ਬੀਕੇਯੂ ਉਗਰਾਹਾਂ ਦਾ ਅਣਮਿਥੇ ਸਮੇਂ ਦਾ ਧਰਨਾ 6ਵੇਂ ਦਿਨ ’ਚ ਦਾਖਲ
ਬੀਕੇਯੂ ਉਗਰਾਹਾਂ ਦਾ ਅਣਮਿਥੇ ਸਮੇਂ ਦਾ ਧਰਨਾ 6ਵੇਂ ਦਿਨ ’ਚ ਦਾਖਲ
Publish Date: Sun, 23 Nov 2025 05:22 PM (IST)
Updated Date: Sun, 23 Nov 2025 05:25 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਇੱਥੋਂ ਦੇ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਸ਼ੁਰੂ ਕੀਤਾ ਅਣਮਿਥੇ ਸਮੇਂ ਦਾ ਧਰਨਾ ਐਤਵਾਰ ਨੂੰ 6ਵੇਂ ਦਿਨ ’ਚ ਦਾਖਲ ਹੋ ਗਿਆ ਹੈ। ਮੰਗਾਂ ਨਾ ਮੰਨੇ ਜਾਣ ’ਤੇ ਧਰਨਾਕਾਰੀਆਂ ’ਚ ਰੋਸ ਦਿਨੋ-ਦਿਨ ਵੱਧਦਾ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ’ਚ ਇਹ ਸੰਘਰਸ਼ ਹੋਰ ਤਿੱਖਾ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅੱਜ ਦੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਬੀਕੇਯੂ ਉਗਰਾਹਾਂ ਦੇ ਆਗੂਆਂ ਬਲਵਿੰਦਰ ਸਿੰਘ ਮੱਤਾ, ਕਾਕਾ ਸਿੰਘ ਖੁੰਡੇ ਹਲਾਲ, ਨਿਰਮਲ ਸਿੰਘ ਜਿਉਣਵਾਲਾ, ਹਰਬੰਸ ਸਿੰਘ ਕੋਟਲੀ, ਗੁਰਭਗਤ ਸਿੰਘ ਭਲਾਈਆਣਾ, ਤਰਸੇਮ ਸਿੰਘ ਖੁੰਡੇ ਹਲਾਲ, ਹਰਪਾਲ ਸਿੰਘ ਧੂਲਕੋਟ, ਗੁਰਸੇਵਕ ਸਿੰਘ ਲੰਬੀ, ਸਤਪਾਲ ਸਿੰਘ ਜੈਤੋ ਬਲਾਕ ਦੇ ਆਗੂ ਨੇ ਆਖਿਆ ਕਿ ਜਿਸ ਮੁਆਵਜ਼ੇ ਦੀਆਂ ਮੰਗਾਂ ਦੀ ਪੂਰਤੀ ਲਈ ਧਰਨਾ ਲਾਇਆ ਜਾ ਰਿਹਾ ਹੈ ਉਹ ਸਾਰੀਆਂ ਮੰਗਾਂ ਇਸਤੋਂ ਪਹਿਲਾਂ ਵੀ ਬੀਕੇਯੂ ਉਗਰਾਹਾਂ ਵੱਲੋਂ ਸਰਕਾਰ ਤੋਂ ਮਨਵਾਈਆਂ ਤੇ ਲਾਗੂ ਕਰਵਾਈਆਂ ਹਨ, ਜਿਸਦੀਆਂ ਦਰਜਨਾਂ ਉਦਾਹਰਣਾਂ ਹਨ। ਇੱਥੇ ਜ਼ਿਕਰਯੋਗ ਹੈ ਕਿ ਸਰਹੱਦ ਨੇੜਲੇ ਹੜ੍ਹ ਪੀੜਿਤ ਪਿੰਡਾਂ ਦੇ ਕਿਸਾਨਾਂ ਨੂੰ ਕਣਕ ਦਾ ਬੀਜ ਵੰਡ ਕੇ ਪਰਤਦਿਆਂ ਹਾਦਸੇ ’ਚ ਲੋਕ ਹਿਤ ਵਿੱਚ ਜਾਨ ਲਗਾਉਣ ਵਾਲੇ ਬਲਾਕ ਕੋਟਕਪੂਰਾ ਦੇ ਆਗੂ ਹਰਜੀਤ ਸਿੰਘ ਦੇ ਪਰਿਵਾਰ ਤੇ ਗੰਭੀਰ ਜ਼ਖਮੀ ਕਿਸਾਨ ਆਗੂ ਬਲਵੰਤ ਸਿੰਘ ਨੰਗਲ ਨੂੰ ਇਨਸਾਫ਼ ਦਿਵਾਉਣ ਲਈ ਕਿਸਾਨਾਂ ਦਾ ਅਣਮਿਥੇ ਸਮੇਂ ਦਾ ਧਰਨਾ ਚਲ ਰਿਹਾ ਹੈ। ਆਪਣੇ ਵਿਛੜੇ ਸਾਥੀ ਦੇ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ, ਕਰਜ਼ਾ ਮੁਆਫ਼ੀ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿਵਾਉਣ, ਗੰਭੀਰ ਜ਼ਖਮੀ ਕਿਸਾਨ ਦਾ ਸਰਕਾਰੀ ਖਰਚੇ ਤੇ ਮੁਕੰਮਲ ਇਲਾਜ ਕਰਵਾਉਣ ਤੇ ਹਾਦਸੇ ਦੀ ਨਿਰਪੱਖ ਜਾਂਚ ਕਰਕੇ ਕਾਨੂੰਨੀ ਕਾਰਵਾਈ ਕਰਵਾਉਣ ਲਈ ਅੰਨ ਦਾਤੇ ਪਿਛਲੇ 6 ਦਿਨਾਂ ਤੋਂ ਡੀਸੀ ਦਾ ਦਰ ਮੱਲ ਕੇ ਬੈਠੇ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਲੋਕ ਹਿੱਤ ’ਚ ਜਾਨ ਲਾਉਣ ਵਾਲੇ ਕਿਸਾਨਾਂ ਦੀ ਧਰਨੇ ਜਾਂ ਹਾਦਸੇ ’ਚ ਮੌਤ ਉਪਰੰਤ ਪੀੜਤ ਪਰਿਵਾਰ ਲਈ 10 ਲੱਖ ਦਾ ਮੁਆਵਜ਼ਾ, ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ, ਪਰਿਵਾਰ ਦਾ ਸਾਰਾ ਕਰਜ਼ਾ ਮੁਆਫ ਕਰਨਾ ਅਤੇ ਜ਼ਖਮੀਆਂ ਦਾ ਸਰਕਾਰੀ ਖਰਚੇ ਤੇ ਇਲਾਜ ਕਰਾਉਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰਹੇਗਾ ਤੇ ਆਉਣ ਵਾਲੇ ਦਿਨਾਂ ’ਚ ਸੂਬਾ ਕਮੇਟੀ ਦੀ ਸ਼ਮੂਲੀਅਤ ਵੀ ਹੋਵੇਗੀ। ਇਸ ਮੌਕੇ ਵੱਡੀ ਗਿਣਤੀ ’ਚ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।