ਗਲ਼ੀ ਨਾ ਬਣਾਉਣ ਦੇ ਰੋਸ ’ਚ ਵੋਟਾਂ ਦਾ ਬਾਈਕਾਟ
ਗਲੀ ਨਾ ਬਣਾਉਣ ਦੇ ਰੋਸ ’ਚ ਵੋਟਾਂ ਦਾ ਬਾਈਕਾਟ
Publish Date: Wed, 10 Dec 2025 06:10 PM (IST)
Updated Date: Wed, 10 Dec 2025 06:12 PM (IST)

ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਦੋਦਾ : ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੇ ਗਰਮ ਮਾਹੌਲ ’ਚ ਜਿੱਥੇ ਵੱਖ-ਵੱਖ ਪਾਰਟੀਆਂ ਵੱਲੋਂ ਤਿਆਰੀਆਂ ਪੂਰੇ ਜ਼ੋਰਾਂ ’ਤੇ ਚੱਲ ਰਹੀਆਂ ਹਨ, ਉੱਥੇ ਦੋਦਾ ਪਿੰਡ ਦੀ ਇੱਕ ਗਲੀ ਦੇ ਵਸਨੀਕਾਂ ਨੇ ਵੋਟਾਂ ਦਾ ਖੁੱਲ੍ਹਾ ਵਿਰੋਧ ਸ਼ੁਰੂ ਕਰ ਦਿੱਤਾ ਹੈ। ਗਲੀ ਦੇ ਬਾਹਰ ਪੋਸਟਰ ਲਗਾ ਕੇ ਉਨ੍ਹਾਂ ਨੇ ਲੀਡਰਾਂ ਦੇ ਦਾਖ਼ਲੇ ’ਤੇ ਪਾਬੰਦੀ ਦਾ ਐਲਾਨ ਕਰ ਦਿੱਤਾ ਹੈ। ਜਾਣਕਾਰੀ ਦਿੰਦਿਆਂ ਸਾਬਕਾ ਬਲਾਕ ਸੰਮਤੀ ਮੈਂਬਰ ਬਲਦੇਵ ਸਿੰਘ, ਟੇਕ ਸਿੰਘ, ਜਗਸੀਰ ਸਿੰਘ, ਅਜੇ ਸਿੰਘ, ਸੁਰਿੰਦਰ ਸਿੰਘ, ਵਰਿੰਦਰ ਸਿੰਘ, ਬਿੰਦਾ ਸਿੰਘ, ਹਰਜਿੰਦਰ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਲਗਭਗ ਵੀਹ ਸਾਲਾਂ ਤੋਂ ਉਨ੍ਹਾਂ ਦੀ ਗਲੀ ਨਹੀਂ ਬਣਾਈ ਗਈ। ਹਰ ਚੋਣ ਤੋਂ ਪਹਿਲਾਂ ਵਾਅਦੇ ਕੀਤੇ ਜਾਂਦੇ ਹਨ ਪਰ ਚੋਣਾਂ ਖ਼ਤਮ ਹੋਣ ਮਗਰੋਂ ਕੋਈ ਵੀ ਅਧਿਕਾਰੀ ਜਾਂ ਲੀਡਰ ਉਨ੍ਹਾਂ ਦੀ ਸਾਰ ਨਹੀਂ ਲੈਂਦਾ। ਗਲੀ ਵਾਸੀਆਂ ਨੇ ਸਪਸ਼ਟ ਕਿਹਾ ਕਿ ਉਹ ਵੋਟਾਂ ਦਾ ਵਿਰੋਧ ਕਰਨਗੇ ਤੇ ਕਿਸੇ ਵੀ ਪਾਰਟੀ ਦੇ ਲੀਡਰ ਨੂੰ ਗਲੀ ਵਿੱਚ ਨਹੀਂ ਆਉਣ ਦੇਣਗੇ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ, ਕਾਂਗਰਸ ਤੇ ਆਮ ਆਦਮੀ ਪਾਰਟੀ ਸਾਰੇ ਨੇ ਉਨ੍ਹਾਂ ਨੂੰ ਸਿਰਫ਼ ਲਾਰੇ ਲਾਏ ਹਨ ਪਰ ਕੰਮ ਇੱਕ ਵੀ ਨਹੀਂ ਹੋਇਆ। ਲੋਕਾਂ ਨੇ ਰੋਸ ਜ਼ਾਹਰ ਕਰਦਿਆਂ ਇਹ ਵੀ ਕਿਹਾ ਕਿ ਉਨਾਂ ਨੇ ਹਰਦੀਪ ਡਿੰਪੀ ਢਿੱਲੋਂ ਨੂੰ ਵੋਟਾਂ ਪਾਈਆਂ ਸਨ, ਪਰ ਉਨ੍ਹਾਂ ਵੱਲੋਂ ਵੀ ਕੋਈ ਸੁਣਵਾਈ ਨਹੀਂ ਕੀਤੀ ਗਈ। ਗਲੀ ਵਾਸੀਆਂ ਦੇ ਖੁੱਲ੍ਹੇ ਵਿਰੋਧ ਕਾਰਨ ਚੋਣਾਂ ਦੇ ਮਾਹੌਲ ’ਚ ਨਵੀਂ ਚਰਚਾ ਸ਼ੁਰੂ ਹੋ ਗਈ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਜਦ ਤੱਕ ਗਲੀ ਨਹੀਂ ਬਣਾਈ ਜਾਂਦੀ ਉਨ੍ਹਾਂ ਦਾ ਵਿਰੋਧ ਜਾਰੀ ਰਹੇਗਾ।