰ ਪਾਲ ਸਿੰਘ ਮੀਤ ਪ੍ਰਧਾਨ, ਬਲਵਿੰਦਰ ਸਿੰਘ ਖਜ਼ਾਨਚੀ, ਧਰਮਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਗੁਰਮੇਲ ਸਿੰਘ ਪ੍ਰੈਸ ਸਕੱਤਰ, ਗੁਰਮੇਲ ਸਿੰਘ ਸਲਾਹਕਾਰ ਤੋਂ ਇਲਾਵਾ ਸੁਖਵਿੰਦਰ ਸਿੰਘ, ਹਰਭਜਨ ਸਿੰਘ, ਰਾਜਦੀਪ ਸਿੰਘ, ਵਿਸਾਖਾ ਸਿੰਘ, ਜਸਪਾਲ ਸਿੰਘ, ਬਲਵਿੰਦਰ ਸਿੰਘ, ਗੁਰਤੇਜ ਸਿੰਘ, ਜਸਵੀਰ ਸਿੰਘ, ਚਾਨਣ ਸਿੰਘ ਨੂੰ ਮੈਂਬਰ ਚੁਣਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਬਲਜੀਤ ਸਿੰਘ ਲੰਡੇ ਰੋਡੇ, ਜਿਲ੍ਹਾ ਆਗੂ ਦਵਿੰਦਰ ਸਿੰਘ ਲੁਬਾਣਿਆਂਵਾਲੀ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਿਛਲੇ ਦਿਨੀਂ ਬਿਜਲੀ ਸੋਧ ਬਿਲ 2025 ਲਿਆਂਦਾ ਗਿਆ ਜੇਕਰ ਇਹ ਕਾਨੂੰਨ ਬਣ ਜਾਂਦਾ ਹੈ ਤਾਂ ਇਸ ਦਾ ਮਾਰੂ ਅਸਰ ਸਮੁੱਚੇ ਸਮਾਜ ਦੇ ਲੋਕਾਂ ’ਤੇ ਪਵੇਗਾ ਕਿਉਂਕਿ ਨਿੱਜੀ ਕੰਪਨੀਆਂ ਉੱਚੀਆਂ ਦਰਾਂ ’ਤੇ ਬਿਜਲੀ ਵੇਚ ਕੇ ਲੋਕਾਂ ਦੀ ਅਥਾਹ ਲੁੱਟ ਕਰਨਗੀਆਂ, ਬਿਜਲੀ ਦਾ ਬਿੱਲ ਚੁਕਾਉਣਾ ਆਮ ਲੋਕਾਂ ਦੇ ਵੱਸ ਦਾ ਰੋਗ ਨਹੀਂ ਰਹਿ ਜਾਵੇਗਾ। 1948 ਦੇ ਕਾਨੂੰਨ ਮੁਤਾਬਿਕ ਆਮ ਲੋਕਾਂ ਨੂੰ ਮਿਲਦੀ ਕਰੋਸ ਸਬਸਿਡੀ ਤੇ 300 ਯੂਨਿਟ ਤੱਕ ਮਿਲਦੀ ਸਬਸਿਡੀ ਬੰਦ ਹੋ ਜਾਵੇਗੀ। ਬਿਜਲੀ ਮੀਟਰ ਨੂੰ ਰੀਚਾਰਜ ਕਰਾਉਣਾ ਆਮ ਲੋਕਾਂ ਦੇ ਵੱਸ ਦਾ ਰੋਗ ਨਹੀਂ ਰਹਿ ਜਾਵੇਗਾ। ਉਨ੍ਹਾਂ ਕਿਹਾ ਕਿ ਬਿਜਲੀ ਸੋਧ ਬਿਲ 2025 ਨੂੰ ਰੱਦ ਕਰਾਉਣ ਲਈ ਸਾਰੇ ਵਰਗਾਂ ਦੇ ਲੋਕਾਂ ਨੂੰ ਇਕੱਠੇ ਹੋ ਕੇ ਤਿੰਨ ਕਾਨੂੰਨ ਰੱਦ ਕਰਾਉਣ ਵਾਂਗ ਵੱਡਾ ਅੰਦੋਲਨ ਖੜਾ ਕਰਨਾ ਪਵੇਗਾ। ਇਸ ਮੌਕੇ ਸੰਬੋਧਨ ਕਰਦਿਆਂ ਬਲਾਕ ਗੁਰਮੀਤ ਸਿੰਘ ਸੰਗਰਾਣਾ ਤੇ ਕਿਸਾਨ ਆਗੂ ਜਸਪਾਲ ਸਿੰਘ ਬੂੜਾ ਗੁੱਜਰ ਨੇ ਕਿਹਾ ਵੱਡੀਆਂ ਕੰਪਨੀਆਂ ਨੂੰ ਬੀਜਾਂ ਤੇ ਕੀਟਨਾਸ਼ਕਾਂ ਦੇ ਬਜ਼ਾਰ ’ਤੇ ਪੂਰੀ ਤਰ੍ਹਾਂ ਕਬਜ਼ਾ ਕਰਵਾਉਣ ਲਈ ਮੋਦੀ ਸਰਕਾਰ ਵੱਲੋਂ ਬੀਜ ਬਿੱਲ ਲਿਆਂਦਾ ਗਿਆ ਹੈ ਜਿਸ ਨਾਲ ਕਿਸਾਨੀ ਪੂਰੀ ਤਰ੍ਹਾਂ ਤਬਾਹ ਹੋ ਜਾਵੇਗੀ ਕਿਉਂਕਿ ਬਿਲ ’ਚ ਸਾਫ ਲਿਖਿਆ ਹੋਇਆ ਕਿ ਜੇਕਰ ਬੀਜ ਕਰਨ ਫਸਲ ਦਾ ਨੁਕਸਾਨ ਹੁੰਦਾ ਹੈ ਤਾਂ ਕੰਪਨੀ ਦੀ ਕੋਈ ਜਿੰਮੇਵਾਰੀ ਨਹੀਂ ਹੈ ਅਸਲ ’ਚ ਸਰਕਾਰ ਦੀ ਮਨਸ਼ਾ ਕਿਸਾਨਾਂ ਨੂੰ ਖੇਤੀ ’ਚੋਂ ਬਾਹਰ ਕਰਨਾ ਹੈ ਤੇ ਜਮੀਨਾਂ ਨੂੰ ਵੱਡੇ ਕਾਰਪਰੇਟ ਘਰਾਣੇ ਦੇ ਹਵਾਲੇ ਕਰਨਾ ਹੈ। ਆਗੂਆਂ ਨੇ ਕਿਹਾ ਕਿ 8 ਦਸੰਬਰ ਨੂੰ ਬਿਜਲੀ ਸੋਧ ਬਿਲ 2025 ਤੇ ਬੀਜ ਬਿੱਲ ਦੀਆਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਾਪੀਆਂ ਸਾੜੀਆਂ ਜਾਣਗੀਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੋਹੇ ਬਿੱਲਾਂ ਨੂੰ ਰੱਦ ਕਰਾਉਣ ਲਈ ਵੱਡੀ ਗਿਣਤੀ ’ਚ ਧਰਨਿਆਂ ’ਚ ਸ਼ਮੂਲੀਅਤ ਕੀਤੀ ਜਾਵੇ। ਅੰਤ ’ਚ ਕਿਸਾਨ ਆਗੂਆਂ ਨੇ ਲੋਕਾਂ ਨੂੰ ਕਿਹਾ ਆਪਣੀਆਂ ਹੱਕੀ ਮੰਗਾਂ ਮਸਲੇ ਹੱਲ ਕਰਾਉਣ ਲਈ ਸਰਕਾਰਾਂ ’ਤੇ ਝਾਕ ਰੱਖਣ ਦੀ ਬਜਾਏ ਜਥੇਬੰਦਕ ਤਾਕਤ ਨੂੰ ਮਜਬੂਤ ਕਰਨਾ ਸਮੇਂ ਦੀ ਲੋੜ ਹੈ।